ਕਬੂਤਰ ਚੋਰੀ ਕਰਦਾ-ਕਰਦਾ ਬਣ ਗਿਆ ਵੱਡਾ ਚੋਰ

06/20/2017 2:47:24 AM

ਲੁਧਿਆਣਾ(ਕੁਲਵੰਤ)-ਕਬੂਤਰ ਚੋਰੀ ਕਰਦੇ ਇਕ ਕਾਰ ਡਰਾਈਵਰ ਦੇ ਹੌਸਲੇ ਇਸ ਕਦਰ ਬੁਲੰਦ ਹੋਏ ਕਿ ਉਸ ਨੇ ਆਪਣੇ ਹੀ ਮਾਲਕ ਦੀ ਗੱਡੀ 'ਚੋਂ ਸਾਢੇ 7 ਲੱਖ ਦੀ ਨਕਦੀ ਉਡਾ ਲਈ ਅਤੇ ਫਰਾਰ ਹੋ ਗਿਆ ਪਰ ਪੀ. ਏ. ਯੂ. ਦੀ ਪੁਲਸ ਨੇ 10 ਦਿਨ ਬਾਅਦ ਕਾਰ ਡਰਾਈਵਰ ਨੂੰ ਸਾਢੇ 4 ਲੱਖ ਦੀ ਨਕਦੀ ਸਣੇ ਗ੍ਰਿਫਤਾਰ ਕਰ ਲਿਆ, ਜਿਸਦੀ ਪਛਾਣ ਪਿੰਡ ਬਖੌਰਾ ਕਲਾਂ ਜ਼ਿਲਾ ਸੰਗਰੂਰ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ ਜੱਗੀ ਉਰਫ ਮਾਘੀ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਦਿੰਦੇ ਏ. ਡੀ. ਸੀ. ਪੀ.-3 ਸੁਰਿੰਦਰ ਲਾਂਬਾ ਨੇ ਦੱਸਿਆ ਕਿ 12 ਜੂਨ ਨੂੰ ਪ੍ਰੋਫੈਸਰ ਕਾਲੋਨੀ ਦੇ ਰਹਿਣ ਵਾਲੇ ਤੇ ਬਾਂਸਲ ਕੋਲਾ ਕੰਪਨੀ ਦੇ ਟ੍ਰੇਡਰਜ਼ ਦੇ ਮਾਲਕ ਕੇਵਲ ਕ੍ਰਿਸ਼ਨ ਬਾਂਸਲ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੀ ਕਾਰ ਲਈ ਉਕਤ ਦੋਸ਼ੀ ਨੂੰ ਡਰਾਈਵਰ ਰੱਖਿਆ ਸੀ। ਇਹ ਡਰਾਈਵਰ ਉਸ ਦੀ ਜਾਣ-ਪਛਾਣ ਵਾਲੇ ਉਦਯੋਗਪਤੀ ਨੇ ਰਖਵਾਇਆ ਸੀ ਅਤੇ ਇਸ ਦਾ ਜੀਜਾ ਵੀ ਪਹਿਲਾਂ ਉਨ੍ਹਾਂ ਕੋਲ ਕੰਮ ਕਰਦਾ ਸੀ, ਜਿਸ ਦੇ ਕਹਿਣ 'ਤੇ ਹੀ ਇਸਨੂੰ ਰੱਖਿਆ ਸੀ। ਉਸ ਦਿਨ ਉਹ ਘਰੋਂ ਲਿਫਾਫੇ ਵਿਚ ਸਾਢੇ 7 ਲੱਖ ਦੀ ਨਕਦੀ ਲੈ ਕੇ ਆਪਣੇ ਰਿਸ਼ਤੇਦਾਰ ਸਤੀਸ਼ ਬਾਂਸਲ ਨੂੰ ਮਿਲਣ ਲਈ ਉਸ ਦੇ ਫਿਰੋਜ਼ਗਾਂਧੀ ਮਾਰਕੀਟ ਸਥਿਤ ਦਫਤਰ ਵਿਚ ਗਿਆ ਸੀ। ਪਿੱਛੋਂ ਡਰਾਈਵਰ ਜੱਗੀ ਨੇ ਉਹ ਕਾਰ ਉਸ ਦੇ ਘਰ ਦੇ ਬਾਹਰ ਖੜ੍ਹੀ ਕਰ ਦਿੱਤੀ ਅਤੇ ਕਾਰ ਵਿਚ ਪਈ ਨਕਦੀ ਲੈ ਕੇ ਉਹ ਆਪਣੇ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਇਸ ਬਾਰੇ ਉਸ ਨੂੰ ਉਦੋਂ ਪਤਾ ਲੱਗਾ, ਜਦੋਂ ਉਹ ਦਫਤਰ ਤੋਂ ਬਾਹਰ ਆਇਆ ਤਾਂ ਉਥੇ ਨਾ ਤਾਂ ਕਾਰ ਸੀ ਅਤੇ ਨਾ ਹੀ ਡਰਾਈਵਰ। ਜਿਸ ਦੇ ਬਾਅਦ ਉਸ ਨੂੰ ਪਤਾ ਲੱਗਾ ਕਿ ਕਾਰ ਤਾਂ ਉਸ ਦੇ ਘਰ ਦੇ ਬਾਹਰ ਖ਼ੜ੍ਹੀ ਹੈ, ਉਹ ਘਰ ਪਹੁੰਚਿਆ ਤਾਂ ਕਾਰ ਦੇ ਅੰਦਰ ਦੇਖਿਆ ਤਾਂ ਨਕਦੀ ਵਾਲਾ ਲਿਫਾਫਾ ਗਾਇਬ ਸੀ, ਜਿਸ ਦੇ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਨੂੰ ਅੱਗੇ ਵਧਾਇਆ।  ਥਾਣਾ ਪੀ. ਏ. ਯੂ. ਮੁਖੀ ਬ੍ਰਿਜ ਮੋਹਨ ਤੇ ਏ. ਐੱਸ. ਆਈ. ਲਖਵਿੰਦਰ ਮਸੀਹ ਦੀ ਪੁਲਸ ਪਾਰਟੀ ਨੇ ਗੰਭੀਰ ਜਾਂਚ-ਪੜਤਾਲ ਦੇ ਬਾਅਦ ਦੋਸ਼ੀ ਨੂੰ ਅੱਜ ਛਾਪੇਮਾਰੀ ਕਰਦੇ ਹੋਏ ਗ੍ਰਿਫਤਾਰ ਕਰ ਲਿਆ, ਜਿਸ ਨਾਲ ਪੁਲਸ ਨੇ ਕਾਰਵਾਈ ਕਰ ਕੇ ਚੋਰੀ ਕੀਤੀ ਹੋਈ ਸਾਢੇ 4 ਲੱਖ ਦੀ ਨਕਦੀ ਅਤੇ ਮੋਟਰਸਾਈਕਲ ਵੀ ਬਰਾਮਦ ਹੋ ਗਿਆ। ਇਸ ਤੋਂ ਇਲਾਵਾ ਪੁੱਛਗਿੱਛ ਵਿਚ ਉਸ ਨੇ ਮੰਨਿਆ ਹੈ ਕਿ ਚੋਰੀ ਦੀਆਂ ਛੋਟੀਆਂ ਮੋਟੀਆਂ ਕਈ ਵਾਰਦਾਤਾਂ ਉਹ ਪਹਿਲਾਂ ਵੀ ਕਰ ਚੁੱਕਾ ਹੈ ਪਰ ਉਸ ਖਿਲਾਫ ਕੋਈ ਕੇਸ ਦਰਜ ਨਹੀਂ ਹੈ। ਥਾਣਾ ਮੁਖੀ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਉਹ ਲੋਕਾਂ ਦੇ ਘਰਾਂ 'ਚੋਂ ਕਬੂਤਰ ਤੱਕ ਚੋਰੀ ਕਰ ਚੁੱਕਾ ਹੈ। ਪੁਲਸ ਇਸ ਨੂੰ ਰਿਮਾਂਡ 'ਤੇ ਲੈ ਕੇ ਹੋਰ ਵੀ ਪੁੱਛਗਿੱਛ ਕਰੇਗੀ ਤੇ ਸੰਗਰੂਰ ਤੋਂ ਇਸ ਦਾ ਅਪਰਾਧਿਕ ਰਿਕਾਰਡ ਵੀ ਮੰਗਵਾਇਆ ਜਾ ਰਿਹਾ ਹੈ।