ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਠੋਕਿਆ ਧਰਨਾ

07/03/2018 6:53:56 PM

ਨਾਭਾ (ਜਗਨਾਰ)— ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬਲਾਕ ਨਾਭਾ ਵੱਲੋਂ ਯੂਨੀਅਨ ਦੀ ਬਲਾਕ ਸਕੱਤਰ ਕਰਮਜੀਤ ਕੌਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸੀ. ਡੀ. ਪੀ. ਓ. ਦਫਤਰ ਮੂਹਰੇ ਧਰਨਾ ਠੋਕ ਦਿੱਤਾ ਗਿਆ ਅਤੇ ਰੱਜ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਕੌਰ, ਖਜਾਨਚੀ ਹਰਮੇਸ਼ ਕੌਰ, ਸੈਕਟਰੀ ਕਰਮਜੀਤ ਕੌਰ, ਪ੍ਰੈੱਸ ਸਕੱਤਰ ਹਰਜੀਤ ਕੌਰ, ਸੋਨੀਆਂ ਰਾਣੀ ਅਤੇ ਨਿਰਮਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਚੋਣਾਂ ਤੋਂ ਪਹਿਲਾ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਦੇ ਹੀ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਸਰਕਾਰ ਦੀ ਤਰਜ 'ਤੇ ਵਰਕਰ ਨੂੰ 11429 ਰੁਪਏ ਪ੍ਰਤੀ ਮਹੀਨਾ ਅਤੇ ਹੈਪਲਰ ਨੂੰ 5750 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਬਣਦੇ ਹੀ ਸਰਕਾਰ ਨੇ ਮਾਣ ਭੱਤਾ ਤਾਂ ਕੀ ਵਧਾਉਣਾ ਸੀ ਸਗੋਂ ਉਲਟਾ ਆਂਗਨਵਾੜੀ ਸੈਟਰਾਂ ਤੋਂ ਪ੍ਰੀ ਨਰਸਰੀ ਬੱਚੇ ਖੋਹ ਕੇ ਪ੍ਰਾਇਮਰੀ ਸਕੂਲਾਂ 'ਚ ਭੇਜ ਦਿੱਤੇ ਗਏ। 
ਉਪਰੋਕਤ ਆਗੂਆਂ ਨੇ ਕਿਹਾ ਕਿ ਪਿਛਲੀ 12 ਜੂਨ ਨੂੰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਅਤੇ ਮੁੱਖ ਮੰਤਰੀ ਦੇ ਓ. ਐੱਸ. ਡੀ. ਸੰਦੀਪ ਸੰਧੂ ਨੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਨੁਮਾਇਦਿਆਂ ਨਾਲ ਮੀਟਿੰਗ ਕਰਕੇ ਕਿਹਾ ਸੀ ਕਿ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਹਿਮ ਮੰਗਾਂ ਜਿਨ੍ਹਾਂ ਵਿੱਚ ਹਰਿਆਣਾ ਪੈਟਰਨ 'ਤੇ ਮਾਣ ਭੱਤਾ, ਪੈਨਸ਼ਨ, ਗ੍ਰੈਚੁਟੀ, 3 ਤੋਂ 6 ਸਾਲ ਦੇ ਬੱਚੇ ਮੁੜ ਸੈਂਟਰਾਂ 'ਚ ਲਿਆਉਣਾ, ਅਡਵਾਇਜਰੀ ਬੋਰਡ ਅਧੀਨ ਚਲਦੇ ਪ੍ਰੋਜੈਕਟਾਂ ਨੂੰ ਵਾਪਸ ਕਰਵਾਉਣ ਸਮੇਤ ਅਨੇਕਾਂ ਹੋਰ ਸਾਰੀਆਂ ਅਹਿਮ ਮੰਗਾਂ 'ਤੇ ਠੋਸ ਫੈਸਲਾ ਲੈਣ ਲਈ 17 ਜੁਲਾਈ ਨੂੰ ਮਾਨਯੋਗ ਮੁੱਖ ਮੰਤਰੀ ਨਾਲ ਅੰਤਿਮ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯਾਦ ਕਰਵਾਉਣ ਲਈ ਅੱਜ ਇਹ ਰੋਸ ਧਰਨਾ ਦਿੱਤਾ ਗਿਆ ਹੈ। ਪੰਜਾਬ ਦੇ ਸਮੂਹ ਬਲਾਕਾਂ ਤੋਂ ਮੁੱਖ ਮੰਤਰੀ ਦੇ ਨਾਮ ਯਾਦ ਪੱਤਰ ਭੇਜ ਕੇ ਸਰਕਾਰ ਨੂੰ ਜਗਾਉਣ ਦੀ ਪ੍ਰਕੀਰੀਆ ਨੂੰ ਜਾਰੀ ਰੱਖਿਆ ਹੈ। 
ਇਸ ਮੌਕੇ ਸੀ. ਡੀ. ਪੀ. ਓ. ਕਿਰਨ ਰਾਣੀ ਵੱਲੋਂ ਆ ਕੇ ਧਰਨਾਕਾਰੀ ਵਰਕਰਾਂ ਤੋਂ ਮੰਗ ਪੱਤਰ ਲਿਆ ਗਿਆ ਅਤੇ ਵਿਸਵਾਸ ਦਵਾਇਆ ਕਿ ਉਨ੍ਹਾਂ ਦਾ ਇਹ ਮੰਗ ਪੱਤਰ ਉੱਚ ਅਧਿਕਾਰੀਆਂ ਤੱਕ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਲਖਵੀਰ ਕੌਰ, ਪੂਜਾ ਰਾਣੀ, ਸਰੋਜ ਰਾਣੀ, ਗੁਰਪ੍ਰੀਤ ਕੌਰ, ਮਨਦੀਪ ਕੌਰ, ਕੁਲਵੰਤ ਕੌਰ, ਹਰਪ੍ਰੀਤ ਕੌਰ, ਮਹਿੰਦਰ ਕੌਰ, ਬਲਜਿੰਦਰ ਕੌਰ, ਨੀਲਮ ਰਾਣੀ, ਸੰਤੋਸ ਰਾਣੀ, ਮਨਮੋਹਨ ਰਿੱਪੀ ਆਦਿ ਹਾਜ਼ਰ ਸਨ।