ਭਾਗੀਵਾਂਦਰ ਕਤਲ ਕਾਂਡ : ਇਕ ਹੋਰ ਕਥਿਤ ਦੋਸ਼ੀ ਸੰਦੀਪ ਸਿੰਘ ਵੱਡਾ ਨੂੰ ਵੀ ਪੁਲਸ ਨੇ ਕੀਤਾ ਗ੍ਰਿਫਤਾਰ

07/20/2017 6:01:24 AM

ਤਲਵੰਡੀ ਸਾਬੋ(ਮੁਨੀਸ਼)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ 'ਚ ਕਥਿਤ ਨਸ਼ਾ ਸਮੱਗਲਰ ਮੋਨੂੰ ਅਰੋੜਾ ਨਾਮੀ ਨੌਜਵਾਨ ਨੂੰ ਬੇਰਹਿਮੀ ਨਾਲ ਵੱਢ ਕੇ ਪਿੰਡ ਦੀ ਸੱਥ 'ਚ ਸੁੱਟ ਦੇਣ ਤੋਂ ਬਾਅਦ ਜ਼ੇਰੇ ਇਲਾਜ ਹੋਈ ਉਸ ਦੀ ਮੌਤ ਉਪਰੰਤ ਦਰਜ ਮਾਮਲੇ ਦੇ ਇਕ ਹੋਰ ਕਥਿਤ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਹੁਣ ਤੱਕ ਫੜੇ ਜਾ ਚੁੱਕੇ ਕਥਿਤ ਦੋਸ਼ੀਆਂ ਦੀ ਗਿਣਤੀ 3 ਹੋ ਚੁੱਕੀ ਹੈ। ਇੱਥੇ ਦੱਸਣਾ ਬਣਦਾ ਹੈ ਕਿ 8 ਜੂਨ 2017 ਨੂੰ ਮੋਨੂੰ ਅਰੋੜਾ ਨਾਮੀ ਨੌਜਵਾਨ ਪੁਲਸ ਨੂੰ ਪਿੰਡ ਭਾਗੀਵਾਂਦਰ ਦੀ ਸੱਥ 'ਚ ਬੜੀ ਬੇਰਹਿਮੀ ਨਾਲ ਵੱਢੀ ਟੁੱਕੀ ਹਾਲਤ ਵਿਚ ਮਿਲਿਆ ਸੀ ਤੇ ਬਾਅਦ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨਾਂ 'ਤੇ ਤਲਵੰਡੀ ਸਾਬੋ ਪੁਲਸ ਨੇ ਪਿੰਡ ਦੇ 13 ਵਿਅਕਤੀਆਂ 'ਤੇ 302 ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਉਕਤ ਮਾਮਲੇ ਦੇ ਕਥਿਤ ਮੁੱਖ ਦੋਸ਼ੀ ਅਮਰਿੰਦਰ ਸਿੰਘ ਰਾਜੂ ਨੇ ਡੀ.ਐੱਸ.ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਦੇ ਦਫਤਰ ਪੁੱਜ ਕੇ ਆਤਮਸਮਰਪਣ ਕਰ ਦਿੱਤਾ ਸੀ ਤੇ ਅਜੇ ਕੁਝ ਦਿਨ ਪਹਿਲਾਂ ਹੀ ਪੁਲਸ ਨੇ ਇਕ ਹੋਰ ਕਥਿਤ ਦੋਸ਼ੀ ਹਰਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲ਼ਿਆ ਸੀ। ਅੱਜ ਤੀਜੇ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ ਵੱਡਾ ਦੀ ਗ੍ਰਿਫਤਾਰੀ ਦੀ ਸੂਚਨਾ ਦਿੰਦਿਆਂ ਡੀ.ਐੱਸ.ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਪਿਛਲੇ ਸਮੇਂ ਤੋਂ ਹੀ ਉਕਤ ਕਾਂਡ ਦੇ ਸਾਰੇ ਕਥਿਤ ਦੋਸ਼ੀਆਂ ਨੂੰ ਲੱਭਣ ਲਈ ਸਰਗਰਮ ਹੈ ਤੇ ਅੱਜ ਪਤਾ ਲੱਗਾ ਸੀ ਕਿ ਸੰਦੀਪ ਉਰਫ ਵੱਡਾ ਕਿਸੇ ਵਿਅਕਤੀ ਨੂੰ ਮਿਲਣ ਲਈ ਪਿੰਡ ਫਤਿਹਗੜ੍ਹ ਨੌ ਆਬਾਦ ਪੁੱਜ ਸਕਦਾ ਹੈ, ਜਿਸ 'ਤੇ ਪੁਲਸ ਉਸ 'ਤੇ ਨਜ਼ਰ ਰੱਖ ਰਹੀ ਸੀ ਤੇ ਪਿੰਡ ਫਤਿਹਗੜ੍ਹ ਨੌ ਆਬਾਦ ਦੇ ਬੱਸ ਸਟੈਂਡ 'ਤੇ ਪੁੱਜਦਿਆਂ ਹੀ ਪੁਲਸ ਪਾਰਟੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਉਕਤ ਕਾਂਡ ਦੇ ਬਾਕੀ ਬਚਦੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਜਾਰੀ ਹੈ ਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਡੀ.ਐੱਸ.ਪੀ. ਨਾਲ ਇਸ ਮੌਕੇ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਵੀ ਮੌਜੂਦ ਸਨ।