ਛੇੜਖਾਨੀ ਤੇ ਕੁੱਟਮਾਰ ਕਰਨ ਵਾਲੇ ਪਿਓ-ਪੁੱਤ ਸਮੇਤ 3 ਗ੍ਰਿਫਤਾਰ

09/22/2017 5:24:30 AM

ਜਲੰਧਰ(ਜ. ਬ.)- ਥਾਣਾ ਨੰ. 5 ਦੀ ਪੁਲਸ ਨੇ ਲੜਕੀ ਨਾਲ ਛੇੜਖਾਨੀ ਤੇ ਕੁੱਟਮਾਰ ਕਰਨ ਦੇ ਦੋਸ਼ੀ ਪਿਓ-ਪੁੱਤ ਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਨੂੰ 14 ਦਿਨਾਂ ਤਕ ਜੁਡੀਸ਼ੀਅਲ ਜੇਲ ਕਪੂਰਥਲਾ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਸੀ ਕਿ ਪੁਲਸ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਮੁਲਜ਼ਮਾਂ ਦੀ ਪਛਾਣ ਵਿਨੇ ਉਰਫ ਦੌਲਾ ਪੁੱਤਰ ਵਿਜੇ ਕੁਮਾਰ ਵਾਸੀ ਗ੍ਰੀਨ ਐਵਨਿਊ ਕਾਲਾ ਸੰਘਿਆ ਰੋਡ ਤੇ ਅੰਕਿਤ ਤੇ ਉਸਦੇ ਪਿਤਾ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਥਾਣਾ ਨੰ. 5 ਦੇ ਐੱਸ. ਐੱਚ. ਓ. ਸੁਖਵੀਰ ਸਿੰਘ ਨੇ ਕਿਹਾ ਕਿ ਸੀਮਾ (ਕਾਲਪਨਿਕ ਨਾਂ) ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਉਨ੍ਹਾਂ ਨੇ ਪਲਾਟ ਸੱਤਪਾਲ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ, ਉਹ ਜਦੋਂ ਕਿਰਾਇਆ ਮੰਗਣ ਲਈ ਗਈ ਤਾਂ ਸੱਤਪਾਲ ਨੇ ਆਪਣੇ 2 ਬੇਟਿਆਂ ਤੇ ਰਿਸ਼ਤੇਦਾਰ ਦੌਲਾ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਅਤੇ ਛੇੜਖਾਨੀ ਤਕ ਕੀਤੀ। ਇਸ ਕੇਸ ਵਿਚ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦੋਂਕਿ ਸੱਤਪਾਲ ਦੇ ਦੂਜੇ ਬੇਟੇ ਮਨੀ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। 
ਗ੍ਰਿਫਤਾਰ ਦੌਲਾ ਦੇ ਬਿਆਨਾਂ 'ਤੇ ਨਾਮਜ਼ਦ ਹੈ ਪੀੜਤਾ ਦਾ ਭਰਾ
ਉਥੇ ਪੁਲਸ ਵੱਲੋਂ ਗ੍ਰਿਫਤਾਰ ਕਰਕੇ ਜੇਲ ਭੇਜੇ ਗਏ ਦੌਲਾ ਦੀ ਐੱਮ. ਐੱਲ. ਆਰ. ਤੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕੁਝ ਨੌਜਵਾਨਾਂ ਖਿਲਾਫ ਛੇੜਖਾਨੀ ਦੀ ਸ਼ਿਕਾਰ ਲੜਕੀ ਦੇ ਭਰਾ ਮਨੀ ਖਿਲਾਫ ਧਾਰਾ 326 ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਮਨੀ ਦੇ ਮਾਂ-ਪਿਓ ਨੇ ਦੋਸ਼ ਲਾਇਆ ਸੀ ਕਿ ਥਾਣਾ ਨੰ. 5 ਦੇ ਵਿਚ ਏ. ਐੱਸ. ਆਈ. ਭੱਟੀ ਨੇ ਉੇਨ੍ਹਾਂ ਨਾਲ ਬਦਤਮੀਜ਼ੀ ਕੀਤੀ ਤੇ ਬਾਅਦ ਵਿਚ ਉਨ੍ਹਾਂ ਕੌਂਸਲਰ ਬੰਟੀ ਕੋਲ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਕੌਂਸਲਰ ਬੰਟੀ ਨੇ ਵੀ ਏ. ਐੱਸ. ਆਈ. ਭੱੱਟੀ 'ਤੇ ਬਦਤਮੀਜ਼ੀ ਕਰਨ ਦਾ ਦੋਸ਼ ਲਾ ਕੇ ਥਾਣਾ 5 ਵਿਚ ਪ੍ਰਦਰਸ਼ਨ ਕੀਤਾ ਸੀ।