ਸਵਾਰੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫਤਾਰ

10/10/2017 5:03:03 AM

ਲੁਧਿਆਣਾ(ਰਾਮ)-ਪੁਲਸ ਨੇ ਇਕ ਅਜਿਹੇ ਆਟੋ ਗੈਂਗ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜੋ ਆਟੋ 'ਚ ਬੈਠੀਆਂ ਸਵਾਰੀਆਂ ਕੋਲੋਂ ਨਕਦੀ ਅਤੇ ਸੋਨਾ ਲੁੱਟਣ ਦੇ ਬਾਅਦ ਜਾਂ ਤਾਂ ਉਨ੍ਹਾਂ ਨੂੰ ਧੱਕਾ ਦੇ ਸੁੱਟ ਜਾਂਦੇ ਸਨ ਜਾਂ ਫਿਰ ਪਤਾ ਨਾ ਚੱਲਣ 'ਤੇ ਉਨ੍ਹਾਂ ਨੂੰ ਉਤਾਰ ਦਿੰਦੇ ਸਨ। ਇਸ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ. ਪੀ. ਰਾਜਵੀਰ ਸਿੰਘ ਅਤੇ ਏ. ਸੀ. ਪੀ. ਸਾਹਨੇਵਾਲ ਹਰਕਮਲ ਕੌਰ ਅਤੇ ਏ. ਸੀ. ਪੀ. ਈਸਟ ਪਵਨਜੀਤ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਜਮਾਲਪੁਰ ਦੀ ਪੁਲਸ ਨੂੰ ਨਾਕਾਬੰਦੀ ਦੌਰਾਨ ਜਮਾਲਪੁਰ ਚੌਕ 'ਚ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਇਕ ਥ੍ਰੀ-ਵ੍ਹੀਲਰ 'ਚ ਸਵਾਰ ਤਿੰਨ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ, ਜਿਸ ਦੇ ਬਾਅਦ ਸ਼ੱਕ ਪੈਣ 'ਤੇ ਪੁਲਸ ਪਾਰਟੀ ਵੱਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ 'ਚ ਉਨ੍ਹਾਂ ਦਾ ਸਾਰਾ ਪਰਦਾਫਾਸ਼ ਹੋ ਗਿਆ। ਉਕਤ ਆਟੋ ਸਵਾਰਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਪੁਲਸ ਨੂੰ ਲਗਭਗ 24 ਹਜ਼ਾਰ ਦੇ ਕਰੀਬ ਨਕਦੀ ਬਰਾਮਦ ਹੋਈ, ਜਿਸ 'ਤੇ ਪੁਲਸ ਨੇ ਉਕਤ ਸਾਰਿਆਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ, ਜਿਨ੍ਹਾਂ ਦੀ ਪਛਾਣ ਦਵਿੰਦਰ ਸਿੰਘ ਉਰਫ ਟੀਨੂੰ ਪੁੱਤਰ ਸੰਤੋਖ ਸਿੰਘ ਵਾਸੀ ਸਤਿਗੁਰੂ ਨਗਰ, ਜਮਾਲਪੁਰ, ਸੁਖਮਿੰਦਰ ਸਿੰਘ ਉਰਫ ਸ਼ੈਲੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਕੋਟ ਮੰਗਲ ਸਿੰਘ, ਲੁਧਿਆਣਾ ਅਤੇ ਉਨ੍ਹਾਂ ਦੀਆਂ ਸਾਥਣਾਂ ਲਛਮੀ ਪਤਨੀ ਸਵ. ਅਜੀਤ, ਉਮਾ ਪਤਨੀ ਸਮੇਸ਼ ਅਤੇ ਮੀਨਾ ਪਤਨੀ ਅਕਸ਼ੈ ਤਿੰਨੋਂ ਵਾਸੀ ਪਿੰਡ ਰਾਏਪੁਰ, ਜ਼ਿਲਾ ਰਾਏਪੁਰ (ਛਤੀਸਗੜ੍ਹ) ਹਾਲ ਵਾਸੀ ਮੁਨੀ ਦਾ ਮਕਾਨ, ਅੰਬੇਡਕਰ ਕਾਲੋਨੀ, ਮਾਡਲ ਟਾਊਨ, ਲੁਧਿਆਣਾ ਦੇ ਰੂਪ 'ਚ ਹੋਈ ਹੈ। 
ਇਕੱਲੀ ਸਵਾਰੀ ਨੂੰ ਦੇਖ ਲੁੱਟਦੇ ਸੀ 
ਏ. ਡੀ. ਸੀ. ਪੀ.-4 ਰਾਜਵੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਗਿਰੋਹ ਪੂਰੀ ਤਿਆਰੀ ਨਾਲ ਸੜਕ 'ਤੇ ਉਤਰਦਾ ਸੀ, ਜੋ ਰਸਤੇ 'ਚ ਖੜ੍ਹੀ ਇਕੱਲੀ ਸਵਾਰੀ ਨੂੰ ਆਟੋ 'ਚ ਬਿਠਾਉਂਦੇ ਸੀ। ਫਿਰ ਚਲਦੇ ਆਟੋ 'ਚ ਹੀ ਉਸ ਨੂੰ ਲੁੱਟ ਲੈਂਦੇ ਸੀ ਅਤੇ ਧੱਕਾ ਦੇ ਕੇ ਬਾਹਰ ਸੁੱਟ ਦਿੰਦੇ ਸੀ। ਜੇਕਰ ਸਵਾਰੀ ਨੂੰ ਪਤਾ ਨਹੀਂ ਲਗਦਾ ਸੀ ਤਾਂ ਚੁੱਪ-ਚਾਪ ਉਸ ਨੂੰ ਉਤਾਰ ਕੇ ਅੱਗੇ ਚਲੇ ਜਾਂਦੇ ਸੀ। ਇਸ ਤਰ੍ਹਾਂ ਇਨ੍ਹਾਂ ਨੇ ਸ਼ਹਿਰ ਅੰਦਰ ਦਰਜਨ ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। 
ਦਰਜਨ ਦੇ ਕਰੀਬ ਮਾਮਲੇ ਹੱਲ 
ਉਕਤ ਗਿਰੋਹ ਨੂੰ ਕਾਬੂ ਕਰਨ ਤੋਂ ਬਾਅਦ ਇਨ੍ਹਾਂ ਵੱਲੋਂ ਸ਼ਹਿਰ 'ਚ ਕੀਤੀਆਂ ਗਈਆਂ ਲਗਭਗ ਦਰਜਨ ਦੇ ਕਰੀਬ ਵਾਰਦਾਤਾਂ ਹੱਲ ਹੋ ਗਈਆਂ ਹਨ, ਜਿਸ 'ਚ ਅਗਸਤ ਮਹੀਨੇ ਦੀ 6 ਤਰੀਕ ਨੂੰ ਆਪਣੀ ਲੜਕੀ ਕੋਲ ਆਪਣੇ ਗਹਿਣੇ ਅਤੇ ਨਕਦੀ ਰੱਖਣ ਲਈ ਜਲੰਧਰ ਤੋਂ ਆਏ ਇਕ ਬਜ਼ੁਰਗ ਜੋੜੇ ਕੋਲੋਂ ਲੁੱਟੀ ਗਈ ਲਗਭਗ 1 ਲੱਖ ਦੀ ਨਕਦੀ ਅਤੇ 25 ਤੋਲੇ ਸੋਨੇ ਦੇ ਗਹਿਣਿਆਂ ਸਮੇਤ ਡੀ. ਐੱਮ. ਸੀ. ਹਸਪਤਾਲ ਅਤੇ ਬੱਸ ਸਟੈਂਡ ਕੋਲੋਂ ਬਿਠਾਈਆਂ ਸਵਾਰੀਆਂ ਪਾਸੋਂ 50-50 ਹਜ਼ਾਰ, ਰੇਲਵੇ ਸਟੇਸ਼ਨ ਕੋਲੋਂ ਸਵਾਰੀ ਦੇ 60 ਹਜ਼ਾਰ ਅਤੇ 4-5 ਮਹੀਨੇ ਪਹਿਲਾਂ ਰੇਲਵੇ ਸਟੇਸ਼ਨ ਕੋਲੋਂ 40 ਹਜ਼ਾਰ ਦੀ ਲੁੱਟ ਸਮੇਤ ਲੁੱਟ ਦੇ ਹੋਰ ਮਾਮਲੇ ਵੀ ਹੱਲ ਹੋਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ. ਪੀ. ਰਾਜਵੀਰ ਸਿੰਘ ਨੇ ਦੱਸਿਆ ਕਿ ਉਕਤ ਗਿਰੋਹ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੁੱਟਾਂ-ਖੋਹਾਂ ਦੇ ਤਿੰਨ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਦੋ ਤਾਂ ਥਾਣਾ ਡਵੀਜ਼ਨ ਨੰ. 7 ਅੰਦਰ ਹੀ ਦਰਜ ਹਨ। ਏ. ਡੀ. ਸੀ. ਪੀ. ਰਾਜਵੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪੁਲਸ ਨੇ ਦਵਿੰਦਰ ਸਿੰਘ ਪਾਸੋਂ 4800, ਸੁਖਵਿੰਦਰ ਸਿੰਘ ਕੋਲੋਂ 4200, ਲਛਮੀ, ਉਮਾ ਅਤੇ ਮੀਨਾ ਕੋਲੋਂ ਕ੍ਰਮਵਾਰ 5300, 5450 ਅਤੇ 3820 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ, ਜਦਕਿ ਉਨ੍ਹਾਂ ਤੋਂ 25 ਤੋਲੇ ਸੋਨੇ ਅਤੇ 95 ਹਜ਼ਾਰ ਦੀ ਨਕਦੀ ਦੀ ਲੁੱਟ ਦੀ ਬਰਾਮਦਗੀ ਕਰਨੀ ਅਜੇ ਬਾਕੀ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਦੌਰਾਨ ਹੋਰ ਮਾਮਲੇ ਹੱਲ ਹੋਣ ਦੀ ਉਮੀਦ ਹੈ।