ਨਕਲੀ ਆਈ. ਪੀ. ਐੱਸ. ਅਧਿਕਾਰੀ ਬਣ ਕੇ ਲੋਕਾਂ ''ਤੇ ਧੌਂਸ ਜਮਾਉਣ ਵਾਲਾ ਗ੍ਰਿਫਤਾਰ

02/14/2018 6:17:42 AM

 ਲੁਧਿਆਣਾ(ਮਹੇਸ਼)-ਪਿਛਲੇ ਡੇਢ ਸਾਲ ਤੋਂ ਆਪਣੇ-ਆਪ ਨੂੰ ਯੂ. ਪੀ. ਕੇਡਰ ਦਾ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਪੁਲਸ ਅਤੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲਾ ਨੌਸਰਬਾਜ਼ ਰੁਪਿੰਦਰ ਸਿੰਘ ਮਾਨ ਹਵਾਲਾਤ ਵਿਚ ਪੁੱਜ ਗਿਆ ਹੈ। ਉਸ ਨੇ ਇਹ ਸਾਰਾ ਡਰਾਮਾ ਆਪਣੇ ਰਿਸ਼ਤੇਦਾਰਾਂ ਅਤੇ ਲੋਕਾਂ 'ਤੇ ਧੌਂਸ ਜਮਾਉਣ ਲਈ ਕੀਤਾ ਸੀ। ਉਸ ਕੋਲੋਂ ਪੁਲਸ ਦੀਆਂ 3 ਵਰਦੀਆਂ, 2 ਬੱਤੀਆਂ, ਆਈ. ਪੀ. ਐੱਸ. ਦੇ ਬੈਚ, ਮੋਢੇ 'ਤੇ ਲੱਗਣ ਵਾਲੇ ਸਟਾਰ, ਨੇਮ ਪਲੇਟ, 2 ਸਟਿੱਕਸ, 32 ਬੋਰ ਦੀ ਰਿਵਾਲਵਰ, 25 ਜ਼ਿੰਦਾ ਕਾਰਤੂਸ, ਪਾਸਪੋਰਟ, ਕਿਰਚ, ਕਿਰਪਾਨ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਦੋਸ਼ੀ ਕੋਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਖਿੱਚਵਾਈਆਂ ਗਈਆਂ ਫੋਟੋਆਂ ਵੀ ਮਿਲੀਆਂ ਹਨ। ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀ ਰੁਪਿੰਦਰ ਜੋਧੇਵਾਲ ਦੇ ਇੰਦਰਾ ਕਾਲੋਨੀ ਇਲਾਕੇ ਦਾ ਰਹਿਣ ਵਾਲਾ ਹੈ, ਜਦੋਂਕਿ ਇਸ ਤੋਂ ਪਹਿਲਾਂ ਉਹ ਸਲੇਮ ਟਾਬਰੀ ਦੇ ਸਰਦਾਰ ਨਗਰ ਇਲਾਕੇ ਵਿਚ ਰਿਹਾ ਕਰਦਾ ਸੀ। ਉਸ ਦੇ ਪਾਸਪੋਰਟ ਵਿਚ ਉਸ ਦਾ ਸਿੱਖਿਆ ਪੱਧਰ 8ਵੀਂ ਪਾਸ ਦਰਜ ਹੈ, ਜਦੋਂਕਿ ਉਹ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਲੁਧਿਆਣਾ ਦੇ ਵਿੱਦਿਆ ਕੈਰੀਅਰ ਤੋਂ ਓਪਨ ਸਟੱਡੀ ਵਿਚ ਬੀ. ਕਾਮ. ਕੀਤੀ ਹੈ। ਲਾਂਬਾ ਨੇ ਦੱਸਿਆ ਕਿ ਇਹ ਆਪਣੇ-ਆਪ ਨੂੰ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਥਾਣੇ, ਚੌਕੀਆਂ ਅਤੇ ਅਫਸਰਾਂ ਵਿਚ ਜਾ ਕੇ ਪੁਲਸ ਨੂੰ ਧੋਖਾ ਦੇ ਚੁੱਕਾ ਹੈ। ਪੁਲਸ ਨੂੰ ਜਦੋਂ ਇਸ ਦੀ ਅਸਲੀਅਤ ਦੀ ਭਿਣਕ ਪਈ ਤਾਂ ਜਾਂਚ-ਪੜਤਾਲ ਸ਼ੁਰੂ ਕੀਤੀ, ਜਿਸ ਨਾਲ ਇਸ ਦਾ ਭਾਂਡਾ ਭੱਜ ਗਿਆ ਅਤੇ ਇਸ ਨੂੰ ਸੋਮਵਾਰ ਰਾਤ ਨੂੰ ਸਲੇਮ ਟਾਬਰੀ ਦੇ ਮੁਖੀ ਇੰਸਪੈਕਟਰ ਵਿਜੇ ਕੁਮਾਰ ਦੀ ਟੀਮ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਇਹ ਦਿੱਲੀ ਤੋਂ ਵਾਪਸ ਪਰਤ ਰਿਹਾ ਸੀ, ਜਿਸ ਤੋਂ ਬਾਅਦ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਉਕਤ ਸਾਮਾਨ ਬਰਾਮਦ ਹੋਇਆ।
ਸੁਰਿੰਦਰ ਲਾਂਬਾ ਨੇ ਦੱਸਿਆ ਕਿ ਦੋਸ਼ੀ 2013-14 ਵਿਚ ਸਿਵਲ ਸਰਵਿਸਿਜ਼ ਦਾ ਐਗਜ਼ਾਮ ਦਿੱਤਾ ਸੀ ਪਰ ਉਸ ਵਿਚ ਫੇਲ ਹੋ ਗਿਆ ਪਰ ਉਹ ਸਾਊਥ ਦੀਆਂ ਫਿਲਮਾਂ 'ਚ ਪੁਲਸ ਅਧਿਕਾਰੀਆਂ ਦੇ ਕਿਰਦਾਰ ਤੋਂ ਬੇਹੱਦ ਪ੍ਰਭਾਵਿਤ ਸੀ। ਉਸ ਨੇ ਮਨ 'ਚ ਪੁਲਸ ਅਧਿਕਾਰੀ ਬਣਨ ਦੀ ਪ੍ਰਬਲ ਇੱਛਾ ਪਾਲ ਲਈ, ਜਿਸ 'ਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਯੂ. ਪੀ. ਕੇਡਰ ਤੋਂ ਆਈ. ਪੀ. ਐੱਸ. ਅਧਿਕਾਰੀ ਬਣ ਗਿਆ ਹੈ। ਇਸ ਤੋਂ ਬਾਅਦ ਦੋਸ਼ੀ ਨੇ ਸਿਵਲ ਲਾਈਨਜ਼ ਦੇ ਜਸਪਾਲ ਟੇਲਰ ਅਤੇ ਦਿੱਲੀ ਤੋਂ ਪੁਲਸ ਦੀ ਯੂਨੀਫਾਰਮ ਸਿਲਾਈ ਅਤੇ ਉਹੀ ਯੂਨੀਫਾਰਮ ਪਹਿਨ ਕੇ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ 'ਚ ਜਾਣਾ ਸ਼ੁਰੂ ਕਰ ਦਿੱਤਾ। ਕਦੇ-ਕਦਾਈਂ ਦੋਸ਼ੀ ਸਾਦੇ ਕੱਪੜਿਆਂ 'ਚ ਅਧਿਕਾਰੀਆਂ ਕੋਲ ਜਾਇਆ ਕਰਦਾ ਸੀ।
ਦੋਸਤਾਂ ਤੋਂ ਉਧਾਰ ਮੰਗ ਲੈਂਦਾ ਸੀ ਗੱਡੀਆਂ
ਲਾਂਬਾ ਨੇ ਦੱਸਿਆ ਕਿ ਹਾਲਾਂਕਿ ਦੋਸ਼ੀ ਕੋਲ ਆਪਣੀ ਸਵਿਫਟ ਕਾਰ ਹੈ ਪਰ ਇਹ ਆਪਣਾ ਪ੍ਰਭਾਵ ਪਾਉਣ ਲਈ ਦੋਸਤਾਂ ਤੋਂ ਉਨ੍ਹਾਂ ਦੀਆਂ ਗੱਡੀਆਂ ਮੰਗ ਲਿਆ ਕਰਦਾ ਸੀ ਜਿਸ ਇਨੋਵਾ ਗੱਡੀ ਵਿਚ ਇਹ ਨੀਲੀ ਬੱਤੀ ਲਗਾ ਕੇ ਘੁੰਮਦਾ ਸੀ, ਉਹ ਵੀ ਇਸ ਦੇ ਇਕ ਦੋਸਤ ਦੀ ਹੈ। ਉਸ ਨੂੰ ਵੀ ਇਸ ਦੀ ਅਸਲੀਅਤ ਇਸ ਦੇ ਫੜੇ ਜਾਣ ਤੋਂ ਬਾਅਦ ਪਤਾ ਲੱਗੀ।
ਲੰਬੀਆਂ-ਲੰਬੀਆਂ ਡੀਂਗਾਂ ਮਾਰਦਾ ਸੀ ਦੋਸ਼ੀ
ਲਾਂਬਾ ਨੇ ਦੱਸਿਆ ਕਿ ਜਾਂਚ ਦੌਰਾਨ ਦੋਸ਼ੀ ਪਹਿਲਾਂ ਓਰਬਿਟ ਅਤੇ ਜੁਝਾਰ ਟ੍ਰਾਂਸਪੋਰਟ ਦੀਆਂ ਸਵਾਰੀਆਂ ਦੀ ਆਨਲਾਈਨ ਬੁਕਿੰਗ ਦਾ ਕੰਮ ਕਰਦਾ ਸੀ। ਫਿਰ ਇਸ ਨੇ ਪੱਖੋਵਾਲ ਰੋਡ ਦੇ ਕੇਨ ਇੰਟਰਨੈਸ਼ਨਲ ਵਿਚ ਇਮੀਗ੍ਰੇਸ਼ਨ ਏਜੰਟ ਦੇ ਰੂਪ ਵਿਚ ਵੀ ਕੰਮ ਕੀਤਾ। ਇਸੇ ਦੌਰਾਨ ਮਿਲਣ ਵਾਲਿਆਂ ਨਾਲ ਇਹੀ ਲੰਬੀਆਂ-ਲੰਬੀਆਂ ਡੀਂਗਾਂ ਮਾਰਦਾ ਸੀ ਅਤੇ ਆਪਣੇ-ਆਪ ਨੂੰ ਇਸ ਰੂਪ ਵਿਚ ਪੇਸ਼ ਕਰਦਾ ਸੀ ਕਿ ਇਹ ਕਈ ਕੰਪਨੀਆਂ ਦਾ ਮਾਲਕ ਅਤੇ ਕਈਆਂ ਵਿਚ ਉਸ ਦੀ ਪਾਰਟਨਰਸ਼ਿਪ ਹੈ।
ਲਾਇਜਨਿੰਗ ਵਿਚ ਮਹਾਰਤ ਹੈ ਦੋਸ਼ੀ ਨੂੰ
ਲਾਂਬਾ ਨੇ ਦੱਸਿਆ ਕਿ ਲਾਇਜਨਿੰਗ ਦੇ ਮਾਮਲੇ ਵਿਚ ਦੋਸ਼ੀ ਨੂੰ ਮੁਹਾਰਤ ਹਾਸਲ ਹੈ। ਇਸ ਕਾਰਨ ਦੋਸ਼ੀ ਨੇ ਆਪਣੇ-ਆਪ ਨੂੰ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਹੇਠਲੇ ਪੱਧਰ ਦੇ ਨੇਤਾਵਾਂ ਨਾਲ ਨਜ਼ਦੀਕੀਆਂ ਵਧਾਈਆਂ ਅਤੇ ਫਿਰ ਉਨ੍ਹਾਂ ਨੂੰ ਪੌੜੀ ਬਣਾ ਕੇ ਚੋਟੀ ਦੇ ਆਗੂਆਂ ਤੋਂ ਆਸ਼ੀਰਵਾਦ ਲੈਣ ਲਈ ਪੁੱਜ ਗਿਆ ਅਤੇ ਉਨ੍ਹਾਂ ਦੇ ਨਾਲ ਫੋਟੋਆਂ ਵੀ ਖਿਚਵਾਈਆਂ ਅਤੇ ਪ੍ਰਭਾਵ ਪਾਉਣ ਲਈ ਉਨ੍ਹਾਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।
ਘਰ ਦੇ ਬਾਹਰ ਲਵਾ ਰੱਖੇ ਸਨ ਬੈਰੀਕੇਡ
ਦੱਸਿਆ ਜਾਂਦਾ ਹੈ ਕਿ ਦੋਸ਼ੀ ਨੇ ਆਪਣੇ ਘਰ ਦੇ ਬਾਹਰ ਬੈਰੀਕੇਡ ਲਵਾ ਰੱਖੇ ਸਨ ਤਾਂਕਿ ਉੱਥੋਂ Îਨਿਕਲਣ ਵਾਲੇ ਵਿਅਕਤੀ ਨੂੰ ਲੱਗੇ ਕਿ ਇਥੇ ਕੋਈ ਵੱਡਾ ਪੁਲਸ ਅਧਿਕਾਰੀ ਰਹਿੰਦਾ ਹੈ ਪਰ ਜਦੋਂ ਇਸ ਦੀ ਅਸਲੀਅਤ ਸਾਹਮਣੇ ਆਈ ਤਾਂ ਪੁਲਸ ਨੇ ਉਥੋਂ ਤੁਰੰਤ ਬੈਰੀਕੇਡ ਹਟਵਾ ਦਿੱਤੇ।
ਦੋਸ਼ੀ ਦਾ ਹੋ ਚੁੱਕਾ ਹੈ ਤਲਾਕ
ਏ. ਡੀ. ਸੀ. ਪੀ. ਨੇ ਦੱਸਿਆ ਕਿ ਦੋਸ਼ੀ ਦਾ ਤਲਾਕ ਹੋ ਚੁੱਕਾ ਹੈ। ਕੇਨ ਇੰਟਰਨੈਸ਼ਨਲ ਵਿਚ ਇਹ ਆਨਲਾਈਨ ਫਾਰਮ ਭਰਿਆ ਕਰਦਾ ਸੀ, ਜਿਸ ਨਾਲ ਇਸ ਨੂੰ ਚੰਗੀ ਆਮਦਨ ਹੋ ਜਾਂਦੀ ਸੀ। ਫਿਰ ਇਸ ਦੇ ਮਨ ਵਿਚ ਵਿਦੇਸ਼ ਜਾਣ ਦੀ ਇੱਛਾ ਪੈਦਾ ਹੋ ਗਈ। ਇਸ ਲਈ ਇਸ ਨੇ ਇਕ ਵਿਦਿਆਰਥਣ ਨੂੰ ਆਪਣੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿਚ ਫਸਾ ਲਿਆ। ਉਸ ਲੜਕੀ ਦੇ ਆਈਲੈਟਸ ਵਿਚ 7 ਬੈਂਡ ਆਏ ਸਨ ਅਤੇ ਬਾਹਰ ਜਾਣ ਵਾਲੀ ਸੀ। ਫਿਰ ਦੋਸ਼ੀ ਨੇ ਉਸ ਨਾਲ ਵਿਆਹ ਕਰ ਲਿਆ ਪਰ ਬਾਅਦ 'ਚ ਇਸ ਦਾ ਤਲਾਕ ਹੋ ਗਿਆ।
ਫੜਿਆ ਨਾ ਜਾਂਦਾ ਤਾਂ 6 ਮਹੀਨੇ ਬਾਅਦ ਸ਼ੁਰੂ ਕਰਨਾ ਸੀ ਨੌਕਰੀ ਛੱਡਣ ਦਾ ਡਰਾਮਾ
ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਪੁੱਛਗਿੱਛ ਵਿਚ ਕਬੂਲ ਕੀਤਾ ਹੈ ਕਿ ਉਹ ਮੱਧ ਵਰਗੀ ਪਰਿਵਾਰ ਤੋਂ ਹੈ। ਉਸ ਦਾ ਪਿਤਾ ਅਤੇ ਭਰਾ ਹੌਜ਼ਰੀ ਵਿਚ ਕੰਮ ਕਰਦੇ ਹਨ, ਜਿਨ੍ਹਾਂ ਦੇ ਨਾਲ ਉਸ ਦੀ ਬਣਦੀ ਨਹੀਂ ਪਰ ਉਸ ਦੇ ਬਾਕੀ ਦੀ ਰਿਸ਼ਤੇਦਾਰੀ ਵਿਚ ਕਈ ਵੱਡੇ ਅਧਿਕਾਰੀ ਹਨ, ਜਿਨ੍ਹਾਂ ਵਿਚ ਇਕ ਜੱਜ ਦੇ ਅਹੁਦੇ 'ਤੇ ਵੀ ਹੈ। ਉਸ ਨੇ ਉਨ੍ਹਾਂ 'ਤੇ ਧੌਂਸ ਜਮਾਉਣ ਲਈ ਆਈ. ਪੀ. ਐੱਸ. ਦਾ ਡਰਾਮਾ ਰਚਿਆ ਸੀ। ਜੇਕਰ ਉਹ ਫੜਿਆ ਨਾ ਜਾਂਦਾ ਤਾਂ ਉਸ ਨੇ 6 ਮਹੀਨੇ ਬਾਅਦ ਇਹ ਗੱਲ ਸਾਰਿਆਂ ਵਿਚ ਫੈਲਾ ਦੇਣੀ ਸੀ ਕਿ ਉਸ ਨੇ ਆਈ. ਪੀ. ਐੱਸ. ਦੇ ਅਹੁਦੇ ਤੋਂ ਤਿਆਗ-ਪੱਤਰ ਦੇ ਦਿੱਤਾ ਹੈ, ਕਿਉਂਕਿ ਪੁਲਸ ਵਿਭਾਗ ਵਿਚ ਕੁਝ ਨਹੀਂ ਰੱਖਿਆ ਪਰ ਇਸ ਤੋਂ ਪਹਿਲਾਂ ਹੀ ਉਸ ਦਾ ਭੇਦ ਖੁੱਲ੍ਹ ਗਿਆ ਅਤੇ ਪੁਲਸ ਦੇ ਹੱਥੇ ਚੜ੍ਹ ਗਿਆ।
ਹੋਮਗਾਰਡ ਦੇ ਜਵਾਨ ਨੂੰ ਵੀ ਕੀਤਾ ਗੁੰਮਰਾਹ
ਵਿਜੇ ਨੇ ਦੱਸਿਆ ਕਿ ਹੋਮ ਗਾਰਡ ਦੇ ਜਵਾਨ ਜੋਗਿੰਦਰ ਸਿੰਘ ਜੋ ਕਿ ਮੇਹਰਬਾਨ ਵਿਚ ਤਾਇਨਾਤ ਹੈ, ਦੇ ਨਾਲ ਰੁਪਿੰਦਰ ਨਾਲ ਜਾਣ-ਪਛਾਣ ਸੀ। ਦੋਸ਼ੀ ਇੰਨਾ ਚਲਾਕ ਹੈ ਕਿ ਉਸ ਨੇ ਜੋਗਿੰਦਰ ਨੂੰ ਆਪਣੇ ਝਾਂਸੇ 'ਚ ਲੈ ਲਿਆ ਅਤੇ ਉਸ ਨੂੰ ਕਹਿੰਦਾ ਰਿਹਾ ਕਿ ਉਹ ਜਲਦ ਹੀ ਯੂ. ਪੀ. ਤੋਂ ਟ੍ਰਾਂਸਫਰ ਕਰਵਾ ਕੇ ਪੰਜਾਬ ਵਿਚ ਆ ਜਾਵੇਗਾ। ਉਸ ਤੋਂ ਬਾਅਦ ਉਸ ਨੂੰ ਆਪਣੇ ਨਾਲ ਹੀ ਰੱਖੇਗਾ। ਇਸ ਕਾਰਨ ਜਦੋਂ ਉਹ ਕਿਤੇ ਜਾਂਦੇ ਤਾਂ ਜੋਗਿੰਦਰ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ ਤਾਂ ਕਿ ਉਸ 'ਤੇ ਕੋਈ ਸ਼ੱਕ ਨਾ ਕਰੇ ਅਤੇ ਉਸ ਦਾ ਦਬਦਬਾ ਬਣਿਆ ਰਹੇ।