ਚੋਰੀਸ਼ੁਦਾ ਮੋਟਰਸਾਈਕਲਾਂ ''ਤੇ ਝਪਟ ਲੈਂਦੇ ਸੀ ਵਿਦਿਆਰਥਣਾਂ ਦੀਆਂ ਚੇਨਾਂ ਤੇ ਪਰਸ

06/27/2017 3:14:56 AM

ਲੁਧਿਆਣਾ (ਰਿਸ਼ੀ)-ਚੋਰੀਸ਼ੁਦਾ ਮੋਟਰਸਾਈਕਲਾਂ 'ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਕਾਲਜ ਗਰਲਜ਼ ਤੋਂ ਪਰਸ ਅਤੇ ਗਲੇ ਦੀ ਚੇਨ ਝਪਟ ਕੇ ਫਰਾਰ ਹੋਣ ਵਾਲੇ ਗਿਰੋਹ ਦਾ ਸਪੈਸ਼ਲ ਟਾਸਕ ਯੂਨਿਟ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ 5 ਦੋਸਤਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀਸ਼ੁਦਾ ਮੋਟਰਸਾਈਕਲ, ਸਨੈਚਿੰਗ ਦੇ ਮੋਬਾਇਲ ਫੋਨ ਅਤੇ ਸੋਨੇ ਦੀਆਂ ਚੇਨਾਂ ਅਤੇ ਵਾਰਦਾਤ 'ਚ ਵਰਤੇ ਨਕਲੀ ਪਿਸਤੌਲ ਵੀ ਬਰਾਮਦ ਹੋਏ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ. ਕ੍ਰਾਈਮ ਸਤਨਾਮ ਸਿੰਘ ਅਤੇ ਇੰਚਾਰਜ ਪ੍ਰੇਮ ਸਿੰਘ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਨ੍ਹਾਂ ਦੇ ਨਾਲ 2 ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਇਹ ਚੋਰੀ ਦਾ ਸਾਮਾਨ ਵੇਚਦੇ ਸਨ ਅਤੇ ਉਸ ਦੇ ਬਦਲੇ 'ਚ ਵੱਡੀ ਮਾਤਰਾ 'ਚ ਨਸ਼ਾ ਖਰੀਦਦੇ ਸਨ। ਮੋਬਾਇਲ ਖਰੀਦਣ ਵਾਲੇ ਇਕ ਦੋਸ਼ੀ ਖਿਲਾਫ ਨਸ਼ਾ ਸਮੱਗਲਿੰਗ ਦੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਦਿਨ 'ਚ ਕਾਲਜ ਗਰਲਜ਼ ਤੋਂ ਇਲਾਵਾ ਰਾਤ ਨੂੰ ਸੁੰਨਸਾਨ ਜਗ੍ਹਾ 'ਤੇ ਇਸ ਗਿਰੋਹ ਵੱਲੋਂ ਨਕਲੀ ਪਿਸਤੌਲ ਦਿਖਾ ਕੇ ਪ੍ਰਵਾਸੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਸੀ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਗੰਭੀਰਤਾ ਪੁੱਛਗਿੱਛ ਕਰੇਗੀ ਅਤੇ ਇਨ੍ਹਾਂ ਤੋਂ ਕਬੂਲੀਆਂ ਵਾਰਦਾਤਾਂ ਕਿੱਥੇ-ਕਿੱਥੇ ਮਾਮਲੇ ਦਰਜ ਹਨ ਪਤਾ ਲਾਇਆ ਜਾਵੇਗਾ।
ਬਰਾਮਦਗੀ
ਤਿੰਨ ਮੋਟਰਸਾਈਕਲ, ਸਨੈਚਿੰਗ ਦੇ 21 ਮੋਬਾਇਲ ਫੋਨ, ਤਿੰਨ ਸੋਨੇ ਦੀਆਂ ਚੇਨੀਆਂ, ਇਕ ਨਕਲੀ ਪਿਸਤੌਲ
ਜ਼ਮਾਨਤ 'ਤੇ ਆ ਕੇ 40 ਦਿਨਾਂ 'ਚ ਕੀਤੀਆਂ 12 ਵਾਰਦਾਤਾਂ
ਇੰਸਪੈਕਟਰ ਪ੍ਰੇਮ ਅਨੁਸਾਰ ਇਸ ਗਿਰੋਹ ਦੇ ਮੈਂਬਰ ਲੱਕੀ ਪ੍ਰਸਾਦ 'ਤੇ ਹੱਤਿਆ, ਲੁੱਟ-ਖੋਹ ਅਤੇ ਨਸ਼ਾ ਸਮੱਗਲਿੰਗ ਦੇ 5 ਮਾਮਲੇ ਦਰਜ ਹਨ। ਸਾਲ 2013 'ਚ ਥਾਣਾ ਡਵੀਜ਼ਨ ਨੰ. 2 'ਚ ਦਰਜ ਹੋਏ ਹੱਤਿਆ ਦੇ ਮਾਮਲੇ 'ਚ ਲਗਭਗ 40 ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਆਉਂਦੇ ਹੀ 12 ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।