ਨਸ਼ੇ ਨੇ ਲਈ ਇਕ ਹੋਰ ਜਾਨ

01/23/2018 7:38:12 AM

ਪੱਟੀ,   (ਸੌਰਭ, ਸੋਢੀ, ਪਾਠਕ)-  ਪੱਟੀ ਸ਼ਹਿਰ ਦੀ ਵਾਰਡ ਨੰ. 1 ਦੇ ਵਸਨੀਕ ਵਿੱਕੀ ਸਿੰਘ (22) ਨੌਜਵਾਨ, ਜਿਸ ਦੀ ਬਾਂਹ 'ਤੇ ਨਸ਼ੇ ਦੀ ਸਰਿੰਜ ਲੱਗੀ ਹੋਈ ਸੀ, ਰਾਤ ਮ੍ਰਿਤਕ ਹਾਲਤ 'ਚ ਮਿਲਿਆ। ਵਿੱਕੀ ਸਿੰਘ ਦੇ ਪਿਤਾ ਸੁਖਦੇਵ ਸਿੰਘ ਤੇ ਭਰਾ ਸ੍ਹਾਬ ਸਿੰਘ ਨੇ ਦੱਸਿਆ ਕਿ ਰਾਤ 10 ਵਜੇ ਸਾਨੂੰ ਕਿਸੇ ਨੇ ਆ ਕੇ ਦੱਸਿਆ ਕਿ ਤੁਹਾਡਾ ਪੁੱਤਰ ਸੜਕ 'ਤੇ ਡਿੱਗਾ ਪਿਆ ਹੈ। ਅਸੀਂ ਤੁਰੰਤ ਉਥੇ ਪਹੁੰਚੇ ਤੇ ਜਾ ਕੇ ਵੇਖਿਆ ਕਿ ਉਹ ਮਰ ਚੁੱਕਾ ਸੀ। 
ਉਪ ਮੰਡਲ ਦਫਤਰ ਮੂਹਰੇ ਲਾਸ਼ ਨੂੰ ਰੱਖ ਕੇ 'ਕਫਨ ਬੋਲ ਪਿਆ' ਸੰਗਠਨ ਦੇ ਪ੍ਰਧਾਨ ਮੁਖਤਿਆਰ ਸਿੰਘ ਤੇ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੱਟੀ ਸ਼ਹਿਰ 'ਚ 8 ਨੌਜਵਾਨਾਂ ਨੂੰ ਨਸ਼ੇ ਨੇ ਨਿਗਲ ਲਿਆ ਹੈ। ਨਸ਼ੇ ਦਾ ਕਾਰੋਬਾਰ ਹੋ ਧੜੱਲੇ ਨਾਲ ਰਿਹਾ ਹੈ। ਇਸ ਲਈ ਪੁਲਸ ਤੇ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਕਿਹਾ ਨਸ਼ੇ ਦੀ ਸਮੱਗਲਿੰਗ ਕਰਨ ਵਾਲਿਆਂ ਦੀਆਂ ਜਾਇਦਾਦਾਂ ਕੁਰਕ ਕਰ ਕੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾਣ। ਪੋਸਟਮਾਰਟਮ ਕਰ ਕੇ ਸਰਕਾਰ ਯੋਗ ਮੁਆਵਜ਼ਾ ਪੀੜਤਾਂ ਨੂੰ ਦੇਵੇ। ਮਨੁੱਖੀ ਅਧਿਕਾਰ ਸੰਗਠਨ ਦੇ ਸੁਰਿੰਦਰ ਸਿੰਘ ਘਰਿਆਲਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਹੈ। ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਮ ਪਾਰਟੀ ਦੇ ਰਣਜੀਤ ਸਿੰਘ ਚੀਮਾ ਨੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਹਲਕੇ 'ਚ 80 ਫੀਸਦੀ ਨਸ਼ੇ ਖਤਮ ਕਰਨ ਦਾ ਦਾਅਵਾ ਕਰਨ ਵਾਲਾ ਵਿਧਾਇਕ ਇਸ ਗੱਲ ਦਾ ਜਵਾਬ ਦੇਵੇ ਕਿ ਨਸ਼ਾ ਕਿਉਂ ਖੁੱਲ੍ਹੇਆਮ ਵਿਕ ਰਿਹਾ ਹੈ? ਮੈਡੀਕਲ ਸਟੋਰਾਂ 'ਚ ਧੜੱਲੇ ਨਾਲ ਨਸ਼ੇ ਦੀਆਂ ਸਰਿੰਜਾਂ ਤੇ ਕੈਪਸੂਲ ਮਿਲ ਰਹੇ ਹਨ। 'ਕਫਨ ਬੋਲ ਪਿਆ' ਸੰਠਗਨ ਵੱਲੋਂ ਮੌਕੇ 'ਤੇ ਪਹੁੰਚੇ ਉਪ-ਮੰਡਲ ਅਫਸਰ ਨੂੰ ਮੈਮੋਰੰਡਮ ਦੇ ਕੇ ਮੰਗ ਕੀਤੀ ਕਿ ਨਸ਼ੇ ਨਾਲ ਹੋਈ ਮੌਤ ਵਾਲੇ ਨੌਜਵਾਨ ਦੇ ਵਾਰਿਸਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।  ਐੱਸ. ਡੀ. ਐੱਮ. ਸੁਰਿੰਦਰ ਨੇ ਡੀ. ਐੱਸ. ਪੀ. ਸੋਹਣ ਸਿੰਘ ਨੂੰ ਪੋਸਟਮਾਰਟਮ ਕਰਵਾਉਣ ਲਈ ਕਿਹਾ ਅਤੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਹਲਕਾ ਵਿਧਾਇਕ ਨੂੰ ਮੁਆਵਜ਼ਾ ਦੁਆਉਣ ਦੀ ਗੱਲ ਕਹੀ। ਨਸ਼ੇ 'ਤੇ ਕਾਬੂ ਪਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।