ਨਸ਼ਾ ਖਰੀਦਣ ਲਈ 6 ਦੋਸਤਾਂ ਨੇ ਬਣਾਇਆ ਗਿਰੋਹ, 1 ਸਾਲ ''ਚ ਕੀਤੀਆਂ 25 ਵਾਰਦਾਤਾਂ

12/08/2017 4:59:45 AM

ਲੁਧਿਆਣਾ(ਰਿਸ਼ੀ)-ਚੌਜ਼ਾ ਬਾਜ਼ਾਰ 'ਚ ਕੱਪੜੇ ਦੀਆਂ ਦੁਕਾਨਾਂ 'ਤੇ ਸੇਲਮੈਨ ਦਾ ਕੰਮ ਕਰਨ ਵਾਲੇ 6 ਦੋਸਤ ਨਸ਼ਾ ਕਰਨ ਲੱਗ ਪਏ। ਨਸ਼ਾ ਖਰੀਦਣ ਲਈ ਪੈਸੇ ਨਾ ਹੋਣ 'ਤੇ ਇਕੱਠੇ ਮਿਲ ਕੇ ਗਿਰੋਹ ਬਣਾ ਲਿਆ ਅਤੇ 1 ਸਾਲ ਵਿਚ ਚੋਰੀ ਦੀਆਂ 25 ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਸ ਨੇ ਉਨ੍ਹਾਂ ਕੋਲੋਂ ਚੋਰੀਸ਼ੁਦਾ 19 ਮੋਟਰਸਾਈਕਲ ਰਿਕਵਰ ਕਰ ਕੇ ਥਾਣਾ ਫੋਕਲ ਪੁਆਇੰਟ 'ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਕ੍ਰਾਈਮ ਅਤੇ ਸੀ. ਆਈ. ਏ.-2 ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਚੋਰੀਸ਼ੁਦਾ ਮੋਟਰਸਾਈਕਲ ਵੇਚਣ ਜਾ ਰਿਹਾ ਹੈ, ਜਿਸ 'ਤੇ ਪੁਲਸ ਨੇ ਸ਼ੇਰਪੁਰ ਮਾਰਕੀਟ ਕੋਲ ਨਾਕਾਬੰਦੀ ਦੌਰਾਨ 5 ਨੂੰ ਗ੍ਰਿਫਤਾਰ ਕਰ ਲਿਆ, ਜਦੋਂਕਿ ਇਕ ਧੋਖਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਿਆ। ਪੁਲਸ ਨੇ ਬਾਅਦ 'ਚ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੋਰ ਵੀ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰ ਲਏ। ਫੜੇ ਗਏ ਸਾਰੇ ਮੁਲਜ਼ਮਾਂ ਦੀ ਉਮਰ 20 ਤੋਂ 22 ਸਾਲ ਦੀ ਹੈ।
1. ਸੁਮਿਤ ਬੇਦੀ ਨਿਵਾਸੀ ਸੈਕਟਰ-32 (ਸਰਗਨਾ)
2. ਨਵੀਨ ਸ਼ਰਮਾ ਨਿਵਾਸੀ ਕਿਦਵਈ ਨਗਰ
3. ਇੰਦਰਪਾਲ ਸਿੰਘ ਨਿਵਾਸੀ ਕਬੀਰ ਨਗਰ, ਡਾਬਾ
4. ਪ੍ਰਿੰਸ ਕੁਮਾਰ ਨਿਵਾਸੀ ਪਿੱਪਲ ਚੌਕ, ਡਾਬਾ
5. ਅਮਿਤ ਕੁਮਾਰ ਨਿਵਾਸੀ ਮਿਲਰਗੰਜ
6. ਰੋਹਿਤ ਕੁਮਾਰ ਨਿਵਾਸੀ 33 ਫੁੱਟਾ ਰੋਡ, ਡਾਬਾ (ਫਰਾਰ)
ਇਨ੍ਹਾਂ ਇਲਾਕਿਆਂ 'ਚੋਂ ਕੀਤੇ ਮੋਟਰਸਾਈਕਲ ਚੋਰੀ
ਇੰਸਪੈਕਟਰ ਪ੍ਰੇਮ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਰੋਜ਼ ਗਾਰਡਨ, ਰੱਖ ਬਾਗ, ਪਵੇਲੀਅਨ ਅਤੇ ਐੱਮ. ਬੀ. ਡੀ. ਮਾਲ ਦੇ ਆਲੇ-ਦੁਆਲੇ ਅਤੇ ਡੀ. ਐੱਮ. ਸੀ. ਹਸਪਤਾਲ ਕੋਲੋਂ ਮੋਟਰਸਾਈਕਲ ਚੋਰੀ ਕੀਤੇ ਹਨ।
ਸੁਮਿਤ ਚੋਰੀ ਕਰਦਾ ਤੇ ਇੰਦਰਪਾਲ ਅੱਗੇ ਵੇਚਦਾ ਸੀ ਮੋਟਰਸਾਈਕਲ
ਪੁਲਸ ਮੁਤਾਬਕ ਜਦੋਂ ਵੀ ਕਿਸੇ ਮੋਟਰਸਾਈਕਲ ਨੂੰ ਚੋਰੀ ਕਰਨ ਜਾਂਦੇ ਤਾਂ ਸੁਮਿਤ ਮੋਟਰਸਾਈਕਲ 'ਚ ਚਾਬੀ ਲਾ ਕੇ ਲਾਕ ਖੋਲ੍ਹਦਾ ਸੀ, ਜਦੋਂਕਿ ਚੋਰੀਸ਼ੁਦਾ ਮੋਟਰਸਾਈਕਲ ਨੂੰ ਅੱਗੇ ਵੇਚਣ ਦਾ ਜ਼ਿੰਮਾ ਇੰਦਰਪਾਲ ਦਾ ਸੀ, ਜਿਨ੍ਹਾਂ ਲੋਕਾਂ ਨੂੰ ਇਨ੍ਹਾਂ ਨੇ ਮੋਟਰਸਾਈਕਲ ਵੇਚੇ ਹਨ। ਪੁਲਸ ਉਨ੍ਹਾਂ ਦੀ ਵੀ ਭਾਲ ਕਰ ਰਹੀ ਹੈ।
ਕੁੱਝ ਸਮਾਂ ਪਹਿਲਾਂ ਆਏ ਜ਼ਮਾਨਤ 'ਤੇ
ਪੁਲਸ ਮੁਤਾਬਕ ਦੋਸ਼ੀ ਇੰਦਰਪਾਲ, ਪ੍ਰਿੰਸ ਅਤੇ ਰੋਹਿਤ ਖਿਲਾਫ ਥਾਣਾ ਡਵੀਜ਼ਨ ਨੰ. 5 'ਚ ਚੋਰੀ ਦੇ ਦੋਸ਼ ਵਿਚ ਮੁਕੱਦਮਾ ਦਰਜ ਹੈ, ਜਦੋਂਕਿ ਨਵੀਨ ਕੁਮਾਰ ਨੂੰ ਦਰੇਸੀ ਥਾਣਾ ਦੀ ਪੁਲਸ ਨੇ ਚੋਰੀਸ਼ੁਦਾ ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ ਸੀ। ਸਾਰੇ ਕੁੱਝ ਸਮਾਂ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਏ ਸਨ।