ਲੁਧਿਆਣਾ ਜ਼ਿਲ੍ਹੇ ''ਚ ਫਿਰ ਹੋਇਆ ਕੋਰੋਨਾ ਬਲਾਸਟ, 535 ਪਾਜ਼ੇਟਿਵ ਤੇ 19 ਦੀ ਮੌਤ

09/18/2020 3:29:15 AM

ਲੁਧਿਆਣਾ, (ਸਹਿਗਲ)- ਮਹਾਨਗਰ ’ਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਆਪਣਾ ਪਿਛਲਾ ਰਿਕਾਰਡ ਤੋੜਦੇ ਹੋਏ 534 ਵਿਅਕਤੀਆਂ ਨੂੰ ਪੀੜਤ ਕੀਤਾ ਹੈ, ਜਦੋਂਕਿ ਇਨ੍ਹਾਂ ਵਿਚੋਂ 19 ਦੀ ਮੌਤ ਹੋ ਗਈ ਹੈ। ਅੱਜ ਕੋਰੋਨਾ ਕਾਰਨ ਇਕ 14 ਸਾਲਾ ਨੌਜਵਾਨ ਤੇ 18 ਸਾਲਾ ਲੜਕੀ ਦੀ ਮੌਤ ਹੋ ਗਈ। ਸ਼ਿਵਾਲਾ ਰੋਡ ਦਾ ਰਹਿਣ ਵਾਲਾ ਨੌਜਵਾਨ ਡੀ. ਐੱਮ. ਸੀ. ਵਿਚ ਭਰਤੀ ਸੀ, ਜਦੋਂਕਿ ਅਰਬਨ ਅਸਟੇਟ ਦੀ 18 ਸਾਲਾ ਲੜਕੀ ਪੀ. ਜੀ. ਆਈ. ਚੰਡੀਗੜ੍ਹ ਵਿਚ ਜ਼ੇਰੇ ਇਲਾਜ ਸੀ। ਉਸ ਨੂੰ ਕੋਰੋਨਾ ਤੋਂ ਇਲਾਵਾ ਕਿਡਨੀ ਸਬੰਧੀ ਰੋਗ ਵੀ ਸੀ। ਇਹ ਵੀ ਸਾਹਮਣੇ ਆਇਆ ਕਿ ਜਿਹੜੇ ਲੋਕ ਮੋਟਾਪੇ ਤੋਂ ਪੀੜਤ ਹਨ। ਕੋਰੋਨਾ ਉਨ੍ਹਾਂ ਲਈ ਵੀ ਘਾਤਕ ਅਸਰ ਪੇਸ਼ ਕਰ ਰਿਹਾ ਹੈ। 12 ਮ੍ਰਿਤਕ ਮਰੀਜ਼ਾਂ ਵਿਚੋਂ 2 ਮਰੀਜ਼ ਮੋਟਾਪੇ ਤੋਂ ਪੀੜਤ ਸਨ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਕੇ ਅਣਆਈ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ, ਜੋ ਮੋਟਾਪੇ ਤੋਂ ਪੀੜਤ ਸਨ।

ਮਾਹਿਰਾਂ ਮੁਤਾਬਕ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਲੋੜ ਹੈ। ਕੋਰੋਨਾ ਕਾਰਨ ਅਣਆਈ ਮੌਤ ਦਾ ਸ਼ਿਕਾਰ ਹੋਏ ਮਰੀਜ਼ਾਂ ’ਚੋਂ 12 ਜ਼ਿਲੇ ਦੇ ਰਹਿਣ ਵਾਲੇ ਸਨ, ਜਦੋਂਕਿ 7 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਸਨ। ਇਸੇ ਤਰ੍ਹਾਂ 534 ਪਾਜ਼ੇਟਿਵ ਮਰੀਜ਼ਾਂ ਵਿਚੋਂ 464 ਲੁਧਿਆਣਾ ਜ਼ਿਲੇ ਨਾਲ ਸਬੰਧਤ ਹਨ, ਜਦੋਂਕਿ 70 ਦੂਜੇ ਜਿਲਿਆਂ ਦੇ ਰਹਿਣ ਵਾਲੇ ਸਨ। ਹੁਣ ਤੱਕ ਮਹਾਨਗਰ ਵਿਚ 15,372 ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 634 ਦੀ ਮੌਤ ਹੋ ਚੁੱਕੀ ਹੈ।

ਕੋਵਿਡ-19 ਦੇ ਨਾਲ ਡੇਂਗੂ ਹੋਣਾ ਖਤਰਨਾਕ

ਕੋਰੋਨਾ ਦੇ ਪਾਜ਼ੇਟਿਵ ਮਰੀਜ਼ ਨੂੰ ਡੇਂਗੂ ਬੁਖਾਰ ਹੋਣਾ ਬਹੁਤ ਹੀ ਖਤਰਨਾਕ ਮੰਨਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਰੀਜ਼ਾਂ ਦੀ ਜਾਨ ਨੂੰ ਖਤਰਾ ਵਧ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਮਹਾਨਗਰ ਵਿਚ 3-4 ਅਜਿਹੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਨੂੰ ਕੋਰੋਨਾ ਦੇ ਨਾਲ ਡੇਂਗੂ ਵੀ ਸੀ ਪਰ ਸਿਹਤ ਵਿਭਾਗ ਨੇ ਹੁਣ ਤੱਕ ਇਕ ਵੀ ਕੋਰੋਨਾ ਵਾਇਰਸ ਦੇ ਮਰੀਜ਼ ਵਿਚ ਡੇਂਗੂ ਦੀ ਪੁਸ਼ਟੀ ਨਹੀਂ ਕੀਤੀ, ਜਦੋਂਕਿ ਪਾਜ਼ੇਟਿਵ ਮਰੀਜ਼ਾਂ ’ਚੋਂ ਅਜਿਹੇ ਕਾਫੀ ਮਰੀਜ਼ ਦੱਸੇ ਜਾਂਦੇ ਹਨ, ਜਿਨ੍ਹਾਂ ਨੂੰ ਕੋਰੋਨਾ ਦੇ ਨਾਲ ਡੇਂਗੂ ਵੀ ਹੈ। ਇਸ ਸਿਲਸਿਲੇ ਵਿਚ ਜ਼ਿਲਾ ਮਲੇਰੀਆ ਅਫਸਰ ਕੁਝ ਵੀ ਦੱਸਣ ਲਈ ਤਿਆਰ ਨਹੀਂ।

ਜ਼ਿਲੇ ’ਚ 100 ਦੇ ਕਰੀਬ ਡੇਂਗੂ ਪਾਜ਼ੇਟਿਵ ਦੇ ਮਰੀਜ਼

ਸੂਬੇ ’ਚ ਡੇਂਗੂ ਦੇ 334 ਮਰੀਜ਼ਾਂ ਦੀ ਪੁਸ਼ਟੀ ਰਾਜ ਦਾ ਸਿਹਤ ਵਿਭਾਗ ਕਰ ਚੁੱਕਾ ਹੈ, ਜਦੋਂਕਿ ਸਹੀ ਗਿਣਤੀ ਤੋਂ ਜ਼ਿਆਦਾ ਦੱਸੀ ਜਾਂਦੀ ਹੈ। ਇਕੱਲੇ ਲੁਧਿਆਣਾ ਜ਼ਿਲੇ ਵਿਚ ਹੀ 100 ਦੇ ਕਰੀਬ ਡੇਂਗੂ ਪਾਜ਼ੇਟਿਵ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ ਕਿਉਂਕਿ ਡੇਂਗੂ ਦੀ ਰੋਕਥਾਮ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਗਏ। ਅਜਿਹੇ ਵਿਚ ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਮਿਲ ਕੇ ਡੇਂਗੂ ਖਤਰਨਾਕ ਹਾਲਾਤ ਪੇਸ਼ ਕਰ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ।

5311 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ

ਸਿਹਤ ਵਿਭਾਗ ਵਿਚ ਅੱਜ 5311 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਵਾਇਰਸ ਸਬੰਧੀ ਟੈਸਟ ਲੈ ਕੇ ਜਾਂਚ ਲਈ ਭੇਜੇ ਹਨ, ਜਦੋਂਕਿ 1687 ਵਿਅਕਤੀਆਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ।

252 ਵਿਅਕਤੀਆਂ ਨੂੰ ਕੀਤਾ ਹੋਮ ਆਈਸੋਲੇਟ

ਸਿਹਤ ਵਿਭਾਗ ਨੇ ਅੱਜ 252 ਲੋਕਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਮੌਜੂਦਾ ਵਿਚ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਲੋਕਾਂ ਦੀ ਗਿਣਤੀ 4494 ਹੋ ਗਈ ਹੈ।

12 ਹੈਲਥ ਕੇਅਰ ਵਰਕਰ ਪੀੜਤ

ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਅੱਜ ਫਿਰ 12 ਹੈਲਥ ਕੇਅਰ ਵਰਕ ਕੋਰੋਨਾ ਤੋਂ ਪੀੜਤ ਹੋ ਕੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 3 ਪੁਲਸ ਮੁਲਾਜ਼ਮ ਅਤੇ ਇਕ ਗਰਭਵਤੀ ਔਰਤ ਪਾਜ਼ੇਟਿਵ ਹੋਈ ਹੈ।

17 ਅੰਡਰ ਟ੍ਰਾਇਲ ਆਏ ਪਾਜ਼ੇਟਿਵ

ਅੱਜ ਸਿਹਤ ਵਿਭਾਗ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਸਾਰਾ ਅੰਡਰ ਟ੍ਰਾਇਲ ਦੇ ਪ੍ਰੋਗ੍ਰੈਸ ਹੋਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅੰਡਰ ਟ੍ਰਾਇਲ ਦੇ ਪਾਜ਼ੇਟਿਵ ਆਉਣ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ। ਜੇਲਾਂ ਵਿਚ ਬੰਦ ਇਨ੍ਹਾਂ ਅੰਡਰ ਟ੍ਰਾਇਲ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਜੇਲ ਪ੍ਰਸ਼ਾਸਨ ਵਿਚ ਕਾਫੀ ਹਲਚਲ ਦੱਸੀ ਜਾਂਦੀ ਹੈ।

34 ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਨਾਲ ਹੋਏ ਪਾਜ਼ੇਟਿਵ ਇਸ ਦਾ ਕਾਰਨ ਪਤਾ ਨਹੀਂ

ਅੱਜ ਸਾਹਮਣੇ ਆਏ 534 ਪਾਜ਼ੇਟਿਵ ਮਰੀਜ਼ਾਂ ਵਿਚੋਂ ਸਿਰਫ 34 ਮਰੀਜ਼ ਅਜਿਹੇ ਹਨ, ਜੋ ਪਹਿਲਾਂ ਤੋਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਰਹੇ ਹਨ, ਜਦੋਂਕਿ ਬਾਕੀ ਦੇ ਮਰੀਜ਼ਾਂ ਦਾ ਸਿਹਤ ਵਿਭਾਗ ਕੋਈ ਕਾਰਨ ਨਹੀਂ ਦੱਸ ਸਕਿਆ ਹੈ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ/ਲਿੰਗ        ਹਸਪਤਾਲ

ਲਾਜਪਤ ਨਗਰ        78 ਪੁਰਸ਼        ਐੱਸ. ਪੀ. ਐੱਸ.

ਬਸੰਤ ਐਵੇਨਿਊ        66 ਪੁਰਸ਼        ਐੱਸ. ਪੀ. ਐੱਸ.

ਨਿਊ ਸੁਭਾਸ਼ ਨਗਰ        50 ਔਰਤ        ਦੀਪਕ

ਅਰਬਨ ਅਸਟੇਟ        18 ਔਰਤ        ਪੀ. ਜੀ. ਆਈ.

ਵਿਸ਼ਵਕਰਮਾ ਕਾਲੋਨੀ        49 ਪੁਰਸ਼        ਰਜਿੰਦਰਾ ਹਸਪਤਾਲ ਪਟਿਆਲਾ

ਜਮਾਲਪੁਰ        78 ਪੁਰਸ਼        ਓਸਵਾਲ

ਢੋਲੇਵਾਲ        70 ਪੁਰਸ਼        ਓਸਵਾਲ

ਸਿਵਲ ਲਾਈਨ        56 ਪੁਰਸ਼        ਮਾਹਲ

ਸ਼ਿਵਾਲਾ ਰੋਡ        14 ਲੜਕਾ        ਡੀ. ਐੱਸ. ਸੀ.

ਅਮਰ ਨਗਰ        78 ਪੁਰਸ਼        ਮਿਲਟਰੀ ਹਸਪਤਾਲ, ਜਲੰਧਰ

ਸ਼ਾਹਪੁਰ        75 ਔਰਤ        ਰਜਿੰਦਰਾ ਹਸਪਤਾਲ ਪਟਿਆਲਾ

ਦੁੱਗਰੀ        56 ਪੁਰਸ਼        ਮਾਹਲ

Bharat Thapa

This news is Content Editor Bharat Thapa