ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ''ਚ ਅਰਥੀ ਸਾੜੀ

10/27/2017 5:11:04 AM

ਮੌੜ ਮੰਡੀ, (ਪ੍ਰਵੀਨ)- ਪੰਜਾਬ ਸਰਕਾਰ ਘਰੇਲੂ ਬਿਜਲੀ ਦਰਾਂ 'ਚ ਕੀਤੇ ਬੇਤਹਾਸ਼ਾ ਵਾਧੇ, 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਅਤੇ ਹੋਰ ਜਨਤਾ ਵਿਰੋਧੀ ਫੈਸਲਿਆਂ ਦੀ ਵਿਰੋਧਤਾ ਕਰਨ ਲਈ ਸੀ. ਪੀ. ਆਈ. (ਐੱਮ.ਐੱਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸ਼ਹਿਰ ਦੇ ਚੌਕ 'ਚ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਤੇ ਮੰਗ ਕੀਤੀ ਗਈ ਕਿ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਰੇਟ ਅੱਧੇ ਕੀਤੇ ਜਾਣ। 
ਇਸ ਮੌਕੇ ਸੰਬੋਧਨ ਕਰਦਿਆਂ ਲਿਬਰੇਸ਼ਨ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਓਂ, ਜ਼ਿਲਾ ਪ੍ਰਧਾਨ ਪ੍ਰਿਤਪਾਲ ਸਿੰਘ ਰਾਮਪੁਰਾ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਮਜ਼ਦੂਰਾਂ, ਕਿਸਾਨਾਂ, ਬੇਰੁਜ਼ਗਾਰਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਨ ਅਤੇ ਧਾਰਮਕ ਕਿਤਾਬਾਂ ਸਿਰ 'ਤੇ ਰੱਖ ਕੇ ਕਸਮਾਂ ਖਾਣ ਵਾਲਾ ਮੁੱਖ ਮੰਤਰੀ ਅੱਜ ਆਪਣੇ ਸਾਰੇ ਵਾਅਦੇ ਭੁੱਲ ਕੇ ਲੋਕਾਂ 'ਤੇ ਟੈਕਸ ਲਾ ਕੇ ਗਰੀਬਾਂ ਦਾ ਜਿਊਣਾ ਦੁੱਭਰ ਕਰ ਰਿਹਾ ਹੈ। 
ਉਨ੍ਹਾਂ ਕਿਹਾ ਕਿ ਜਿਥੇ ਇਕ ਪਾਸੇ ਬਿਜਲੀ ਬਿੱਲਾਂ ਦੀਆਂ ਦਰਾਂ 'ਚ ਵਾਧਾ ਕਰ ਕੇ ਸਰਕਾਰ ਗਰੀਬਾਂ ਦੇ ਘਰਾਂ 'ਚ ਹਨੇਰਾ ਕਰ ਰਹੀ ਹੈ, ਉਥੇ ਹੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਕੇ ਗਰੀਬਾਂ ਦੇ ਬੱਚਿਆਂ ਤੋਂ ਵਿੱਦਿਆ ਦਾ ਹੱਕ ਖੋਹ ਰਹੀ ਹੈ। 
ਉਨ੍ਹਾਂ ਕਿਹਾ ਕਿ ਇਕ ਪਾਸੇ ਵਿੱਤ ਮੰਤਰੀ ਆਮ ਲੋਕਾਂ ਨੂੰ ਇਕ ਡੰਗ ਦੀ ਰੋਟੀ ਖਾਣ ਅਤੇ ਸਾਦੇ ਵਿਆਹ ਵਗੈਰਾ ਕਰਨ ਦੀਆਂ ਸਲਾਹਾਂ ਦੇਣ ਦੇ ਡਰਾਮੇ ਕਰ ਰਿਹਾ ਹੈ ਦੂਜੇ ਪਾਸੇ ਸਭ ਸਰਕਾਰੀ ਸਹੂਲਤਾਂ ਅਤੇ ਸਬਸਿਡੀਆਂ ਦਾ ਆਨੰਦ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਭ ਪੂੰਜੀਪਤੀਆਂ ਦਾ ਪੱਖ ਪੂਰਨ ਵਾਲੀਆਂ ਪਾਰਟੀਆਂ ਹਨ ਅਤੇ ਸਿਰਫ ਚੋਣਾਂ ਸਮੇਂ ਹੀ ਗਰੀਬ ਪੱਖੀ ਹੋਣ ਦਾ ਡਰਾਮਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸੀ.ਪੀ.ਆਈ. ਐੱਮ. ਐੱਲ. ਪਾਰਟੀ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਤਿੱਖਾ ਵਿਰੋਧ ਕਰੇਗੀ ਤੇ ਸਰਕਾਰ ਵਿਰੁੱਧ ਸੰਘਰਸ਼ ਕਰੇਗੀ। 
ਇਸ ਮੌਕੇ ਬਲਾਕ ਪ੍ਰਧਾਨ ਨਛੱਤਰ ਸਿੰਘ ਰਾਮਨਗਰ, ਰੇਹੜੀ ਮਜ਼ਦੂਰ ਯੂਨੀਅਨ ਦੇ ਬੱਬੂ ਸਿੰਘ, ਲਿਬਰੇਸ਼ਨ ਦੇ ਬਲਾਕ ਸਕੱਤਰ ਬਾਵਾ ਸਿੰਘ, ਮਲਕੀਤ ਸਿੰਘ ਮੌੜ ਨੇ ਵੀ ਸੰਬੋਧਨ ਕੀਤਾ।