ਭਾਰਤ ਆਉਣਗੇ ਯੂ. ਐੱਨ. ਦੇ ਮੁਖੀ, ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ

09/23/2018 12:22:24 PM

ਅੰਮ੍ਰਿਤਸਰ/ ਵਾਸ਼ਿੰਗਟਨ— ਸੰਯੁਕਤ ਰਾਸ਼ਟਰ (ਯੂ. ਐੱਨ.) ਮੁਖੀ ਐਂਟੋਨੀਓ ਗੁਤੇਰਸ ਅਗਲੇ ਮਹੀਨੇ ਭਾਵ ਪਹਿਲੀ ਅਕਤੂਬਰ ਨੂੰ ਭਾਰਤ ਦੀ ਯਾਤਰਾ ਕਰਨਗੇ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਰੂਪ ਵਿਚ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੋਵੇਗੀ। ਉਨ੍ਹਾਂ ਦੀ ਯਾਤਰਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦਾ ਪ੍ਰੋਗਰਾਮ ਸ਼ੁਰੂ ਹੋਣ 'ਤੇ ਹੋਵੇਗੀ। ਜਨਰਲ ਸਕੱਤਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਤੇਰਸ ਇੱਕ ਅਕਤੂਬਰ ਨੂੰ ਨਵੀਂ ਦਿੱਲੀ ਪੁੱਜਣਗੇ। 

ਇਕ ਸਵਾਲ ਦੇ ਜਵਾਬ 'ਚ ਗੁਤੇਰਸ ਨੇ ਕਿਹਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਗੇ।  ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ 'ਤੇ ਜਾਣਾ ਚਾਹੁੰਦੇ ਹਨ। ਹੱਕ ਨੇ ਦੱਸਿਆ ਕਿ ਇਕ ਅਕਤੂਬਰ ਨੂੰ ਗੁਤੇਰਸ ਰਸਮੀ ਤੌਰ 'ਤੇ ਨਵੀਂ ਦਿੱਲੀ ਵਿਚ ਨਵੇਂ ਸੰਯੁਕਤ ਰਾਸ਼ਟਰ ਭਵਨ ਦਾ ਉਦਘਾਟਨ ਕਰਨਗੇ। ਦੋ ਅਕਤੂਬਰ ਨੂੰ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸਵੱਛਤਾ ਸੰਮੇਲਨ ਦੇ ਸਮਾਪਤੀ ਸਮਾਰੋਹ ਵਿਚ ਹਿੱਸਾ ਲੈਣਗੇ। ਗੁਤੇਰਸ ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਕੋਵਿੰਦ, ਪ੍ਰਧਾਨ ਮੰਤਰੀ ਮੋਦੀ ,  ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਤਿੰਨ ਅਕਤੂਬਰ ਨੂੰ ਮੁਲਾਕਾਤ ਕਰਨਗੇ। ਜਾਣਕਾਰੀ ਮੁਤਾਬਕ ਉਹ 3 ਅਕਤੂਬਰ ਦੀ ਦੁਪਹਿਰ ਨੂੰ ਅੰਮ੍ਰਿਤਸਰ 'ਚ ਦਰਬਾਰ ਸਾਹਿਬ ਜਾਣਗੇ ਅਤੇ ਚਾਰ ਅਕਤੂਬਰ ਨੂੰ ਨਿਊਯਾਰਕ ਵਾਪਸ ਚਲੇ ਜਾਣਗੇ।

ਗੁਤੇਰਸ ਨੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਤੌਰ 'ਤੇ ਚੁਣੇ ਜਾਣ ਤੋਂ ਕੁਝ ਮਹੀਨੇ ਪਹਿਲਾਂ ਜੁਲਾਈ 2016 ਵਿਚ ਭਾਰਤ ਦੀ ਯਾਤਰਾ ਕੀਤੀ ਸੀ। ਉਸ ਸਮੇਂ ਆਪਣੀ ਯਾਤਰਾ ਦੌਰਾਨ ਉਨ੍ਹਾਂ ਨੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ।