ਫੌਜੀ ਸਨਮਾਨ ਨਾਲ ਹੋਇਆ ਅਰੁਣਜੀਤ ਦਾ ਸਸਕਾਰ, ਮਾਂ ਨੇ ਸਿਹਰਾ ਬੰਨ੍ਹ ਕੀਤਾ ਵਿਦਾ

12/22/2019 6:48:39 PM

ਗੁਰਦਾਸਪੁਰ (ਵਿਨੋਦ) : ਗਲੇਸ਼ੀਅਰ 'ਚ ਤਾਇਨਾਤ ਸੈਨਾ ਦੀ 5 ਡੋਗਰਾ ਯੂਨਿਟ ਦੇ 22 ਸਾਲਾਂ ਸਿਪਾਹੀ ਅਰੁਣਜੀਤ ਕੁਮਾਰ ਜੋ ਛੁੱਟੀ ਲੈ ਕੇ ਘਰ ਪਰਤ ਰਿਹਾ ਸੀ ਦੀ ਚੰਡੀਗੜ੍ਹ ਏਅਰਪੋਰਟ 'ਤੇ ਹਾਲਤ ਖਰਾਬ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਅਰੁਣਜੀਤ ਦੀ ਅੱਜ ਤਿਰੰਗੇ ਵਿਚ ਲਿਪਟੀ ਲਾਸ਼ ਨੂੰ ਸੈਨਾ ਦੇ ਜਵਾਨਾਂ ਵੱਲੋਂ ਬਮਿਆਲ ਸੈਕਟਰ ਵਿਚ ਪੈਂਦੇ ਉਸ ਦੇ ਸਰਹੱਦੀ ਪਿੰਡ ਫਰਵਾਲ ਲਿਆਂਦਾ ਗਿਆ। ਜਿਥੇ ਪੂਰੇ ਸੈਨਿਕ ਸਨਮਾਨ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਮੂਨ ਤੋਂ ਆਈ ਸੈਨਾ ਦੀ 3/4 ਜੀ.ਆਰ ਯੂਨਿਟ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਸਿਪਾਹੀ ਅਰੁਣਜੀਤ ਨੂੰ ਸਲਾਮੀ ਦਿੱਤੀ।

ਸਟੇਸ਼ਨ ਕਮਾਂਡਰ ਮਾਮੂਨ ਕੈਂਟ ਵੱਲੋਂ ਮੇਜਰ ਦੀਪਕ ਸਿੰਘ ਤੇ 5 ਡੋਗਰਾ ਯੂਨਿਟ ਦੇ ਕਮਾਂਡਿੰਗ ਅਫਸਰ ਕਰਨਲ ਪੀਯੂਸ਼ ਸੂਦ ਵੱਲੋਂ ਸੂਬੇਦਾਰ ਨਰਿੰਦਰ ਸਿੰਘ ਤੋਂ ਇਲਾਵਾ ਹਲਕਾ ਵਿਧਾਇਕ ਜੋਗਿੰਦਰ ਪਾਲ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ, ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ ਨੇ ਰੀਥ ਚੜਾ ਕੇ ਸਿਪਾਹੀ ਨੂੰ ਸੈਲੂਟ ਕੀਤਾ।

ਤਿਰੰਗੇ ਵਿਚ ਲਿਪਟੀ ਸਿਪਾਹੀ ਅਰੁਣਜੀਤ ਦੀ ਦੇਹ ਜਦੋਂ ਪਿੰਡ ਫਰਵਾਲ ਪਹੁੰਚੀ ਤਾਂ ਸਾਰੇ ਪਿੰਡ ਵਿਚ ਮਾਤਮ ਛਾ ਗਿਆ। ਮਾਂ ਨੀਲਮ ਤੇ ਭੈਣਾਂ ਮੋਨਿਕਾ ਤੇ ਵੀਰਤਾ ਅਰੁਣਜੀਤ ਦੀ ਮ੍ਰਿਤਕ ਲਾਸ਼ ਨੂੰ ਵੇਖਦੇ ਹੀ ਬੇਸੁੱਧ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਮਹੀਨੇ ਪਹਿਲਾਂ ਸਿਪਾਹੀ ਅਰੁਣਜੀਤ ਦੀ ਯੂਨਿਟ ਫੈਜਾਬਾਦ ਤੋਂ ਗਲੇਸ਼ੀਅਰ ਜਾ ਰਹੀ ਸੀ ਤਾਂ ਉਸ ਨੇ ਘਰ ਫੋਨ 'ਤੇ ਪਰਿਵਾਰ ਨੂੰ ਪਠਾਨਕੋਟ ਮਿਲਣ ਲਈ ਕਿਹਾ ਸੀ ਅਤੇ ਮਾਂ ਨੀਲਮ ਨੂੰ ਆਪਣੀ ਫੋਟੋ ਨਾਲ ਲਿਆਉਣ ਨੂੰ ਕਿਹਾ। 

ਅਰੁਣਜੀਤ ਦੇ ਮੋਢਿਆਂ 'ਤੇ ਸੀ ਪਰਿਵਾਰ ਦੀ ਜ਼ਿੰਮੇਵਾਰੀ
ਅਰੁਣਜੀਤ ਪਰਿਵਾਰ ਵਿਚ ਇਕਲੌਤਾ ਕਮਾਉਣ ਵਾਲਾ ਸੀ। ਘਰ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ 'ਤੇ ਸੀ ਕਿਉਂਕਿ ਉਸ ਦਾ ਪਿਤਾ ਦਰਸ਼ਨ ਕੁਮਾਰ ਤੇ ਵੱਡਾ ਭਰਾ ਅਮਰਜੀਤ ਮਜਦੂਰੀ ਕਰਦੇ ਹਨ ਅਤੇ ਦੋਵਾਂ ਛੋਟੀਆਂ ਭੈਣਾਂ ਪੜ੍ਹਾਈ ਪੂਰੀ ਕਰਕੇ ਘਰ ਬੈਠੀਆਂ ਹਨ। 

ਮਾਂ ਨੇ ਸਿਹਰਾ ਤੇ ਭੈਣਾਂ ਨੇ ਰੱਖੜੀ ਬੰਨ ਕੀਤਾ ਵਿਦਾ
ਮਾਂ ਨੀਲਮ ਨੇ ਆਪਣੇ ਜਵਾਨ ਪੁੱਤ ਅਰੁਣਜੀਤ ਦੇ ਸਿਰ 'ਤੇ ਸਿਹਰਾ ਬੰਨ੍ਹਿਆ ਅਤੇ ਭੈਣਾਂ ਮੋਨਿਕਾ ਤੇ ਵੀਰਤਾ ਨੇ ਮ੍ਰਿਤਕ ਭਰਾ ਦੇ ਗੁੱਟ 'ਤੇ ਰੱਖੜੀ ਬੰਨ ਕੇ ਅੰਤਿਮ ਵਿਦਾਈ ਦਿੱਤੀ। ਇਸ ਤੋਂ ਇਲਾਵਾ ਮਾਂ ਨੇ ਬਹਾਦੁਰੀ ਦਿਖਾਉਂਦੇ ਹੋਏ ਲੜਕੇ ਦੀ ਤਿਰੰਗੇ ਵਿਚ ਲਿਪਟੀ ਲਾਸ਼ ਨੂੰ ਸ਼ਮਸ਼ਾਨਘਾਟ ਤੱਕ ਮੋਢਾ ਵੀ ਦਿੱਤਾ। ਇਸ ਮੌਕੇ ਤੇ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਿਪਾਹੀ ਅਰੁਣਜੀਤ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਕ ਮੁਹੱਈਆ ਕਰਵਾਏਗੀ ਅਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਪਾਹੀ ਅਰੁਣਜੀਤ ਦੀ ਯਾਦ ਵਿਚ ਕੋਈ ਯਾਦਗਾਰ ਬਣਾਉਣ ਲਈ ਪੱਤਰ ਲਿਖਣਗੇ ਅਤੇ ਉਹ ਖੁਦ ਵੀ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਖੜੇ ਹਨ।

Gurminder Singh

This news is Content Editor Gurminder Singh