ਅਨੂਪ ਪਾਠਕ ਖ਼ੁਦਕੁਸ਼ੀ ਕੇਸ: ਮੁਲਜ਼ਮ ਜ਼ਮਾਨਤ ਪਟੀਸ਼ਨ ਦਾਇਰ ਕਰਕੇ ਵੀ ਚਲੇ ਗਏ ਪੁਲਸ ਗ੍ਰਿਫ਼ਤਾਰ ਕਰਨ ’ਚ ਰਹੀ ਨਾਕਾਮ

10/03/2021 10:37:26 AM

ਜਲੰਧਰ (ਜ. ਬ.)–ਵਾਰਡ ਨੰਬਰ 51 ਦੀ ਕੌਂਸਲਰ ਰਾਧਿਕਾ ਪਾਠਕ ਦੇ ਪਤੀ ਅਨੂਪ ਪਾਠਕ ਖ਼ੁਦਕੁਸ਼ੀ ਕੇਸ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਨੂੰ 2 ਦਿਨ ਬੀਤ ਚੁੱਕੇ ਹਨ ਪਰ ਸਪੈਸ਼ਲ ਪੁਲਸ ਦੀ ਟੀਮਾਂ ਇਸ ਕੇਸ ਵਿਚ ਨਾਮਜ਼ਦ ਅੰਮ੍ਰਿਤਸਰ ਦੇ ਰਹਿਣ ਵਾਲੇ ਇੰਦਰਜੀਤ ਚੌਧਰੀ, ਅਮਰੀਕ ਸੰਧੂ ਅਤੇ ਰਵਿੰਦਰ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀਆਂ। ਦੂਜੇ ਪਾਸੇ ਮੁਲਜ਼ਮ ਜਲੰਧਰ ਆ ਕੇ ਕੁਝ ਸਿਆਸੀ ਆਗੂਆਂ ਨੂੰ ਵੀ ਮਿਲੇ ਅਤੇ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਵੀ ਦਾਇਰ ਕਰਕੇ ਚਲੇ ਗਏ, ਜਿਸ ’ਤੇ 4 ਅਕਤੂਬਰ ਨੂੰ ਸੁਣਵਾਈ ਹੋਣੀ ਸੀ ਪਰ ਜਲੰਧਰ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਰਹੀ।

ਅਨੂਪ ਪਾਠਕ ਦੇ ਬੇਟੇ ਕਰਨ ਪਾਠਕ ਨੇ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਦੋਸ਼ ਲਾਇਆ ਕਿ ਕੇਸ ਵਿਚ ਨਾਮਜ਼ਦ ਲੋਕ ਪੁਲਸ ਦੀ ਮਿਲੀਭੁਗਤ ਨਾਲ ਸ਼ਰੇਆਮ ਘੁੰਮ ਰਹੇ ਹਨ। ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਉਲਟਾ ਉਨ੍ਹਾਂ ਨੂੰ ਬਚਾਉਣ ਵਿਚ ਮਦਦ ਕਰ ਰਹੀ ਹੈ। ਕਰਣ ਨੇ ਕਿਹਾ ਕਿ ਡੀ. ਸੀ. ਪੀ. ਕ੍ਰਾਈਮ ਗੁਰਮੀਤ ਸਿੰਘ ਨੇ ਆਪਣੀ ਸੁਪਰਵਿਜ਼ਨ ਵਿਚ ਪਰਚੇ ਵਿਚ ਨਾਮਜ਼ਦ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਪੈਸ਼ਲ ਟੀਮਾਂ ਬਣਾਈਆਂ ਸਨ, ਜਿਹੜੀਆਂ 2 ਦਿਨ ਬੀਤਣ ਤੋਂ ਬਾਅਦ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀਆਂ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਕਿਸੇ ਦਬਾਅ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਜਦੋਂ ਕਿ ਉਸ ਨੂੰ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੋਰੋਨਾ ਦੌਰਾਨ ਮਾਪਿਆਂ ਨੂੰ ਗੁਆ ਚੁੱਕੀਆਂ ਧੀਆਂ ਲਈ ਆਸ਼ੀਰਵਾਦ ਸਕੀਮ ਤਹਿਤ ਲਿਆ ਵੱਡਾ ਫ਼ੈਸਲਾ

ਵਰਣਨਯੋਗ ਹੈ ਕਿ ਪਿਛਲੇ ਦਿਨੀਂ ਕੌਂਸਲਰਪਤੀ ਅਨੂਪ ਪਾਠਕ ਨੇ ਆਪਣੇ ਘਰ ਵਿਚ ਫਾਹ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਲਾਸ਼ ਦੇ ਨੇੜਿਓਂ ਇਕ ਖ਼ੁਦਕੁਸ਼ੀ ਨੋਟ ਮਿਲਿਆ ਸੀ, ਜਿਸ ਵਿਚ ਅਨੂਪ ਪਾਠਕ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇੰਦਰਜੀਤ ਚੌਧਰੀ, ਅਮਰੀਕ ਸੰਧੂ ਅਤੇ ਰਵਿੰਦਰ ਸਿੰਘ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਥਾਣਾ ਨੰਬਰ 4 ਦੀ ਪੁਲਸ ਨੇ ਮ੍ਰਿਤਕ ਅਨੂਪ ਪਾਠਕ ਦੇ ਬੇਟੇ ਕਰਨ ਪਾਠਕ ਦੇ ਬਿਆਨਾਂ ’ਤੇ ਉਕਤ ਤਿੰਨ ਲੋਕਾਂ ਸਮੇਤ ਕਈ ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਸੀ।

ਪੁਲਸ ਵੱਲੋਂ ਪਰਚੇ ਵਿਚ ਨਾਮਜ਼ਦ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੀੜਤ ਪਰਿਵਾਰ ਨੇ ਸਮਰਥਕਾਂ ਸਮੇਤ ਥਾਣਾ ਨੰਬਰ 4 ਵਿਚ ਰੋਸ ਪ੍ਰਦਰਸ਼ਨ ਕੀਤਾ ਸੀ। ਸੂਚਨਾ ਮਿਲਣ ’ਤੇ ਡੀ. ਸੀ. ਪੀ. ਕ੍ਰਾਈਮ ਗੁਰਮੀਤ ਸਿੰਘ, ਏ. ਡੀ. ਸੀ. ਪੀ. ਸੋਹੇਲ ਮੀਰ ਅਤੇ ਏ. ਸੀ. ਪੀ. ਇਕਬਾਲ ਸਿੰਘ ਕਾਹਲੋਂ ਥਾਣਾ ਨੰਬਰ 4 ਵਿਚ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੂੰ ਸ਼ਾਂਤ ਕਰਵਾਇਆ। ਡੀ. ਸੀ.ਪੀ. ਗੁਰਮੀਤ ਸਿੰਘ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਪਰਚੇ ਵਿਚ ਨਾਮਜ਼ਦ ਮੁਲਜ਼ਮਾਂ ਨੂੰ ਦੋ ਦਿਨਾਂ ਵਿਚ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਦੇਰ ਸ਼ਾਮ 5 ਵਜੇ ਕੌਂਸਲਰਪਤੀ ਅਨੂਪ ਪਾਠਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।

ਪੁਲਸ ਕਮਿਸ਼ਨਰ ਦੇ ਘਰ ਦਾ ਘਿਰਾਓ ਕਰਨ ਦੀ ਦਿੱਤੀ ਚਿਤਾਵਨੀ
ਕਰਨ ਪਾਠਕ ਨੇ ਦੱਸਿਆ ਕਿ ਉਨ੍ਹਾਂ ਵਿਜੀਲੈਂਸ ਦੇ ਗੁਰਿੰਦਰ ਸਿੰਘ ਖ਼ਿਲਾਫ਼ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੇ ਪਿਤਾ ਨੂੰ ਧਮਕਾਉਂਦਾ ਸੀ। ਪੁਲਸ ਨੇ ਗੁਰਿੰਦਰ ਸਿੰਘ ਖ਼ਿਲਾਫ਼ ਵੀ ਕੋਈ ਕਾਰਵਾਈ ਨਹੀਂ ਕੀਤੀ। ਕਰਨ ਪਾਠਕ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਉਹ ਇਨਸਾਫ਼ ਲਈ ਪੁਲਸ ਕਮਿਸ਼ਨਰ ਦੇ ਘਰ ਦਾ ਘਿਰਾਓ ਕਰਨਗੇ ਅਤੇ ਆਪਣੇ ਪਿਤਾ ਨੂੰ ਇਨਸਾਫ਼ ਦਿਵਾ ਕੇ ਰਹਿਣਗੇ।

ਇਹ ਵੀ ਪੜ੍ਹੋ : ਪਰਗਟ ਸਿੰਘ ਦੇ ਵੱਡੇ ਇਲਜ਼ਾਮ, ਕਿਹਾ-ਕੈਪਟਨ ਦੇ ਕਹਿਣ 'ਤੇ ਕੇਂਦਰ ਨੇ ਲਾਈ ਝੋਨੇ ਦੀ ਖ਼ਰੀਦ 'ਤੇ ਰੋਕ (ਵੀਡੀਓ)

‘ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਅਤੇ ਕਾਂਗਰਸ ਸਰਕਾਰ ਹੁੰਦੇ ਹੋਏ ਵੀ ਨਹੀਂ ਮਿਲ ਰਿਹਾ ਇਨਸਾਫ’
ਕਰਨ ਪਾਠਕ ਦਾ ਕਹਿਣਾ ਹੈ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੇ ਪਿਤਾ ਨੇ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਪਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਪੁਲਸ ਨੇ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ 3 ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਪਰਿਵਾਰ ਸਮੇਤ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਨੂੰ ਜ਼ੋਰ ਲਾਉਣਾ ਪੈ ਰਿਹਾ ਹੈ। ਦੂਜੇ ਪਾਸੇ ਪਰਚੇ ਵਿਚ ਨਾਮਜ਼ਦ ਅਮਰੀਕ ਸਿੰਘ ਸੰਧੂ ਨੇ ਆਪਣੇ ਵਕੀਲ ਜ਼ਰੀਏ ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਵਿਚ ਲਾਈ ਹੈ, ਜਿਸ ’ਤੇ 4 ਅਕਤੂਬਰ ਨੂੰ ਸੁਣਵਾਈ ਲਈ ਸਰਕਾਰ ਨੂੰ ਰਿਕਾਰਡ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

ਇਕ ਆਗੂ ਨੇ ਮੁਲਜ਼ਮਾਂ ਨੂੰ ਮਨ੍ਹਾ ਕੀਤਾ ਤਾਂ ਦੂਜੇ ਨੂੰ ਕੀਤਾ ਅਪ੍ਰੋਚ
ਸੂਤਰਾਂ ਮੁਤਾਬਕ ਨਾਮਜ਼ਦ ਮੁਲਜ਼ਮ ਕੁਝ ਰਸੂਖਦਾਰ ਲੋਕਾਂ ਨਾਲ ਜਲੰਧਰ ਦੇ ਇਕ ਵੱਡੇ ਸਿਆਸੀ ਆਗੂ ਦੇ ਟੱਚ ਵਿਚ ਵੀ ਆਏ ਸਨ ਪਰ ਗੱਲ ਬਣਦੀ ਨਾ ਵੇਖ ਉਕਤ ਆਗੂ ਨੇ ਇਸ ਮਾਮਲੇ ਵਿਚ ਪੈਣ ਤੋਂ ਸਾਫ਼ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਕਿਸੇ ਦੂਜੇ ਆਗੂ ਕੋਲ ਅਪ੍ਰੋਚ ਕਰ ਚੁੱਕੇ ਹਨ ਅਤੇ ਇਸ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਖ਼ਤਮ ਕਰਵਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੂੰ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਦੀ ਨਸੀਹਤ, ਕਿਹਾ-ਪਹਿਲਾਂ ਦਿੱਲੀ ਦੀ ਕਰੋ ਚਿੰਤਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri