ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ''ਚ ਰੋਸ ਮੁਜ਼ਾਹਰੇ ਕਰਨ ਦਾ ਐਲਾਨ

10/25/2017 12:05:36 PM


ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਰਕਾਰ ਦੇ ਉਸ ਫੈਸਲੇ ਦੇ ਖਿਲਾਫ਼ ਸੂਬੇ ਵਿਚ ਤਿੰਨ ਵੱਡੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਫੈਸਲੇ ਵਿਚ ਸਰਕਾਰ ਵੱਲੋਂ 14 ਨਵੰਬਰ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਬਾਰੇ ਕਿਹਾ ਗਿਆ ਹੈ। ਉਕਤ ਫੈਸਲਾ ਬਠਿੰਡਾ ਵਿਖੇ ਮਾਲਵਾ ਖੇਤਰ ਦੇ ਜ਼ਿਲਿਆਂ ਦੀਆਂ ਆਗੂਆਂ ਦੀ ਮੀਟਿੰਗ ਵਿਚ ਲਿਆ ਗਿਆ ਹੈ। 
ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਿਗੋਬਿੰਦ ਕੌਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਰਜ਼ੀਆ ਸੁਲਤਾਨਾ ਦੇ ਸ਼ਹਿਰ ਮਾਲੇਰਕੋਟਲਾ ਵਿਖੇ 29 ਅਕਤੂਬਰ ਨੂੰ, ਜਦਕਿ 31 ਅਕਤੂਬਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਅੱਗੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਤੇ 1 ਨਵੰਬਰ ਨੂੰ ਦੀਨਾਨਗਰ ਵਿਖੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾਵੇਗਾ, ਜਦਕਿ ਆਂਗਣਵਾੜੀ ਇੰਪਲਾਈਜ਼ ਫੈੱਡਰੇਸ਼ਨ ਆਫ਼ ਇੰਡੀਆ ਦੇ ਸੱਦੇ 'ਤੇ 6 ਨਵੰਬਰ ਨੂੰ ਸੰਸਦ ਭਵਨ ਦਿੱਲੀ ਅੱਗੇ ਦੇਸ਼ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਵਰਕਰਾਂ ਤੇ ਹੈਲਪਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਰਕਾਰ ਖਿਲਾਫ਼ ਕੀਤੇ ਜਾ ਰਹੇ ਸੰਘਰਸ਼ ਵਿਚ ਉਹ ਵਧ-ਚੜ੍ਹ ਕੇ ਹਿੱਸਾ ਲੈਣ। ਹਰਿਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ/ਹੈਲਪਰਾਂ ਕੋਲ ਬੱਚੇ ਨਾ ਖੋਵੇ ਕਿਉਂਕਿ ਪਿਛਲੇ 42 ਸਾਲਾਂ ਤੋਂ ਉਹ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੀ ਸਾਂਭ-ਸੰਭਾਲ ਕਰ ਰਹੀਆਂ ਹਨ ਤੇ ਪ੍ਰੀ ਸਿੱਖਿਆ ਦੇ ਰਹੀਆਂ ਹਨ। ਇਸ ਲਈ ਪ੍ਰੀ-ਨਰਸਰੀ ਕਲਾਸਾਂ ਆਂਗਣਵਾੜੀ ਸੈਂਟਰਾਂ ਵਿਚ ਹੀ ਰੱਖੀਆਂ ਜਾਣ, ਬੱਚਿਆਂ ਨੂੰ ਸਕੂਲਾਂ ਵਾਲੀਆਂ ਸਹੂਲਤਾਂ ਦੇ ਕੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਮਸਲੇ 'ਤੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨਗੀਆਂ ਤੇ ਸਰਕਾਰ ਦੇ ਨਾਦਰਸ਼ਾਹੀ ਹੁਕਮ ਅੱਗੇ ਨਹੀਂ ਝੁਕਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਵਿਚ ਅਜਿਹਾ ਨਹੀਂ ਹੋਇਆ। ਜਦ ਤੱਕ ਪ੍ਰੀ-ਨਰਸਰੀ ਕਲਾਸਾਂ ਆਂਗਣਵਾੜੀ ਵਰਕਰਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਤੇ ਵਰਕਰ ਨੂੰ ਨਰਸਰੀ ਟੀਚਰ ਦਾ ਦਰਜਾ ਨਹੀਂ ਮਿਲਦਾ, ਉਨਾ ਚਿਰ ਵਰਕਰਾਂ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਵਾਧੂ ਕੰਮਾਂ ਦਾ ਬਾਈਕਾਟ ਕਰਨਗੀਆਂ। ਇਸ ਸਮੇਂ ਯੂਨੀਅਨ ਦੀ ਸੂਬਾ ਦਫ਼ਤਰ ਸਕੱਤਰ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਤੇ ਹੋਰ ਆਗੂ ਮੌਜੂਦ ਸਨ।