ਕਿਸਾਨਾਂ ਨੂੰ ਨਕਲੀ ਕੀੜੇਮਾਰ ਦਵਾਈਆਂ ਖਰੀਦਣ ਲਈ ਮਜ਼ਬੂਰ ਕਰਨ ਵਾਲੇ 4 ਗ੍ਰਿਫਤਾਰ

07/19/2017 12:58:40 AM

ਫਿਰੋਜ਼ਪੁਰ(ਕੁਮਾਰ, ਵਾਹੀ)- ਫਿਰੋਜ਼ਪੁਰ ਦੇ ਥਾਣਾ ਮੱਖੂ ਦੀ ਪੁਲਸ ਨੇ ਖੇਤੀਬਾੜੀ ਵਿਕਾਸ ਅਫਸਰ ਮੱਖੂ ਪਲਵਿੰਦਰ ਸਿੰਘ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਅਧਾਰ 'ਤੇ ਮੱਖਣ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ ਵਾਸੀ ਪੱਟੀ, ਜ਼ਿਲਾ ਤਰਨਤਾਰਨ ਤੇ ਬਲਜੀਤ ਸਿੰਘ ਨੂੰ ਕਿਸਾਨਾਂ ਨੂੰ ਨਕਲੀ ਕੀੜੇਮਾਰ ਦਵਾਈਆਂ ਖਰੀਦਣ ਸਬੰਧੀ ਗੁੰਮਰਾਹ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੀ ਬਲੈਰੋ ਗੱਡੀ ਕੀੜੇ ਮਾਰ ਦਵਾਈਆਂ ਸਮੇਤ ਕਬਜ਼ੇ ਵਿਚ ਲੈ ਲਈ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਕਾਸ ਅਫਸਰ ਮੱਖੂ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਮੱਖਣ ਸਿੰਘ ਵਾਸੀ ਬਠਿੰਡਾ, ਕੁਲਵੰਤ ਸਿੰਘ, ਪਰਮਜੀਤ ਸਿੰਘ ਤੇ ਬਲਜੀਤ ਸਿੰਘ ਪੱਟੀ, ਜ਼ਿਲਾ ਤਰਨਤਾਰਨ ਕਿਸਾਨਾਂ ਨੂੰ ਨਕਲੀ ਕੀੜੇਮਾਰ ਦਵਾਈਆਂ ਖਰੀਦਣ ਦੇ ਲਈ ਗੁੰਮਰਾਹ ਕਰ ਰਹੇ ਹਨ, ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੀ ਦਵਾਈ ਵੇਚਣ ਜਾਂ ਰੱਖਣ ਦਾ ਕੋਈ ਪਰਮਿਟ ਜਾਂ ਲਾਇਸੈਂਸ ਨਹੀਂ ਹੈ ਤੇ ਇਹ ਆਪਣੀ ਬਲੈਰੋ ਗੱਡੀ ਵਿਚ ਦਵਾਈਆਂ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਪੁਲਸ ਨੇ ਬੰਗਾਲੀ ਵਾਲਾ ਪੁਲ 'ਤੇ ਇਨ੍ਹਾਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 54 ਕਿਲੋ 500 ਗ੍ਰਾਮ ਮਿਥਾਈਲ ਤੇ 662, 750 ਗ੍ਰਾਮ ਪਦਾਨ ਬਰਾਮਦ ਕੀਤੀ ਹੈ। ਪੁਲਸ ਨੇ ਫੜੇ ਗਏ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।