ਥਾਣੇਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

07/26/2017 3:45:22 AM

ਮੁੱਲਾਂਪੁਰ ਦਾਖਾ(ਸੰਜੀਵ)-ਵਿਜੀਲੈਂਸ ਵਿਭਾਗ ਲੁਧਿਆਣਾ ਦੀ ਟੀਮ ਨੇ ਅੱਜ ਦੁਪਹਿਰ ਦੇ ਸਮੇਂ ਮਾਡਲ ਥਾਣਾ ਦਾਖਾ ਦੇ ਥਾਣੇਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਵਿਜੀਲੈਂਸ ਵਿਭਾਗ ਲੁਧਿਆਣਾ ਦੇ ਇੰਸਪੈਕਟਰ ਰਜਿੰਦਰ ਸਿੰਘ, ਐੱਸ. ਆਈ. ਪ੍ਰਦੀਪ ਸਿੰਘ ਅਤੇ ਏ. ਐੱਸ. ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਗੁੜ੍ਹੇ ਵਾਸੀ ਜੋਗਿੰਦਰ ਸਿੰਘ ਪੁੱਤਰ ਰਤਨ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਥਾਣਾ ਦਾਖਾ ਦਾ ਥਾਣੇਦਾਰ ਗੁਰਚਰਨ ਸਿੰਘ ਥਾਣਾ ਦਾਖਾ ਵਿਖੇ ਦਰਜ ਮੁਕੱਦਮਾ 34/16 ਦਾ ਚਲਾਨ ਅਦਾਲਤ ਵਿਚ ਪੇਸ਼ ਕਰਨ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਟੀਮ ਨੇ ਦੁਪਹਿਰ ਸਮੇਂ ਥਾਣੇਦਾਰ ਗੁਰਚਰਨ ਸਿੰਘ ਨੂੰ ਬਿਜਲੀ ਦਫਤਰ ਅੱਡਾ ਦਾਖਾ ਦੇ ਬਾਹਰੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਸ਼ਿਕਾਇਤਕਰਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਰਤਨ ਸਿੰਘ  ਆਜ਼ਾਦ ਹਿੰਦ ਫੌਜ ਦੇ ਸਿਪਾਹੀ ਸਨ ਅਤੇ 1969 ਵਿਚ ਉਨ੍ਹਾਂ ਨੂੰ 250 ਰੁਪਏ ਪੈਨਸ਼ਨ ਲੱਗੀ ਸੀ, ਜੋ ਕਿ ਬਾਅਦ ਵਿਚ ਬੰਦ ਹੋ ਗਈ ਸੀ ਅਤੇ ਕਿਸੇ ਤਰ੍ਹਾਂ ਕਨਵਰਰਾਜ ਸਿੰਘ ਵਾਸੀ ਲੁਧਿਆਣਾ ਮੈਨੂੰ ਜਾਣਦਾ ਸੀ। ਕਨਵਰਰਾਜ ਸਿੰਘ ਨੇ ਆਪਣੀ ਪਤਨੀ ਤੇ ਤਿੰਨ ਹੋਰ ਸਾਥੀਆਂ ਸਮੇਤ ਮੇਰੇ ਨਾਲ ਸੰਪਰਕ ਕੀਤਾ ਕਿ ਉਸ ਦੀ ਦਿੱਲੀ ਕੇਂਦਰ ਸਰਕਾਰ ਵਿਚ ਜਾਣ-ਪਛਾਣ ਹੈ ਅਤੇ ਉਹ ਮੇਰੇ ਪਿਤਾ ਜੀ ਦੀ ਬਕਾਇਆ ਪੈਨਸ਼ਨ ਦੇ ਰੁਪਏ ਜੋ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲ ਬਕਾਇਆ ਹਨ, ਉਹ ਦਿਵਾ ਸਕਦਾ ਹੈ। ਮੇਰੇ ਪਿਤਾ ਜੀ ਦੇ ਕਾਗਜ਼ ਪੱਤਰ ਲੈਣ ਤੋਂ ਬਾਅਦ ਉਸ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਕਰੀਬ 40/40 ਲੱਖ ਕੁਲ 80 ਲੱਖ ਰੁਪਏ ਮਿਲਣੇ ਹਨ ਤੇ ਕੇਂਦਰ ਤੇ ਪੰਜਾਬ ਸਰਕਾਰ ਦੀ ਸਕੀਮ ਤਹਿਤ ਉਸ ਨੇ ਸਾਨੂੰ ਬਣਦਾ ਟੈਕਸ 8 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਤੇ ਵੱਖ-ਵੱਖ ਸਮੇਂ 'ਤੇ ਚਾਰ ਕਿਸ਼ਤਾਂ ਵਿਚ 8 ਲੱਖ ਰੁਪਏ ਲੈ ਲਏ ਸਨ। 8 ਲੱਖ ਰੁਪਏ ਲੈਣ ਤੋਂ ਬਾਅਦ ਕਥਿਤ ਦੋਸ਼ੀ ਨੇ ਸਾਡੇ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ, ਫਿਰ ਸਾਨੂੰ ਪਤਾ ਲੱਗਾ ਕਿ ਸਾਡੇ ਨਾਲ ਅੱਠ ਲੱਖ ਰੁਪਏ ਦੀ ਠੱਗੀ ਹੋ ਗਈ ਹੈ। ਜੋਗਿੰਦਰ ਸਿੰਘ ਨੇ ਉਕਤ ਠੱਗੀ ਸਬੰਧੀ ਥਾਣਾ ਦਾਖਾ ਵਿਖੇ ਮਿਤੀ 16-02-16 ਨੂੰ ਥਾਣਾ ਦਾਖਾ ਵਿਖੇ ਕਨਵਰਜੀਤ ਸਿੰਘ ਤੇ ਉਸ ਦੇ ਚਾਰ ਹੋਰ ਸਾਥੀਆਂ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ ਅਤੇ ਉਕਤ ਮੁਕੱਦਮੇ ਦਾ ਦਾਖਾ ਪੁਲਸ ਵੱਲੋਂ ਅਜੇ ਤੱਕ ਅਦਾਲਤ ਵਿਚ ਚਲਾਨ ਪੇਸ਼ ਨਹੀਂ ਕੀਤਾ ਗਿਆ ਸੀ ਅਤੇ ਜਦੋਂ ਉਸ ਨੇ ਐਤਵਾਰ ਥਾਣੇਦਾਰ ਗੁਰਚਰਨ ਸਿੰਘ ਨਾਲ ਸੰਪਰਕ ਕਰ ਕੇ ਕਿਹਾ ਕਿ ਤੁਸੀਂ ਅਦਾਲਤ ਵਿਚ ਕਥਿਤ ਦੋਸ਼ੀਆਂ ਖਿਲਾਫ ਚਲਾਨ ਪੇਸ਼ ਕਰ ਦੇਵੋ ਤਾਂ ਗੁਰਚਰਨ ਸਿੰਘ ਨੇ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਸੌਦਾ 10 ਹਜ਼ਾਰ ਰੁਪਏ ਹੋਣ ਤੋਂ ਬਾਅਦ ਅਸੀਂ ਵਿਜੀਲੈਸ ਦੀ ਟੀਮ ਕੋਲ ਸ਼ਿਕਾਇਤ ਕੀਤੀ ਤੇ ਵਿਜੀਲੈਂਸ ਦੀ ਟੀਮ ਨੇ ਅੱਜ ਗੁਰਚਰਨ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਮੌਕੇ 'ਤੇ ਕਾਬੂ ਕਰ ਲਿਆ।