7 ਦਸੰਬਰ ਨੂੰ ਮਨਾਇਆ ਜਾਵੇਗਾ ਹਥਿਆਰਬੰਦ ਸੈਨਾ ਝੰਡਾ ਦਿਵਸ - ਡਿਪਟੀ ਕਮਿਸ਼ਨਰ

11/24/2017 1:09:50 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਆਈ. ਏ. ਐਸ. ਨੇ ਦੱਸਿਆ ਹੈ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ ਦੀ ਤਰਾਂ 7 ਦਸੰਬਰ 2017 ਨੂੰ ਮਨਾਇਆ ਜਾਵੇਗਾ। ਇਸ ਦਿਨ ਰਾਸ਼ਟਰ ਆਪਣੇ ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ। ਇਸ ਦਿਨ ਅਤਿ ਮਹੱਤਵਪੂਰਨ ਵਿਅਕਤੀਆਂ ਦੇ ਨਾਲ ਨਾਲ ਸਮੂਹ ਭਾਰਤੀਆਂ ਦੇ ਝੰਡਾ ਲਗਾਉਣ ਦੀ ਰਸਮ ਹੋਵੇਗੀ। ਇਸ ਦਿਨ ਜ਼ਿਲਾ ਪ੍ਰਸ਼ਾਸਨ ਅਤੇ ਸਮੂਹ ਵਿਭਾਗਾਂ ਵੱਲੋਂ ਝੰਡੇ ਦੇ ਸਨਮਾਨ ਵਿਚ ਵਿੱਤੀ ਅੰਸ਼ਦਾਨ ਇੱਕਤਰ ਕੀਤਾ ਜਾਂਦਾ ਹੈ। ਇੱਕਤਰ ਹੋਈ ਰਾਸ਼ੀ ਕੇਂਦਰ ਅਤੇ ਰਾਜਾਂ ਦੇ ਸੈਨਿਕ ਬੋਰਡਾਂ ਵੱਲੋਂ ਲਾਗੂ ਕੀਤੀਆਂ ਜਾਂਦੀਆਂ ਸੈਨਿਕ ਭਲਾਈ ਸਕੀਮਾਂ ਵਿਚ ਵਰਤੀ ਜਾਂਦੀ ਹੈ। ਦਾਨ ਰਾਸ਼ੀ ਤੋਂ ਵਿਧਵਾਵਾਂ, ਅਪੰਗ ਸੈਨਿਕ, ਸਾਬਕਾ ਸੈਨਿਕਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਨੂੰ ਵਿੱਤੀ ਮਦਦ ਦਿੱਤੀ ਜਾਂਦੀ ਹੈ। ਦੱਸਿਆ ਗਿਆ ਹੈ ਕਿ ਇਸ ਰਾਸ਼ੀ ਨਾਲ ਤਕਰੀਬਨ ਇਕ ਕਰੋੜ ਲੋਕ ਲਾਭ ਲੈ ਸਕਣਗੇ। ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਸੈਨਾ ਝੰਡਾ ਦਿਵਸ ਸਬੰਧੀ ਦਾਨ ਕੀਤੀ ਰਾਸ਼ੀ ਇਨਕਮ ਟੈਕਸ ਮੁਕਤ ਹੈ। ਇਸ ਮੌਕੇ ਉਨ੍ਹਾਂ ਨੇ ਜ਼ਿਲਾ ਵਾਸੀਆਂ ਨੂੰ ਦੇਸ਼ ਸੇਵਾ ਦੇ ਇਸ ਪਵਿੱਤਰ ਕਾਰਜ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।