ਆਵਾਰਾ ਕੁੱਤਿਆਂ ਵੱਲੋਂ ਭੇਡਾਂ ਦੇ ਵਾੜੇ ''ਤੇ ਹਮਲਾ

10/18/2017 7:52:23 AM

ਗਿੱਦੜਬਾਹਾ  (ਚਾਵਲਾ) - ਆਏ ਦਿਨ ਆਵਾਰਾ ਕੁੱਤੇ ਕੋਈ ਨਾ ਕੋਈ ਜਾਨੀ-ਮਾਲੀ ਨੁਕਸਾਨ ਕਰਦੇ ਰਹਿੰਦੇ ਹਨ ਤੇ ਇਨ੍ਹਾਂ ਕੁੱਤਿਆਂ ਦਾ ਪ੍ਰਸ਼ਾਸਨ ਕੋਈ ਹੱਲ ਕਰਨ 'ਚ ਨਾਕਾਮ ਰਿਹਾ ਹੈ। ਅਜਿਹਾ ਹੀ ਮਾਮਲਾ ਅੱਜ ਪਿੰਡ ਲੁੰਡੇਵਾਲਾ ਵਿਖੇ ਸਾਹਮਣੇ ਆਇਆ ਹੈ, ਜਿਥੇ ਆਵਾਰਾ ਕੁੱਤਿਆਂ ਨੇ ਭੇਡਾਂ ਦੇ ਵਾੜੇ 'ਤੇ ਹਮਲਾ ਕਰ ਕੇ ਵੱਡਾ ਨੁਕਸਾਨ ਕੀਤਾ ਹੈ।  ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਪੁੱਤਰ ਮਾਹਲਾ ਸਿੰਘ ਤੇ ਕੁਲਵਿੰਦਰ ਪੁੱਤਰ ਗੁਰਮੇਲ ਸਿੰਘ ਵਾਸੀਆਨ ਲੁੰਡੇਵਾਲਾ ਨੇ ਦੱਸਿਆ ਕਿ ਅਸੀਂ ਮਾਲ ਚਾਰਨ ਗਏ ਹੋਏ ਸੀ ਤਾਂ ਇਸ ਮਗਰੋਂ ਆਵਾਰਾ ਕੁੱਤਿਆਂ ਨੇ ਵਾੜੇ 'ਚ ਦਾਖਲ ਹੋ ਕੇ ਇਕ ਦਰਜਨ ਲੇਲੇ ਮਾਰ ਦਿੱਤੇ। ਉਨ੍ਹਾਂ ਦੱਸਿਆ ਕਿ ਭੇਡਾਂ ਦੇ ਛੋਟੇ ਬੱਚੇ ਅਸੀਂ ਵਾੜੇ 'ਚ ਛੱਡ ਜਾਂਦੇ ਹਾਂ, ਜੋ ਮਾਲ ਨਾਲ ਨਹੀਂ ਜਾ ਸਕਦੇ।  ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਕੋਟਭਾਈ ਤੇ ਸਬੰਧਤ ਵਿਭਾਗ ਦੇ ਵੈਟਰਨਰੀ ਅਫਸਰ ਨੂੰ ਦੇ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਤਾਂ ਜੋ ਨੁਕਸਾਨ ਦੀ ਪੂਰਤੀ ਹੋ ਸਕੇ।