ਆਂਗਣਵਾੜੀ ਵਰਕਰਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ

02/27/2018 1:50:50 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਭਰ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾੜੇ ਵਤੀਰੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸੇ ਲੜੀ ਤਹਿਤ ਮੰਗਲਵਾਰ 9ਵੇਂ ਦਿਨ ਇਸ ਖੇਤਰ ਦੇ ਪਿੰਡਾਂ ਖੁੰਡੇ ਹਲਾਲ ਅਤੇ ਵੜਿੰਗ ਵਿਖੇ ਵਿੱਤ ਮੰਤਰੀ ਦੇ ਪੁਤਲੇ ਬਣਾ ਕੇ ਫੂਕੇ ਗਏ ਅਤੇ ਉਨ੍ਹਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। 
ਇਸ ਮੌਕੇ ਯੂਨੀਅਨ ਦੀਆਂ ਆਗੂਆਂ ਨੇ ਦੋਸ਼ ਲਗਾਇਆ ਕਿ ਜਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਪੀਪਲਜ਼ ਪਾਰਟੀ ਚਲਾਉਂਦੇ ਸਨ ਤੇ ਪੰਜਾਬ ਵਿਚ ਅਕਾਲੀਆਂ ਦਾ ਰਾਜ ਭਾਗ ਸੀ ਤਾਂ ਉਸ ਵੇਲੇ ਉਹ ਖੁਦ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਰੈਲੀਆਂ 'ਚ ਆ ਕੇ ਆਪਣੇ ਸੰਬੋਧਨ ਵਿਚ ਬੋਲਦੇ ਸਨ ਕਿ ਅਕਾਲੀ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਤੇ ਸਾਡੀਆਂ ਭੈਣਾਂ ਦੀਆਂ ਮੰਗਾਂ ਜਾਇਜ਼ ਹਨ। ਪਰ ਜਦ ਹੁਣ ਉਨ੍ਹਾਂ ਦੇ ਹੱਥ ਵਿਚ ਤਾਕਤ ਆ ਗਈ ਹੈ ਤਾਂ ਹੁਣ ਉਲਟਾ ਵਰਕਰਾਂ ਦੀਆਂ ਬਾਂਹਾ ਫੜ ਕੇ ਧਮਕੀਆਂ ਦੇ ਰਹੇ ਹਨ ਕਿ ਜਾਓ ਜੋ ਕੁਝ ਮਰਜ਼ੀ ਕਰ ਲਵੋ, ਮੈਂ ਨਹੀਂ ਤੁਹਾਡੀ ਗੱਲ ਸੁਣਦਾ। ਆਗੂਆਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੇ ਮਾਣ ਭੱਤੇ ਵਿਚ ਵਾਧਾ ਨਹੀਂ ਹੁੰਦਾ ਤੇ ਰੋਕੇ ਹੋਏ ਬਿੱਲਾਂ ਨੂੰ ਵਿੱਤ ਮੰਤਰੀ ਪਾਸ ਨਹੀਂ ਕਰਦੇ। ਉਨਾਂ ਚਿਰ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਵੱਖ-ਵੱਖ ਥਾਵਾਂ 'ਤੇ ਕਿਰਨਪਾਲ ਕੌਰ ਮਹਾਂਬੱਧਰ, ਪਰਮਜੀਤ ਕੌਰ ਮਹਾਂਬੱਧਰ, ਗੁਰਪ੍ਰੀਤ ਕੌਰ, ਸ਼ਮਿੰਦਰ ਕੌਰ, ਸਰਬਜੀਤ ਕੌਰ ਚਿੱਬੜਾਂਵਾਲੀ, ਜਸਵਿੰਦਰ ਕੌਰ, ਰੀਨਾ ਰਾਣੀ, ਦਵਿੰਦਰਪਾਲ ਕੌਰ ਖੁੰਡੇ ਹਲਾਲ, ਵੀਰ ਕੌਰ ਵੜਿੰਗ, ਭੁਪਿੰਦਰ ਕੌਰ, ਗੀਤਾ ਰਾਣੀ , ਕਰਮ ਕੌਰ, ਸ਼ਿੰਦਰਪਾਲ ਕੌਰ ਥਾਂਦੇਵਾਲਾ ਤੇ ਰਾਜਪਾਲ ਕੌਰ ਚੜੇਵਾਨ ਆਦਿ ਆਗੂ ਮੌਜੂਦ ਸਨ।