ਪੁਲਸ ਦੀ ਲਾਪਰਵਾਹੀ, ਜਿਸ ਕੇਸ ''ਚ ਕੱਟ ਚੁੱਕਿਆ ਸੀ ਸਜ਼ਾ, ਉਸੇ ''ਚ ਭਗੌੜਾ ਦੱਸ ਕੇ ਕੀਤਾ ਗ੍ਰਿਫਤਾਰ

12/08/2019 12:17:45 PM

ਚੰਡੀਗੜ੍ਹ (ਹਾਂਡਾ)— ਚੰਡੀਗੜ੍ਹ ਪੁਲਸ ਵੱਲੋਂ ਭਗੌੜੇ ਘੋਸ਼ਿਤ ਮੁਲਜ਼ਮਾਂ ਨੂੰ ਫੜਣ ਲਈ ਬਣਾਈ ਐੱਸ. ਆਈ. ਟੀ. ਦੀ ਟੀਮ ਨੇ 3 ਦਿਨ ਪਹਿਲਾਂ ਆਰਮਜ਼ ਐਕਟ ਮਾਮਲੇ 'ਚ ਸਜ਼ਾ ਕੱਟ ਚੁੱਕੇ ਅਨਿਲ ਕੁਮਾਰ ਉਰਫ ਤੋਤਾ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਸੀ। ਪੁਲਸ ਦਾ ਕਹਿਣਾ ਸੀ ਕਿ ਆਰਮਜ਼ ਐਕਟ ਦੇ ਮਾਮਲੇ 'ਚ ਉਸ 'ਤੇ ਦਰਜ ਐੱਫ. ਆਈ. ਆਰ. ਤੋਂ ਬਾਅਦ ਉਹ ਜੇਲ 'ਚ ਸੀ, ਜਿੱਥੋਂ ਪੈਰੋਲ 'ਤੇ ਬਾਹਰ ਆਇਆ ਅਤੇ ਮੁੜ ਜੇਲ 'ਚ ਨਹੀਂ ਗਿਆ, ਜਿਸ ਨੂੰ ਪੀ. ਓ. ਕਰਾਰ ਦਿੱਤਾ ਜਾ ਚੁੱਕਿਆ ਹੈ।

ਸੈਸ਼ਨ ਕੋਰਟ ਵੱਲੋਂ ਹੀ ਅਨਿਲ ਦੀ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਸਨ ਪਰ ਪੁਲਸ ਨੇ ਰਿਕਾਰਡ ਦੇਖੇ ਬਿਨਾਂ ਹੀ ਅਨਿਲ ਚੌਹਾਨ ਉਰਫ ਤੋਤਾ ਨੂੰ ਜ਼ਬਰਨ ਉਸ ਦੇ ਘਰੋਂ ਸੈਕਟਰ-63 ਤੋਂ ਚੁੱਕ ਲਿਆ ਸੀ। ਅਨਿਲ ਤੋਤਾ ਨੂੰ ਮੈਡੀਕਲ ਲਈ ਸੈਕਟਰ-45 ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ ਭੇਜਣ ਦੀ ਤਿਆਰੀ ਸੀ ਕਿ ਉਸ ਦੀ ਪਤਨੀ ਨੇ ਆਦੇਸ਼ ਪਾਸ ਹੋਣ ਤੋਂ ਪਹਿਲਾਂ ਹੀ ਅਦਾਲਤ ਨੂੰ ਦੱਸਿਆ ਕਿ ਅਨਿਲ ਉਰਫ ਤੋਤਾ ਨੂੰ ਜਿਸ ਆਰਮਜ਼ ਐਕਟ ਦੇ ਮਾਮਲੇ 'ਚ ਪੁਲਸ ਗ੍ਰਿਫਤਾਰ ਕਰਕੇ ਲਿਆਈ ਹੈ, ਉਸ ਦੀ ਸਜ਼ਾ ਉਹ ਕੱਟ ਚੁੱਕਿਆ ਹੈ। ਇਸ ਦਾ ਰਿਕਾਰਡ ਜੇਲ ਤੋਂ ਲਿਆ ਜਾ ਸਕਦਾ ਹੈ। ਅਨਿਲ ਦੀ ਪਤਨੀ ਨੇ ਕੋਰਟ ਨੂੰ ਹਾਈਕੋਰਟ ਦੇ ਉਹ ਆਰਡਰ ਵੀ ਸਬੂਤ ਦੇ ਰੂਪ 'ਚ ਦਿਖਾਏ, ਜਿਸ 'ਚ ਤੋਤੇ ਨੇ ਆਪਣੀ ਸਜ਼ਾ ਨੂੰ ਚੈਲੇਂਜ ਕੀਤਾ ਸੀ ਅਤੇ ਆਰਡਰ 'ਚ ਸਾਫ਼ ਲਿਖਿਆ ਹੈ ਕਿ ਅਪੀਲ ਜੇਲ 'ਚ ਰਹਿੰਦੇ ਹੋਏ ਹੀ ਕੀਤੀ ਗਈ ਸੀ। ਉਸ ਦੇ ਬਾਵਜੂਦ ਪੁਲਸ ਨੇ ਉਸ ਨੂੰ ਜ਼ਬਰਨ ਗ੍ਰਿਫਤਾਰ ਕੀਤਾ ਹੈ ਜੋ ਕਿ ਗੈਰ-ਕਾਨੂੰਨੀ ਹੈ।

ਪੁਲਸ ਦਾ ਕਾਰਨਾਮਾ ਹੈਰਾਨ ਕਰਨ ਵਾਲਾ
ਜੱਜ ਨੇ ਅਨਿਲ ਦੀ ਪਤਨੀ ਦੀ ਦਲੀਲ ਸੁਣ ਅਤੇ ਸਬੂਤ ਵੇਖ ਕੇ ਅਨਿਲ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ਸ਼ਨੀਵਾਰ ਨੂੰ ਕੋਰਟ 'ਚ ਸਜ਼ਾ ਭੁਗਤਣ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ ਸੀ ਜੋਕਿ ਉਸ ਨੇ ਸ਼ਨੀਵਾਰ ਨੂੰ ਵਕੀਲ ਸੰਦੀਪ ਕਟੋਚ ਦੀ ਮਾਰਫਤ ਕਰ ਦਿੱਤੇ ਹਨ ਅਤੇ ਕੋਰਟ ਨੇ ਰਿਲੀਜ਼ ਕੀਤੇ ਜਾਣ ਦੇ ਆਦੇਸ਼ ਪਾਸ ਕਰ ਦਿੱਤੇ ਹਨ। ਕੋਰਟ ਵੱਲੋਂ ਰਿਲੀਜ਼ ਕੀਤੇ ਜਾਣ ਤੋਂ ਬਾਅਦ ਅਨਿਲ ਨੇ ਕਿਹਾ ਹੈ ਕਿ ਪੁਲਸ ਅਤੇ ਕੋਰਟ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਹ ਹੈਰਾਨ ਹੈ।

ਪਰਿਵਾਰ ਦੀ ਬਦਨਾਮੀ ਹੋਈ, ਬੇਟੀ ਸਦਮੇ 'ਚ
ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਬਹੁਤ ਬਦਨਾਮੀ ਹੋਈ ਅਤੇ ਉਨ੍ਹਾਂ ਦੀ ਛੋਟੀ ਬੇਟੀ ਸਦਮੇ 'ਚ ਹੈ ਜੋ ਕਿ ਉਸ ਸਮੇਂ ਉਸ ਨਾਲ ਸੀ ਜਦੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ ਜ਼ਲੀਲ ਕਰਦੇ ਹੋਏ ਜ਼ਬਰਨ ਕਾਰ 'ਚ ਲੈ ਆਏ ਸਨ। ਅਨਿਲ ਕੁਮਾਰ ਦਾ ਕਹਿਣਾ ਸੀ ਕਿ ਉਸ ਦਾ ਨਾਂ ਅਖਬਾਰਾਂ 'ਚ ਛਪਿਆ ਅਤੇ ਉਨ੍ਹਾਂ ਦੀ ਮਾਣਹਾਨੀ ਹੋਈ ਹੈ, ਜਿਸ ਲਈ ਉਹ ਚੰਡੀਗੜ੍ਹ ਪੁਲਸ ਖਿਲਾਫ ਮਾਣਹਾਨੀ ਦਾ ਦਾਅਵਾ ਠੋਕਣਗੇ। ਅਨਿਲ ਨੇ ਦੱਸਿਆ ਕਿ ਜਿਸ ਮਾਮਲੇ 'ਚ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਸ ਮਾਮਲੇ 'ਚ ਉਹ ਨਾ ਤਾਂ ਕਦੇ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਅਤੇ ਨਾ ਹੀ ਕਦੇ ਬੇਲ ਹੀ ਅਪਲਾਈ ਕੀਤੀ ਸੀ ਫਿਰ ਉਹ ਪੀ. ਓ. ਕਿਵੇਂ ਹੋ ਸਕਦੇ ਹਨ। ਅਨਿਲ ਨੇ ਉਕਤ ਮਾਮਲੇ 'ਚ 3 ਸਾਲ ਦੀ ਥਾਂ 5 ਸਾਲ ਦੀ ਸਜ਼ਾ ਜੇਲ 'ਚ ਕੱਟੀ ਹੈ ਕਿਉਂਕਿ ਫੈਸਲਾ 5 ਸਾਲ ਬਾਅਦ ਆਇਆ ਸੀ ਜਿਸ 'ਚ ਉਸ ਨੂੰ 3 ਸਾਲ ਦੀ ਸਜ਼ਾ ਹੋਈ ਸੀ।

shivani attri

This news is Content Editor shivani attri