112 ’ਚੋਂ 110 ਆਂਗਣਵਾਡ਼ੀ ਸੈਂਟਰਾਂ ਕੋਲ ਨਹੀਂ ਆਪਣੀ ਇਮਾਰਤ

08/27/2018 2:04:59 AM

ਸ਼ੇਰਪੁਰ, (ਸਿੰਗਲਾ)– ਕੇਂਦਰ ਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਨਾਲ ਚੱਲ ਰਹੇ ਆਂਗਣਵਾਡ਼ੀ ਸੈਂਟਰਾਂ ਦੀ ਹਾਲਤ ਇਸ ਕਦਰ ਮਾਡ਼ੀ ਹੈ ਕਿ ਇਨ੍ਹਾਂ ਸੈਂਟਰਾਂ ’ਚ ਜਿੱਥੇ ਹੋਰ ਅਨੇਕਾਂ ਸਹੂਲਤਾਂ ਦੀਆਂ ਘਾਟਾਂ ਹਨ, ਉਥੇ ਇਨ੍ਹਾਂ  ਕੋਲ ਆਪਣੀਆਂ ਇਮਾਰਤਾਂ ਅਤੇ ਫਰਨੀਚਰ ਦੀ ਵੱਡੀ ਕਮੀ ਹੈ, ਜਿਸ ਕਾਰਨ ਛੋਟੇ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਕਰਨ  ’ਚ ਸਮੱਸਿਆ ਹੁੰਦੀ ਹੈ। ਕਈ ਸੈਂਟਰਾਂ ਕੋਲ ਇਮਾਰਤਾਂ ਬਹੁਤ ਛੋਟੀਆਂ ਹੋਣ ਕਰਕੇ ਬੱਚਿਆਂ ਤੇ ਵਰਕਰਾਂ ਦਾ ਬੈਠਣਾ  ਮੁਸ਼ਕਲ ਹੋ ਜਾਂਦਾ ਹੈ। ਗਰਮੀ ਤੇ ਸਰਦੀ ਦੇ ਮੌਸਮ ’ਚ ਵੀ ਕਈ ਸੈਂਟਰਾਂ ਨੂੰ ਸਹੂਲਤਾਂ ਪੂਰੀਆਂ ਨਾ ਹੋਣ ਕਰਕੇ ਆਪਣਾ ਵਕਤ ਕੱਢਣ  ’ਚ ਦਿੱਕਤ ਹੋ ਜਾਂਦੀ ਹੈ। ਅਜਿਹੇ ਹਾਲਾਤ ’ਚ ਸਰਕਾਰ ਨੂੰ ਆਂਗਣਵਾਡ਼ੀ ਸੈਂਟਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
 ਸੀ. ਡੀ. ਪੀ. ਓ. ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਦੇ 38 ਪਿੰਡਾਂ ’ਚ ਇਸ ਵਕਤ 112 ਆਂਗਣਵਾਡ਼ੀ ਸੈਂਟਰ ਚਲਦੇ ਹਨ, ਜਿਨ੍ਹਾਂ ’ਚ ਸਿਰਫ 2 ਸੈਂਟਰਾਂ ਕੋਲ ਹੀ ਆਪਣੀਆਂ ਇਮਾਰਤਾਂ ਹਨ, ਜਿਸ ਵਿਚ ਬਡ਼ੀ ਅਤੇ ਟਿੱਬਾ ਵਿਖੇ ਮਹਿਕਮੇ ਦੀ ਆਪਣੀ ਇਮਾਰਤ ’ਚ ਆਂਗਣਵਾਡ਼ੀ ਸੈਂਟਰ ਚੱਲਦੇ ਹਨ। ਜਦੋਂ ਕਿ 1 ਸੈਂਟਰ ਪਿੰਡ ਬਡ਼ੀ ਵਿਖੇ ਪੰਚਾਇਤ ਘਰ ਅੰਦਰ ਚੱਲਦਾ ਹੈ ਅਤੇ 70 ਸੈਂਟਰ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ’ਚ ਚੱਲਦੇ ਹਨ। ਇਸ ਤੋਂ ਇਲਾਵਾ 39 ਆਂਗਣਵਾਡ਼ੀ ਸੈਂਟਰ ਪਿੰਡਾਂ ਦੀਆਂ ਸਾਂਝੀਆਂ ਧਰਮਸ਼ਾਲਾਵਾਂ ਵਿਚ ਚੱਲ ਰਹੇ ਹਨ।
ਬਿਨਾਂ ਇਮਾਰਤ ਤੋਂ ਚੱਲ ਰਹੇ ਨੇ  2 ਸੈਂਟਰ
 2014 ਤੋਂ ਪਹਿਲਾਂ ਅਣ-ਸੁਰੱਖਿਅਤ  ਐਲਾਨੀ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ-2 ਦੀ ਇਮਾਰਤ ਅੰਦਰ ਖਡ਼੍ਹੇ ਇਕ ਅਣ-ਸੁਰੱਖਿਅਤ ਕਮਰੇ ਵਿਚ 2 ਆਂਗਣਵਾਡ਼ੀ ਸੈਂਟਰ ਚਲਦੇ ਸਨ ਪਰ ਪਿਛਲੇ ਮਹੀਨੇ ਤੋਂ ਪਏ ਮੀਂਹ ਕਾਰਨ ਇਸ ਕਮਰੇ ਦੀਆਂ ਕੰਧਾਂ ’ਚ ਪਾਣੀ ਪੈਣ ਕਰਕੇ ਇਸ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ, ਜਿਸ ਕਰਕੇ ਹੁਣ ਇਹ ਦੋਵੇ ਸੈਂਟਰ ਇਥੋ ਲੱਗਣੇ ਬੰਦ ਹੋ ਚੁੱਕੇ ਹਨ ਅਤੇ ਇਨ੍ਹਾਂ ਸੈਂਟਰਾਂ ਦਾ ਸਾਮਾਨ ਪ੍ਰਾਇਮਰੀ ਸਕੂਲ ਦੇ ਨੀਵੇਂ ਹੋ ਚੁੱਕੇ ਕਮਰਿਆਂ ਵਿਚ ਪਿਆ ਹੈ ਅਤੇ ਆਂਗਣਵਾਡ਼ੀ ਸੈਂਟਰ ਕਮਰੇ ਅੱਗੇ ਬਣੇ ਵਰਾਂਡੇ ਥੱਲੇ ਲੱਗਦਾ ਹੈ, ਜਿਸ ਕਰਕੇ ਇਸ ਸੈਂਟਰ ਦੀਆਂ ਵਰਕਰਾਂ/ਹੈਲਪਰਾਂ ਅਤੇ ਛੋਟੇ-ਛੋਟੇ ਬੱਚਿਆਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਿਸ ਵਰਾਂਡੇ ’ਚ ਸੈਂਟਰ ਚੱਲਦਾ ਹੈ, ਉਸ ਨੂੰ ਵੀ ਢਾਹ ਕੇ ਉੱਚਾ ਚੁੱਕਣ ਦੇ ਕੰਮ ਦੀ ਸ਼ੁਰੂਆਤ ਕਿਸੇ ਸਮੇਂ ਵੀ ਹੋ ਸਕਦੀ ਹੈ ਫਿਰ ਅਜਿਹੇ ਹਾਲਾਤ ’ਚ ਇਹ ਸੈਂਟਰ ਕਿਥੇ ਜਾਣਗੇ, ਇਹ ਕਿਸੇ ਨੂੰ ਵੀ ਨਹੀਂ ਪਤਾ। ਇਨ੍ਹਾਂ ਹਾਲਾਤਾਂ ’ਚ ਜ਼ਿਲਾ ਪ੍ਰਸ਼ਾਸਨ ਨੂੰ ਪਹਿਲ ਦੇ ਅਾਧਾਰ ’ਤੇ ਇਸ ਸਮੱਸਿਆ ਦਾ ਹੱਲ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।
ਇਕ ਕਮਰੇ  ’ਚ ਚਲਦੇ ਨੇ 3 ਕੇਂਦਰ
ਮਹਿਕਮੇ ਤੋਂ ਪ੍ਰਾਪਤ ਵੇਰਵੇ ਅਨੁਸਾਰ ਸ਼ੇਰਪੁਰ ਵਿਖੇ 3 ਆਂਗਣਵਾਡ਼ੀ ਸੈਂਟਰ ਇਕ ਹੀ ਛੱਤ ਹੇਠਾਂ ਚਲਦੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਸ਼ੇਰਪੁਰ ਵਿਖੇ 3 ਸੈਂਟਰ ਇਮਾਰਤ ਨਾ ਹੋਣ ਕਰਕੇ ਇਕ ਕਮਰੇ ’ਚ ਚਲਦੇ ਹਨ,  ਜਿਸ ਕਾਰਨ ਵਰਕਰਾਂ/ਹੈਲਪਰਾਂ ਅਤੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
2 ਕੇਂਦਰਾਂ ਨੂੰ ਬਣਾਇਆ ਗਿਐ ਮਾਡਲ ਸੈਂਟਰ
 ਆਂਗਣਵਾਡ਼ੀ ਸੈਂਟਰਾਂ ਦੀ ਦਿੱਖ ਸੰਵਾਰਨ ਲਈ ਸਰਕਾਰ ਵੱਲੋਂ ਬਲਾਕ  ਦੇ 2 ਆਂਗਣਵਾਡ਼ੀ ਸੈਂਟਰਾਂ ਨੂੰ ਮਾਡਲ ਸੈਂਟਰਾਂ ਵਜੋਂ ਤਿਆਰ ਕਰਵਾਇਆ ਗਿਆ ਹੈ, ਜਿਨ੍ਹਾਂ ’ਚ ਪਿੰਡ ਬਡ਼ੀ ਅਤੇ ਖੇਡ਼ੀ ਕਲਾਂ ਦੇ ਸੈਂਟਰ ਸ਼ਾਮਲ ਸਨ। ਇਨ੍ਹਾਂ ਦੋਵੇਂ ਸੈਂਟਰਾਂ ਦੀਆਂ ਕੰਧਾਂ ’ਤੇ ਸ਼ਾਨਦਾਰ ਪੇਂਟਿੰਗ ਕਰਵਾਈ ਗਈ ਸੀ ਅਤੇ ਕੁਝ ਫਰਨੀਚਰ ਵਗੈਰਾ ਦਿੱਤਾ ਗਿਆ ਸੀ। ਬੇਸ਼ੱਕ ਬਡ਼ੀ ਸੈਂਟਰ ਦੀ ਆਪਣੀ ਇਮਾਰਤ ਹੈ ਪਰ ਖੇਡ਼ੀ ਕਲਾਂ ਸੈਂਟਰ ਪੰਚਾਇਤ ਵੱਲੋਂ ਦਿੱਤੀ ਜਗ੍ਹਾ ਵਿਚ ਚੱਲ ਰਿਹਾ ਹੈ। 
ਬਲਾਕ ’ਚ ਕੋਈ ਨਹੀਂ ਕਿਰਾਏ ਦੀ ਇਮਾਰਤ
ਸੀ. ਡੀ. ਪੀ. ਓ. ਦਫਤਰ ਘਨੌਰੀ ਕਲਾਂ ਦੇ ਸੁਪਰਵਾਈਜ਼ਰ ਮੈਡਮ ਆਸ਼ਾ ਰਾਣੀ ਨੇ ਦੱਸਿਆ ਕਿ ਭਾਵੇਂ ਮਹਿਕਮੇ ਦੀਆਂ ਆਪਣੀਆਂ ਇਮਾਰਤਾਂ ਨਹੀਂ ਪਰ ਬਲਾਕ ਸ਼ੇਰਪੁਰ ਦੇ ਕਿਸੇ ਵੀ ਪਿੰਡ ’ਚ ਕੋਈ ਵੀ ਆਂਗਣਵਾਡ਼ੀ ਸੈਂਟਰ ਕਿਰਾਏ ਦੀ ਇਮਾਰਤ ’ਚ ਨਹੀਂ ਚੱਲਦਾ।
 ਜੋ ਸਹੂਲਤਾਂ ਦੀ ਘਾਟ ਹੈ, ਉਨ੍ਹਾਂ ਬਾਰੇ ਸਮੇਂ-ਸਮੇਂ ’ਤੇ ਸਰਕਾਰ ਅਤੇ ਮਹਿਕਮੇ ਨੂੰ ਲਿਖਿਆ ਵੀ ਜਾਂਦਾ ਹੈ। 
ਪੀਣ ਵਾਲੇ ਪਾਣੀ ਦਾ  ਨਹੀਂ ਪੱਕਾ ਪ੍ਰਬੰਧ 
ਬਲਾਕ ਦੇ ਬਹੁ-ਗਿਣਤੀ ਆਂਗਣਵਾਡ਼ੀ ਸੈਂਟਰਾਂ ਕੋਲ ਕੋਈ ਸਬਮਰਸੀਬਲ ਮੋਟਰ, ਟੂਟੀ ਕੁਨੈਕਸ਼ਨ, ਨਲਕਾ ਆਦਿ ਤੋਂ ਇਲਾਵਾ ਆਰ. ਓ. ਸਿਸਟਮ ਦਾ ਪ੍ਰਬੰਧ ਨਹੀਂ, ਜਿਸ ਕਾਰਨ ਆਂਗਣਵਾਡ਼ੀ ਵਰਕਰਾਂ ਨੂੰ ਪੀਣ ਵਾਲੇ  ਪਾਣੀ ਦਾ ਪ੍ਰਬੰਧ ਜਾ ਤਾਂ ਸਰਕਾਰੀ ਸਕੂਲਾਂ ’ਚੋਂ ਕਰਨਾ ਪੈਂਦਾ ਹੈ ਜਾਂ ਫਿਰ ਕਿਸੇ ਨਾ ਕਿਸੇ ਦੇ ਘਰੋਂ ਪਾਣੀ ਲੈ ਕੇ ਕੰਮ ਚਲਾਉਣਾ ਪੈਂਦਾ ਹੈ। ਇਸ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੁਝ ਸੈਂਟਰਾਂ ਕੋਲ ਪਖਾਨਿਆਂ ਦੀ ਵੀ ਕੋਈ ਸਹੂਲਤ ਨਹੀਂ ਹੈ, ਜਿਸ ਕਰਕੇ ਬੱਚਿਅਾਂ ਸਣੇ ਵਰਕਰਾਂ ਤੇ ਹੈਲਪਰਾਂ ਨੂੰ ਭਾਰੀ ਪ੍ਰੇਸ਼ਾਨੀਆਂ ’ਚੋਂ ਗੁਜ਼ਰਨਾ ਪੈਂਦਾ ਹੈ।
ਦਫਤਰ ਜਾਣ ਲਈ ਖੱਜਲ-ਖੁਆਰ ਹੁੰਦੇ ਨੇ ਲੋਕ 
 ਸੀ.ਡੀ.ਪੀ.ਓ. ਦਫਤਰ ਦੇ ਸ਼ੇਰਪੁਰ ਤੋਂ ਬਦਲ ਕੇ ਘਨੌਰੀ ਕਲਾਂ ਵਿਖੇ ਚਲੇ ਜਾਣ ਕਰਕੇ ਆਏ ਦਿਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਘਨੌਰੀ ਕਲਾਂ ਲਈ ਪਿੰਡਾਂ ਤੋਂ ਕੋਈ ਸਿੱਧੀ ਬੱਸ ਸਰਵਿਸ ਨਹੀਂ, ਜਿਸ ਕਰਕੇ ਕੰਮਕਾਰ ਵਾਲੇ ਲੋਕਾਂ ਅਤੇ ਆਂਗਣਵਾਡ਼ੀ ਵਰਕਰਾਂ/ਹੈਲਪਰਾਂ ਨੂੰ ਘਨੌਰੀ ਕਲਾਂ ਦਫਤਰ ਵਿਖੇ ਪੁੱਜਣ ਲਈ ਸ਼ੇਰਪੁਰ  ਜਾਂ ਧੂਰੀ ਹੋ ਕੇ ਜਾਣਾ ਪੈਂਦਾ ਹੈ।
ਕੀ ਕਹਿੰਦੇ ਨੇ ਐੱਸ. ਡੀ. ਐੱਮ. ਧੂਰੀ 
 ਜਦੋਂ ਇਸ ਸਬੰਧੀ ਐੱਸ. ਡੀ. ਐੱਮ. ਧੂਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸ਼ੇਰਪੁਰ ਦੇ ਸੈਂਟਰਾਂ ਲਈ ਜਗ੍ਹਾ ਮੁਹੱਈਆ ਕਰਵਾਉਣ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਾਲ ਗੱਲ ਕਰਨਗੇ ਤਾਂ ਜੋ ਸੈਂਟਰ ਲਈ ਕੋਈ ਜਗ੍ਹਾ ਦਾ ਪ੍ਰਬੰਧ ਹੋ ਸਕੇ। ਦੂਜਾ ਉਨ੍ਹਾਂ ਕਿਹਾ ਕਿ ਜੋ ਕਿਸੇ ਸੈਂਟਰ ਵਿਚ ਸਹੂਲਤਾਂ ਦੀ ਘਾਟ ਹੈ ਉਸ ਨੂੰ ਪੂਰਾ ਕਰਨ ਲਈ ਮਹਿਕਮੇ ਨਾਲ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਵੀ ਸੈਂਟਰਾਂ ਦੀਆਂ ਘਾਟਾਂ ਸਬੰਧੀ ਲਿਖਿਆ ਜਾਵੇਗਾ। ਜੇਕਰ ਉਨ੍ਹਾਂ ਨੂੰ ਖੁਦ ਜਾਣਾ ਪਿਆ ਤਾਂ ਉਹ ਖੁਦ ਵੀ ਸੈਂਟਰਾਂ ਦੀ ਚੈਕਿੰਗ ਕਰ ਕੇ ਸਮੱਸਿਆਵਾਂ ਦਾ ਹੱਲ ਕਰਨਗੇ।
ਸੀ. ਡੀ. ਪੀ. ਓ. ਦਫਤਰ ਵੀ ਅਨੇਕਾਂ ਸਹੂਲਤਾਂ ਤੋਂ ਵਾਂਝਾ
 ਆਂਗਣਵਾਡ਼ੀ ਸੈਂਟਰਾਂ ਤੱਕ ਸਰਕਾਰ ਦੀਆਂ ਸਕੀਮਾਂ ਨੂੰ ਪੁੱਜਦਾ ਕਰਨ ਵਾਲਾ ਸੀ. ਡੀ. ਪੀ. ਓ. ਦਫਤਰ ਘਨੌਰੀ ਕਲਾਂ ਖੁਦ ਸਹੂਲਤਾਂ ਨੂੰ ਤਰਸ ਰਿਹਾ ਹੈ। ਇਥੇ ਦਫਤਰ ਦੇ ਆਲੇ-ਦੁਆਲੇ ਕੋਈ ਚਾਰਦੀਵਾਰੀ ਨਹੀਂ, ਜਿਸ ਕਾਰਨ ਸਾਰਾ ਦਿਨ ਬੇਸਹਾਰਾ ਪਸ਼ੂ ਅਤੇ ਕੁੱਤੇ ਦਫਤਰ ’ਚ ਫਿਰਦੇ ਰਹਿੰਦੇ ਹਨ। ਦਫਤਰ ’ਚ ਬਣੇ ਬਾਥਰੂਮ ਦੇ ਦਰਵਾਜ਼ੇ ਟੁੱਟੇ ਹੋਏ ਹਨ। ਜੋ ਵੱਡਾ ਹਾਲ ਕਮਰਾ ਮੀਟਿੰਗਾਂ  ਆਦਿ ਕਰਨ ਲਈ ਬਣਿਆ ਹੋਇਆ ਹੈ, ਉਸ ਵਿਚ ਪੱਖਿਅਾਂ ਦਾ ਪ੍ਰਬੰਧ ਨਹੀਂ। ਜੋ ਲੋਕ ਕੰਮ-ਕਾਰ ਕਰਵਾਉਣ ਲਈ ਆਉਂਦੇ ਹਨ, ਉਨ੍ਹਾਂ ਨੂੰ ਜੇਕਰ ਕੋਈ ਕਾਗਜ਼ ਫੋਟੋ ਕਾਪੀ ਕਰਵਾਉਣਾ ਪੈ ਜਾਵੇ ਤਾਂ ਫੋਟੋ ਸਟੇਟ ਦਾ ਕੋਈ ਪ੍ਰਬੰਧ ਨਹੀਂ। ਵੱਖ-ਵੱਖ ਸੈਂਟਰਾਂ ਲਈ ਸਰਕਾਰ ਵੱਲੋਂ ਭੇਜਿਆ ਜਾਂਦਾ ਲੱਖਾਂ ਰੁਪਏ ਦਾ ਖਾਣ-ਪੀਣ ਦਾ ਸਰਕਾਰੀ ਰਾਸ਼ਨ  ਕੋਈ ਚੌਕੀਦਾਰ ਨਾ ਹੋਣ ਦੇ ਬਾਵਜੂਦ ਸਡ਼ਕ ਕੰਢੇ ਬਣੇ ਦਫਤਰ ਦੇ ਕਮਰਿਅਾਂ ਵਿਚ ਪਿਆ ਰਹਿੰਦਾ ਹੈ, ਜਿਸ ਕਰਕੇ ਕਿਸੇ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਦਫਤਰ ’ਚ ਇਕ ਸੁਪਰਵਾਈਜ਼ਰ ਤੇ ਕਲਰਕ ਦੀ ਅਾਸਾਮੀ ਵੀ ਖਾਲੀ ਪਈ ਹੈ।    
ਜਲਦੀ ਉਚਿਤ ਪ੍ਰਬੰਧ ਕੀਤੇ ਜਾਣਗੇ : ਸੀ. ਡੀ. ਪੀ. ਓ. 
 ਦਫਤਰ ਘਨੌਰੀ ਕਲਾਂ ਦੇ ਸੀ. ਡੀ. ਪੀ .ਓ. ਮੈਡਮ ਕਿਰਪਾਲ ਕੌਰ  ਨੇ ਕਿਹਾ ਕਿ ਉਹ ਸਮੇਂ-ਸਮੇਂ ’ਤੇ ਜ਼ਿਲਾ ਤੇ ਪੰਜਾਬ ਪੱਧਰ ’ਤੇ ਬੁਨਿਆਦੀ ਸਹੂਲਤਾਂ ਲੈਣ ਲਈ ਆਪਣੀ ਰਿਪੋਰਟ ਭੇਜਦੇ ਰਹਿੰਦੇ ਹਨ। ਦੂਜਾ ਦਫਤਰ ਸ਼ੇਰਪੁਰ ਵਿਖੇ ਲੈ ਕੇ ਜਾਣਾ ਜਾਂ ਨਾ ਜਾਣਾ ਇਹ ਕੰਮ ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਹੈ। ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ, ਜਿਨ੍ਹਾਂ ਸੈਂਟਰਾਂ ਦੀ ਹਾਲਤ ਜ਼ਿਆਦਾ ਖਰਾਬ ਹੈ, ਉਸ ਬਾਰੇ ਜਲਦੀ ਗੱਲਬਾਤ ਕਰ ਕੇ ਉਨ੍ਹਾਂ ਲਈ ਉਚਿਤ ਪ੍ਰਬੰਧ ਕਰਨ ਦੇ ਯਤਨ ਕੀਤੇ ਜਾਣਗੇ।