ਪੁਲਸ ਨੇ ਮੁਜਰਿਮਾਂ ''ਤੇ ਸ਼ਿਕੰਜਾ ਕੱਸਣਾ ਕੀਤਾ ਸ਼ੁਰੂ 5 ਲੁਟੇਰੇ ਕੀਤੇ ਕਾਬੂ

07/19/2017 2:18:29 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਆਖਿਰਕਾਰ ਪੁਲਸ ਨੇ ਲੁਟੇਰਿਆਂ ਅਤੇ ਚੋਰਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਹੋਏ 5 ਲੁਟੇਰਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਵੱਲੋਂ ਖੋਹੇ ਗਏ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ।  ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਪੀ.ਡੀ. ਸਵਰਨ ਸਿੰਘ ਖੰਨਾ ਨੇ ਦੱਸਿਆ ਕਿ ਬੀਤੇ ਦਿਨੀਂ ਸ਼ੇਖਾ ਰੋਡ ਟਰਾਈਡੈਂਟ ਫੈਕਟਰੀ ਦੇ ਪੁਲ ਨੇੜੇ ਬੇਆਬਾਦ ਕਾਲੋਨੀ 'ਚ ਥਾਣਾ ਸਿਟੀ ਦੇ ਇੰਚਾਰਜ ਅਸ਼ੋਕ ਕੁਮਾਰ ਦੀ ਰਹਿਨੁਮਾਈ ਹੇਠ ਏ.ਐੱਸ.ਆਈ. ਕੁਲਦੀਪ ਸਿੰਘ ਅਤੇ ਏ.ਐੱਸ.ਆਈ. ਹਰਜਿੰਦਰ ਸਿੰਘ ਨੇ 5 ਲੁਟੇਰਿਆਂ ਨੂੰ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਹੋਏ ਕਾਬੂ ਕੀਤਾ। ਉਕਤ ਲੁਟੇਰਿਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਬਿੱਟੂ ਪੁੱਤਰ ਗੁਰਜੰਟ ਸਿੰਘ, ਅਜੇ ਅਟਵਾਲ ਉਰਫ ਅੰਜੂ ਪੁੱਤਰ ਸੁਰੇਸ਼ ਕੁਮਾਰ, ਲਵਪ੍ਰੀਤ ਉਰਫ ਲਿਪੀ ਪੁੱਤਰ ਇੰਦਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਉਰਫ ਗੋਲੂ ਪੁੱਤਰ ਦਰਸ਼ਨ ਸਿੰਘ ਵਾਸੀ ਬਰਨਾਲਾ, ਗੁਰਪ੍ਰੀਤ ਸਿੰਘ ਉਰਫ ਬੱਗਾ ਪੁੱਤਰ ਗੁਰਦੇਵ ਸਿੰਘ ਵਾਸੀ ਭਦੌੜ ਵਜੋਂ ਹੋਈ। ਪੁੱਛਗਿੱਛ ਦੌਰਾਨ ਇਨ੍ਹਾਂ ਨੇ 5 ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ। ਇਨ੍ਹਾਂ ਕੋਲੋਂ 3 ਸੋਨੇ ਦੀਆਂ ਚੇਨਾਂ, ਇਕ ਜੋੜਾ ਸੋਨੇ ਦੀਆਂ ਵਾਲੀਆਂ ਅਤੇ 3 ਮੋਬਾਇਲ, 2 ਮੋਟਰਸਾਈਕਲ ਅਤੇ ਹਥਿਆਰ, ਜਿਨ੍ਹਾਂ 'ਚ ਬਰਛੀ, ਰਾਡ, ਕਿਰਚ, ਪਾਈਪ ਤੇ ਦਾਤ ਬਰਾਮਦ ਕੀਤੇ ਗਏ।  ਵਾਰਦਾਤਾਂ 'ਤੇ ਕਾਬੂ ਪਾਉਣ ਲਈ ਸਪੈਸ਼ਲ ਟੀਮ ਦਾ ਕੀਤਾ ਗਿਆ ਸੀ ਗਠਨ : ਐੱਸ.ਪੀ.ਡੀ. ਸਵਰਨ ਸਿੰਘ ਖੰਨਾ ਨੇ ਦੱਸਿਆ ਕਿ ਜ਼ਿਲੇ 'ਚ ਲੁੱੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ 'ਤੇ ਕਾਬੂ ਪਾਉਣ ਲਈ ਐਂਟੀ ਗੁੰਡਾ ਸਟਾਫ ਦੇ ਇੰਚਾਰਜ ਹਰਜਿੰਦਰ ਸਿੰਘ ਦੀ ਅਗਵਾਈ 'ਚ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ। ਗ੍ਰਿਫਤਾਰ ਲੁਟੇਰਿਆਂ ਨੇ 11 ਮਈ ਨੂੰ ਜੰਡਾਂ ਵਾਲਾ ਰੋਡ 'ਤੇ, 25 ਜੂਨ ਨੂੰ ਡੀਸੈਂਟ ਹੋਟਲ ਕੋਲ ਅਤੇ 7 ਜੁਲਾਈ ਨੂੰ ਐੱਸ.ਡੀ. ਕਾਲਜ ਨੇੜੇ ਚੇਨਾਂ ਖੋਹੀਆਂ ਸਨ। 15 ਜੁਲਾਈ ਨੂੰ ਧਨੌਲਾ ਰੋਡ 'ਤੇ ਇਕ ਚੇਨੀ ਖੋਹੀ ਸੀ, 17 ਜੁਲਾਈ ਨੂੰ ਗੀਤਾ ਭਵਨ ਨੇੜੇ ਇਕ ਜੋੜਾ ਵਾਲੀਆਂ ਦਾ ਖੋਹਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਪਿੰਡ ਕੁਤਬਾ 'ਚ ਐੱਨ.ਆਰ.ਆਈ. ਦੀ ਕੋਠੀ 'ਚ ਡਕੈਤੀ ਕਰਨ ਵਾਲੇ 4 ਲੁਟੇਰਿਆਂ ਨੂੰ ਵੀ ਕਾਬੂ ਕਰ ਲਿਆ ਹੈ।