ਆਰਮੀਨੀਆ ਤੇ ਅਜ਼ਰਬੈਜਾਨ ਦੀ ਲੜਾਈ ਵਿਚਕਾਰ ਇਹ ਪੰਜਾਬੀ ਪਰਿਵਾਰ ਕਰ ਰਿਹੈ ਪੁੰਨ ਦਾ ਕੰਮ

10/14/2020 3:09:11 PM

ਯੇਰਵਨ- ਆਰਮੀਨੀਆ ਅਤੇ ਅਜ਼ਰਬੈਜਾਨ ਵਿਚਕਾਰ ਨਾਗੋਰਨੋ-ਕਾਰਬਾਖ ਇਲਾਕੇ ਨੂੰ ਲੈ ਕੇ ਛਿੜੀ ਜੰਗ ਵਿਚ ਕਈ ਲੋਕ ਬੇਘਰ ਹੋ ਗਏ ਹਨ। ਕਈ ਲੋਕ ਆਪਣਾ ਘਰ ਛੱਡ ਕੇ ਆਰਮੀਨੀਆ ਦੀ ਰਾਜਧਾਨੀ ਯੇਰਵਨ ਪੁੱਜ ਗਏ ਹਨ। ਆਰਮੀਨੀਆਈ ਤਾਂ ਇਨ੍ਹਾਂ ਬੇਘਰ ਲੋਕਾਂ ਦੀ ਮਦਦ ਕਰ ਹੀ ਰਹੇ ਹਨ ਪਰ ਇੱਥੇ ਤਕਰੀਬਨ 6 ਸਾਲ ਤੋਂ ਰਹਿ ਰਿਹਾ ਇਕ ਪੰਜਾਬੀ ਪਰਿਵਾਰ ਵੀ ਅੱਗੇ ਵੱਧ ਕੇ ਆਪਣਾ ਯੋਗਦਾਨ ਪਾ ਰਿਹਾ ਹੈ। 

ਪੰਜਾਬ ਦੇ ਮਲੇਰਕੋਟਲਾ ਤੋਂ ਆਰਮੀਨੀਆ ਆ ਕੇ ਵਸੇ 47 ਸਾਲਾ ਪਰਵੇਜ਼ ਅਲੀ ਖਾਨ ਪਿਛਲੇ 6 ਸਾਲਾਂ ਤੋਂ ਇੱਥੇ ਭਾਰਤੀ ਮਹਿਕ ਨਾਂ ਦਾ ਇਕ ਰੈਸਟੋਰੈਂਟ ਚਲਾ ਰਹੇ ਹਨ। ਇਹ ਯੇਰਵਨ ਵਿਚ ਆਪਣੀ ਪਤਨੀ ਤੇ ਦੋ ਧੀਆਂ ਨਾਲ ਰਹਿੰਦੇ ਹਨ।

ਜਦ ਪਰਵੇਜ਼ ਨੇ ਅਰਮੀਨੀਆ ਤੇ ਅਜ਼ਰਬੈਜਾਨ ਦੀ ਜੰਗ ਬਾਰੇ ਸੁਣਿਆ ਤਾਂ ਉਨ੍ਹਾਂ ਨੂੰ ਤੁਰੰਤ ਪ੍ਰ੍ਭਾਵਿਤ ਲੋਕਾਂ ਦੀ ਮਦਦ ਕਰਨ ਬਾਰੇ ਸੋਚਿਆ।  ਉਨ੍ਹਾਂ ਦੱਸਿਆ ਕਿ ਪੂਰਾ ਦੇਸ਼ ਇਕੱਠਾ ਹੋ ਕੇ ਖਾਣਾ, ਦਵਾਈਆਂ, ਕੱਪੜੇ ਆਦਿ ਭੇਜ ਰਿਹਾ ਹੈ ਪਰ ਸਾਨੂੰ ਲੱਗਾ ਕਿ ਇਨ੍ਹਾਂ ਲੋਕਾਂ ਕੋਲ ਪੱਕੇ ਹੋਏ ਭੋਜਨ ਦੀ ਕਮੀ ਹੈ, ਇਸ ਲਈ ਉਨ੍ਹਾਂ ਨੇ ਖਾਣਾ ਬਣਾ ਕੇ ਦੇਣਾ ਸ਼ੁਰੂ ਕੀਤਾ। 

ਉਨ੍ਹਾਂ ਕਿਹਾ ਕਿ ਭਾਵੇਂ ਉਹ ਰੈਸਟੋਰੈਂਟ ਚਲਾਉਂਦੇ ਹਨ ਪਰ ਹੁਣ ਕੋਰੋਨਾ ਕਾਰਨ ਕਾਫੀ ਸਟਾਫ ਭਾਰਤ ਜਾ ਚੁੱਕਾ ਸੀ ਪਰ ਇਸ ਦੇ ਬਾਵਜੂਦ ਇਸ ਪੰਜਾਬੀ ਪਰਿਵਾਰ ਨੇ ਦਿਲ ਖੋਲ੍ਹ ਕੇ ਮਦਦ ਕੀਤੀ। ਪਹਿਲਾਂ-ਪਹਿਲਾਂ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ਵਿਚ ਵਲੰਟੀਅਰ ਉਨ੍ਹਾਂ ਨਾਲ ਜੁੜਦੇ ਗਏ ਤੇ ਕੰਮ ਸੌਖਾ ਹੋਣ ਲੱਗ ਗਿਆ। ਇਸ ਦੇ ਨਾਲ ਖਾਣਾ ਵੰਡਣ ਦਾ ਕੰਮ ਬਹੁਤ ਸੌਖਾ ਹੋ ਗਿਆ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਸਮੂਹਾਂ ਨੂੰ ਆਪਣਾ ਨੰਬਰ ਸਾਂਝਾ ਕਰ ਰਹੇ ਹਾਂ ਅਤੇ ਸ਼ਰਣਾਰਥੀਆਂ ਦੀ ਮਦਦ ਕਰ ਰਹੇ ਹਾਂ। ਉਹ ਪੂਰੀਆਂ, ਭਟੂਰੇ- ਛੋਲੇ, ਸਬਜ਼ੀਆਂ ਆਦਿ ਭਾਰਤੀ ਖਾਣਾ ਬਣਾਉਂਦੇ ਹਨ ਤੇ ਨਾਲ ਦੇ ਨਾਲ ਘੱਟ ਤੇਲ ਤੇ ਘੱਟ ਮਸਾਲਿਆਂ ਦੀ ਵਰਤੋਂ ਕਰ ਰਹੇ ਹਨ ਤਾਂ ਕਿ ਕਿਸੇ ਦੀ ਵੀ ਸਿਹਤ 'ਤੇ ਮਾੜਾ ਅਸਰ ਨਾ ਪਵੇ।

Lalita Mam

This news is Content Editor Lalita Mam