ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਵਿਧਾਇਕ ਹੁਣ ਬਾਜਵਾ ਦੇ ਸੰਪਰਕ ''ਚ

02/23/2018 7:14:21 PM

ਜਲੰਧਰ (ਰਵਿੰਦਰ ਸ਼ਰਮਾ) - ਪੰਜਾਬ ਕਾਂਗਰਸ 'ਚ ਜਲਦੀ ਹੀ ਵੱਡਾ ਭੂਚਾਲ ਆਉਣ ਵਾਲਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਪ੍ਰਣਾਲੀ ਤੋਂ ਨਾਰਾਜ਼ ਕਈ ਵਿਧਾਇਕਾਂ 'ਚ ਸਰਕਾਰ ਪ੍ਰਤੀ ਗੁੱਸਾ ਵੱਧ ਰਿਹਾ ਹੈ। ਕੈਪਟਨ ਤੋਂ ਨਾਰਾਜ਼ ਵਿਧਾਇਕ ਹੁਣ ਪਾਸਾ ਬਦਲਣ ਦੀ ਤਿਆਰੀ 'ਚ ਹਨ। ਇਨ੍ਹਾਂ 'ਚ ਕਈ ਸੀਨੀਅਰ ਆਗੂ ਅਤੇ ਕੁਝ ਵਿਧਾਇਕ ਵੀ ਹਨ, ਜੋ 3 ਤੋਂ 4 ਵਾਰ ਜਿੱਤ ਹਾਸਲ ਕਰਕੇ ਵਿਧਾਨਸਭਾ 'ਚ ਪਹੁੰਚੇ ਸਨ।
ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡ ਕੇ ਇਹ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦਾ ਸਾਥ ਦੇਣ ਦੀ ਤਿਆਰੀ ਕਰ ਰਹੇ ਹਨ। ਵਿਧਾਇਕਾਂ 'ਚ ਲਗਾਤਾਰ ਵੱਧ ਰਹੇ ਰੋਸ ਕਾਰਨ ਬਾਜਵਾ ਨੇ ਪੰਜਾਬ 'ਚ ਆਪਣੀਆਂ ਸਰਗਰਮੀਆਂ ਅਤੇ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ। ਅਸਲ 'ਚ ਵਿਧਾਇਕਾਂ 'ਚ ਰੋਸ ਇਸ ਗੱਲ ਦਾ ਹੈ ਕਿ ਪਹਿਲਾਂ ਤਾਂ ਕੈਪਟਨ ਆਪਣੇ ਕੈਬਨਿਟ ਦਾ 11 ਮਹੀਨੇ ਲੰਘਣ ਤੋਂ ਬਾਅਦ ਵੀ ਵਿਸਥਾਰ ਨਹੀਂ ਕਰ ਸਕੇ। ਦੂਜਾ, ਵਿਧਾਇਕਾਂ 'ਚ ਇਸ ਗੱਲ ਦਾ ਰੋਸ ਹੈ ਕਿ ਉਨ੍ਹਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਨਹੀਂ ਮਿਲ ਰਿਹਾ ਅਤੇ ਨਾ ਹੀ ਨੌਕਰਸ਼ਾਹ ਉਨ੍ਹਾਂ ਦੀ ਗੱਲ ਸੁਣ ਰਹੇ ਹਨ। ਕਈ ਵਾਰ ਮੁੱਖ ਮੰਤਰੀ ਨੂੰ ਇਸ ਦੀ ਸ਼ਿਕਾਇਤ ਕਰਨ ਦੇ ਬਾਵਜ਼ੂਦ ਵੀ ਬਾਅਦ ਇਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਸਭ ਤੋਂ ਮਾੜੀ ਹਾਲਤ ਇਹ ਹੈ ਕਿ ਜਦੋਂ ਵਿਧਾਇਕ ਆਪਣੇ ਹਲਕੇ ਦਾ ਕੰਮ ਲੈ ਕੇ ਮੁੱਖ ਮੰਤਰੀ ਕੋਲ ਜਾਂਦਾ ਹੈ ਤਾਂ ਉਹ ਉਸ ਨੂੰ ਮਿਲਦੇ ਹੀ ਨਹੀਂ। ਜਿਸ ਕਾਰਨ ਵਿਧਾਇਕਾਂ 'ਚ ਵੱਧ ਰਿਹਾ ਇਹ ਰੋਸ ਕੁਝ ਦਿਨਾਂ ਬਾਅਦ ਤਿਖਾ ਹੋ ਸਕਦਾ ਹੈ। ਜਿਨ੍ਹਾਂ ਵਿਧਾਇਕਾਂ ਨੂੰ ਕੈਬਨਿਟ 'ਚ ਜਗ੍ਹਾ ਮਿਲ ਜਾਵੇਗੀ ਉਹ ਚੁੱਪ ਬੈਠ ਜਾਣਗੇ ਅਤੇ ਸੱਤਾ ਦਾ ਆਨੰਦ ਮਾਨਣਗੇ। ਜਿਨ੍ਹਾਂ ਨੂੰ ਜਗ੍ਹਾ ਨਹੀਂ ਮਿਲਦੀ, ਉਹ ਕੈਪਟਨ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਣਗੇ। 
ਜਨਤਾ ਦੇ ਵੱਧ ਰਹੇ ਦਬਾਅ ਤੋਂ ਬਾਅਦ ਵਿਧਾਇਕਾਂ 'ਤੇ ਆਪਣੇ ਹਲਕੇ ਦੀ ਸਾਖ ਨੂੰ ਬਚਾਉਣ ਦਾ ਪ੍ਰੈਸ਼ਰ ਹੁੰਦਾ ਹੈ। ਅਜਿਹੀ ਹਾਲਤ 'ਚ ਕੈਪਟਨ ਤੋਂ ਨਾਰਾਜ਼ ਵਿਧਾਇਕ ਬਾਜਵਾ ਨਾਲ ਹੱਥ ਮਿਲਾਉਣ ਦੀ ਤਿਆਰੀ ਕਰ ਸਕਦੇ ਹਨ। ਬਾਜਵਾ ਇਨ੍ਹਾਂ ਵਿਧਾਇਕਾਂ ਨਾਲ ਮਿਲ ਕੇ ਰਾਹੁਲ ਗਾਂਧੀ ਦੇ ਦਰਬਾਰ ਹਾਜ਼ਰੀ ਲੱਗਾ ਸਕਦੇ ਹਨ।

ਸਮੇਂ-ਸਮੇਂ 'ਤੇ ਸਰਕਾਰ ਦੇ ਕੰਮਕਾਜ 'ਤੇ ਉਠ ਰਹੇ ਹਨ ਸਵਾਲ : ਬਾਜਵਾ
ਪ੍ਰਤਾਪ ਸਿੰਘ ਬਾਜਵਾ ਲਗਾਤਾਰ ਕੈਪਟਨ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾ ਰਹੇ ਹਨ। ਅਕਾਲੀ ਦਲ ਦੇ ਆਗੂਆਂ ਖਿਲਾਫ ਕੋਈ ਕਾਰਵਾਈ ਨਾ ਹੋਣ ਕਾਰਨ, ਜਿਥੇ ਬਾਜਵਾ ਨਾਰਾਜ਼ ਨਜ਼ਰ ਆ ਰਹੇ ਹਨ, ਉਥੇ ਹੀ ਜਨਤਾ ਦਾ ਕੋਈ ਕੰਮ ਨਾ ਹੋਣ ਕਾਰਨ ਉਹ ਸਰਕਾਰ ਤੋਂ ਖੁਸ਼ ਨਹੀਂ ਹਨ। ਬਾਜਵਾ ਨੇ ਮੈਡੀਕਲ ਕਾਲਜ ਨੂੰ ਸੰਗਰੂਰ ਦੀ ਥਾਂ ਗੁਰਦਾਸਪੁਰ 'ਚ ਸ਼ਿਫਟ ਕਰਵਾਉਣ ਨੂੰ ਲੈ ਕੇ ਹਮਲਾ ਤਿਖਾ ਕਰ ਦਿੱਤਾ ਹੈ।