ਫਿਲਮੀ ਅੰਦਾਜ਼ ''ਚ ਭੱਜੇ 2 ਨਾਬਾਲਗ ਬੱਚੇ ਪੁਲਸ ਵੱਲੋਂ ਬਰਾਮਦ

10/01/2017 6:50:18 AM

ਅਹਿਮਦਗੜ੍ਹ(ਇਰਫਾਨ, ਪੁਰੀ)- ਥਾਣਾ ਸਿਟੀ ਅਹਿਮਦਗੜ੍ਹ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਕੱਲ ਅਹਿਮਦਗੜ੍ਹ ਵਾਰਡ ਨੰ. 12 ਤੋਂ ਲਾਪਤਾ ਹੋਏ 14 ਸਾਲਾ ਬੱਚੇ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਕੇ ਮਾਪਿਆਂ ਦੇ ਸਪੁਰਦ ਕੀਤਾ। ਡੀ.ਐੱਸ.ਪੀ. ਸ. ਪਲਵਿੰਦਰ ਸਿੰਘ ਚੀਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਡਿਤ ਲਲਿਤ ਮੋਹਨ ਨੇ ਕੱਲ ਰਾਤ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦਾ ਬੇਟਾ ਸਾਈਂ ਆਰੀਆਨ ਉਰਫ ਸ਼ਾਨੂ ਸ਼ਾਮ ਤਕਰੀਬਨ 5 ਵਜੇ ਤੋਂ ਲਾਪਤਾ ਹੈ, ਜਿਸ ਤੋਂ ਬਾਅਦ ਅਹਿਮਦਗੜ੍ਹ ਸਿਟੀ ਥਾਣਾ ਮੁਖੀ ਬਲਜਿੰਦਰ ਸਿੰਘ ਪੰਨੂ ਨੇ ਵੱਖ-ਵੱਖ ਟੀਮਾਂ ਗਠਿਤ ਕਰ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਸੀ. ਸੀ. ਟੀ. ਵੀ. ਕੈਮਰੇ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਏ. ਐੱਸ. ਆਈ. ਸੁਭਾਸ਼ ਕਟਾਰੀਆ ਨੇ ਰੇਲਵੇ ਪੁਲਸ ਦੀ ਮਦਦ ਨਾਲ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ 11 ਵਜੇ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਬੱਚਾ ਹਾਸਲ ਕਰਨ 'ਚ ਪੁਲਸ ਕਾਮਯਾਬ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਦੇ ਨਾਲ ਹੀ ਇਕ ਬੱਚਾ ਹੋਰ ਸੀ, ਜਿਸ ਦੀ ਪਛਾਣ ਅਜੇ ਕੁਮਾਰ (15) ਪੁੱਤਰ ਜਨਾਰਦਨ ਵਾਸੀ ਮਿੰਨੀ ਛਪਾਰ ਵਜੋਂ ਹੋਈ। ਇਸ ਤੋਂ ਬਾਅਦ ਜਦ ਦੋਵੇਂ ਬੱਚਿਆਂ ਨੂੰ ਅਹਿਮਦਗੜ੍ਹ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਈਂ ਆਰੀਅਨ ਨੇ ਦੱਸਿਆ ਕਿ ਉਨ੍ਹਾਂ ਘਰ ਤੋਂ ਦੂਰ ਭੱਜਣ ਦਾ ਫੈਸਲਾ ਲਿਆ ਅਤੇ ਦੂਰ ਜਾਣ ਲਈ ਰੇਲਵੇ ਸਟੇਸ਼ਨ 'ਤੇ ਪੁਹੰਚ ਗਏ ਅਤੇ ਅਜੇ ਕੁਮਾਰ ਨੇ ਦੱਸਿਆ ਕਿ ਉਸਨੇ ਆਪਣੇ ਘਰੋਂ 14 ਹਜ਼ਾਰ ਰੁਪਏ ਚੁੱਕੇ ਸਨ, ਜਿਸ ਵਿਚੋਂ ਹੁਣ ਸਿਰਫ 2300 ਰੁਪਏ ਹੀ ਬਾਕੀ ਬਚੇ ਹਨ। ਅਹਿਮਦਗੜ੍ਹ ਸਿਟੀ ਪੁਲਸ ਨੇ ਅੱਜ ਦੋਵਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ।