ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਨੂੰ ਠੱਗਣ ਵਾਲਾ ਚੜ੍ਹਿਆ ਪੁਲਸ ਹੱਥੇ, ਦੂਜਾ ਫਰਾਰ

09/21/2017 3:17:07 AM

ਲੁਧਿਆਣਾ(ਤਰੁਣ)-ਏ. ਟੀ. ਐੱਮ. ਕੈਬਿਨ ਦੇ ਅੰਦਰ ਕਾਰਡ ਬਦਲ ਕੇ ਨਕਦੀ ਕਢਵਾ ਕੇ ਲੋਕਾਂ ਨੂੰ ਠੱਗਣ ਵਾਲੇ ਮੁੱਖ ਦੋਸ਼ੀ ਨੂੰ ਚੌਕੀ ਸੁੰਦਰ ਨਗਰ ਦੀ ਪੁਲਸ ਨੇ ਕਾਬੂ ਕੀਤਾ ਹੈ। ਜਦੋਂਕਿ ਦੂਜਾ ਸਾਥੀ ਫਰਾਰ ਹੈ। ਦੋਸ਼ੀ ਤੋਂ 8 ਹਜ਼ਾਰ ਦੀ ਨਕਦੀ ਅਤੇ ਵਾਰਦਾਤ ਵਿਚ ਵਰਤਿਆ ਗਿਆ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਫੜੇ ਗਏ ਦੋਸ਼ੀ ਦੀ ਪਛਾਣ ਸਵਤੰਤਰ ਨਗਰ ਦੇ ਰਹਿਣ ਵਾਲੇ ਗਗਨਦੀਪ ਸ਼ਰਮਾ ਅਤੇ ਫਰਾਰ ਦੀ ਪਛਾਣ ਨਿਤਿਨ ਸ਼ਰਮਾ ਨਿਵਾਸੀ ਜੈਨ ਕਾਲੋਨੀ, ਡਾਬਾ ਰੋਡ ਵਜੋਂ ਹੋਈ ਹੈ। ਜਾਂਚ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ 12 ਸਤੰਬਰ ਨੂੰ ਰਾਹੋਂ ਰੋਡ ਦੇ ਕੋਲ ਇਰਫਾਨ ਅਲੀ ਨਾਮੀ ਵਿਅਕਤੀ ਇੰਡੀਅਨ ਬੈਂਕ ਦੇ ਏ. ਟੀ. ਐੱਮ. 'ਚੋਂ ਨਕਦੀ ਕਢਵਾਉਣ ਲਈ ਗਿਆ। ਜਿੱਥੇ ਦੋਵਾਂ ਦੋਸ਼ੀਆਂ ਨੇ ਧੋਖੇ ਨਾਲ ਇਰਫਾਨ ਦਾ ਕਾਰਡ ਬਦਲ ਕੇ 35 ਹਜ਼ਾਰ ਦੀ ਨਕਦੀ ਕਢਵਾ ਲਈ। ਮੋਬਾਇਲ 'ਤੇ ਮੈਸੇਜ ਆਉਣ ਤੋਂ ਬਾਅਦ ਇਰਫਾਨ ਨੂੰ ਠੱਗੇ ਜਾਣ ਦਾ ਪਤਾ ਲੱਗਿਆ ਤਾਂ ਉਸ ਨੇ ਚੌਕੀ ਸੁੰਦਰ ਨਗਰ ਦੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇਲਾਕਾ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਦੋਸ਼ੀਆਂ ਦੀ ਪਛਾਣ ਕੀਤੀ ਅਤੇ ਬਾਂਬੇ ਟਾਇਰ ਦੇ ਕੋਲ ਗਗਨਦੀਪ ਸ਼ਰਮਾ ਨੂੰ 8 ਹਜ਼ਾਰ ਦੀ ਨਕਦੀ ਅਤੇ ਮੋਟਰਸਾਈਕਲ ਸਣੇ ਕਾਬੂ ਕਰ ਲਿਆ, ਜਦੋਂਕਿ ਵਾਰਦਾਤ ਵਿਚ ਸ਼ਾਮਲ ਦੂਜੇ ਦੋਸ਼ੀ ਨਿਤਿਨ ਦੀ ਭਾਲ ਜਾਰੀ ਹੈ। ਦੋਵੇਂ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ। ਨਸ਼ੇ ਦੀ ਪੂਰਤੀ ਲਈ ਦੋਸ਼ੀਆਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਵੱਖ-ਵੱਖ ਅਪਰਾਧਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਚਾਰ ਵਾਰਦਾਤਾਂ ਕਬੂਲੀਆਂ
ਜਾਂਚ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਅਤੇ ਨਿਤਿਨ ਨੇ ਮਿਲ ਕੇ ਕੁਲ ਚਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪਹਿਲੀ ਵਾਰਦਾਤ ਅਪੋਲੋ ਹਸਪਤਾਲ ਦੇ ਕੋਲ ਕੀਤੀ ਹੈ ਜਿੱਥੇ ਦੋਸ਼ੀਆਂ ਨੇ ਇਕ ਵਿਅਕਤੀ ਦਾ ਕਾਰਡ ਬਦਲ ਕੇ 5 ਹਜ਼ਾਰ ਦੀ ਨਕਦੀ ਕਢਵਾ ਲਈ। ਦੂਜੀ ਵਾਰਦਾਤ ਰਾਹੋਂ ਰੋਡ ਮਸਜਿਦ ਕੋਲ ਸਥਿਤ ਏ. ਟੀ. ਐੱਮ. ਤੋਂ 12 ਹਜ਼ਾਰ, ਤੀਜੀ ਵਾਰਦਾਤ ਰਾਹੋਂ ਰੋਡ ਸਥਿਤ ਪਾਲ ਸ਼ੋਅਰੂਮ ਕੋਲੋਂ 14 ਹਜ਼ਾਰ ਦੀ ਨਕਦੀ ਅਤੇ ਚੌਥੀ ਵਾਰਦਾਤ ਇੰਡੀਅਨ ਬੈਂਕ ਦੇ ਏ. ਟੀ. ਐੱਮ. ਦੇ ਅੰਦਰ ਦੀ ਹੈ, ਜਿੱਥੋਂ ਦੋਸ਼ੀਆਂ ਨੇ 35 ਹਜ਼ਾਰ ਦੀ ਨਕਦੀ ਕਢਵਾਈ ਹੈ।