ਕਪੂਰਥਲਾ ਦੇ ਇਕ ਹੋਰ ਡੇਂਗੂ ਪੀੜਤ ਦੀ ਮੌਤ

09/23/2017 3:08:20 AM

ਕਪੂਰਥਲਾ, (ਭੂਸ਼ਣ)- ਸ਼ਹਿਰ 'ਚ ਬੀਤੇ 3 ਹਫ਼ਤੇ ਤੋਂ ਫੈਲੇ ਡੇਂਗੂ ਨੇ ਸ਼ਨੀਵਾਰ ਨੂੰ ਇਕ ਹੋਰ ਵਿਅਕਤੀ ਦੀ ਜਾਨ ਲੈ ਲਈ। ਸ਼ਹਿਰ ਦੇ ਮੁਹੱਲਾ ਸ਼ੇਰਾਂਵਾਲਾ ਗੇਟ ਨਾਲ ਸਬੰਧਤ ਪਵਨ ਆਨੰਦ ਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋਣ ਨਾਲ ਹੁਣ ਤੱਕ ਡੇਂਗੂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 3 ਤਕ ਪਹੁੰਚ ਜਾਣ ਨਾਲ ਸ਼ਹਿਰ ਵਿਚ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਹਾਲਾਂਕਿ ਡੇਂਗੂ ਨੂੰ ਰੋਕਣ ਲਈ ਪ੍ਰਬੰਧਕੀ ਪੱਧਰ 'ਤੇ ਲੰਬੇ-ਚੌੜੇ ਦਾਅਵੇ ਕੀਤੇ ਗਏ ਸਨ। 
ਜ਼ਿਕਰਯੋਗ ਹੈ ਕਿ ਅਗਸਤ ਦੇ ਅੰਤਿਮ ਦਿਨਾਂ ਤੋਂ ਸ਼ਹਿਰ 'ਚ ਖਤਰਨਾਕ ਹੱਦ ਤਕ ਸ਼ੁਰੂ ਹੋਏ ਡੇਂਗੂ ਬੁਖਾਰ ਦੇ ਜ਼ਬਰਦਸਤ ਪ੍ਰਸਾਰ ਦੇ ਕਾਰਨ ਕਪੂਰਥਲਾ ਸ਼ਹਿਰ ਡੇਂਗੂ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਸੂਬੇ 'ਚ ਦੂਜੇ ਸਥਾਨ 'ਤੇ ਆ ਗਿਆ ਹੈ, ਜਿਸਦੇ ਦੌਰਾਨ ਇਕ ਔਰਤ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ ਸੀ। 
ਜਿਸਦੇ ਬਾਅਦ ਪ੍ਰਬੰਧਕੀ ਅਤੇ ਰਾਜਨੀਤਿਕ ਖੇਤਰਾਂ ਨੇ ਹਰਕਤ 'ਚ ਆਉਂਦੇ ਹੋਏ ਡੇਂਗੂ ਨੂੰ ਰੋਕਣ ਲਈ ਸ਼ਹਿਰ 'ਚ ਆਪਣੇ ਤੌਰ 'ਤੇ ਫੋਗਿੰਗ ਅਤੇ ਸਫਾਈ ਮੁਹਿੰਮ ਤੇਜ਼ ਕਰਨ ਦਾ ਐਲਾਨ ਕੀਤਾ ਸੀ, ਜਿਸਦੇ ਦੌਰਾਨ ਲੋਕਾਂ 'ਚ ਡੇਂਗੂ ਦੇ ਘੱਟ ਹੋਣ ਦੀ ਆਸ ਬੱਝੀ ਸੀ ਪਰ ਸ਼ਨੀਵਾਰ ਨੂੰ ਸਾਰੇ ਪ੍ਰਬੰਧਕੀ ਦਾਅਵਿਆਂ ਦੀ ਉਸ ਸਮੇਂ ਹਵਾ ਨਿਕਲ ਗਈ, ਜਦੋਂ ਸ਼ੇਰਾਂਵਾਲਾ ਗੇਟ ਖੇਤਰ ਨਾਲ ਸਬੰਧਤ ਇਕ 52 ਸਾਲਾਂ ਦੇ ਵਿਅਕਤੀ ਪਵਨ ਆਨੰਦ ਜਲੰਧਰ ਦੀ ਨਿੱਜੀ ਹਸਪਤਾਲ 'ਚ ਮੌਤ ਹੋ ਗਈ । ਦੱਸਿਆ ਜਾਂਦਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਪਵਨ ਆਨੰਦ ਨੂੰ 2-3 ਦਿਨ ਪਹਿਲਾਂ ਹੀ ਜਲੰਧਰ ਸ਼ਿਫਟ ਕੀਤਾ ਗਿਆ ਸੀ ।  ਗੌਰ ਹੋਵੇ ਕਿ ਪ੍ਰਬੰਧਕੀ ਦਾਅਵਿਆਂ ਦੇ ਬਾਵਜੂਦ ਵੀ ਸ਼ਹਿਰ 'ਚ ਡੇਂਗੂ ਮਰੀਜ਼ਾਂ ਦੀ ਗਿਣਤੀ ਇਕ ਹਜ਼ਾਰ ਤੋਂ ਉਪਰ ਜਾ ਪਹੁੰਚੀ ਹੈ ਅਤੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਲੋਕਾਂ 'ਚ ਹਾਹਾਕਾਰ ਮਚ ਗਈ ਹੈ ।