...ਤਾਂ ਇਸ ਲਈ ਟਰੂਡੋ ਦੀ ਥਾਂ ਐਂਡਰਿਊ ਸ਼ੀਅਰ ਨੂੰ ਦਿੱਤੀ ਜਾ ਰਹੀ ਹੈ ਜ਼ਿਆਦਾ ਤਵੱਜੋਂ

10/11/2018 1:58:21 PM

ਚੰਡੀਗੜ੍ਹ (ਏਜੰਸੀ)—  ਕੈਨੇਡਾ ਸਰਕਾਰ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਐਂਡਰਿਊ ਸ਼ੀਅਰ ਭਾਰਤ ਦੌਰੇ 'ਤੇ ਹਨ। ਇਕ ਗੱਲ ਜੋ ਅਜੇ ਤਕ ਮੀਡੀਆ ਤੋਂ ਲੁਕੀ ਰਹੀ ਹੈ, ਉਹ ਇਹ ਹੈ ਕਿ ਐਂਡਰਿਊ ਸ਼ੀਅਰ ਦਾ ਭਾਰਤ ਆਉਣ 'ਤੇ ਸਵਾਗਤ ਕਿਸ ਨੇ ਕੀਤਾ? ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਇਸੇ ਸਾਲ ਫਰਵਰੀ ਮਹੀਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੇ ਉਲਟ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਦਾ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਵਲੋਂ ਰੈੱਡ ਕਾਰਪੈੱਟ ਨਾਲ ਸਵਾਗਤ ਕੀਤਾ ਗਿਆ ਸੀ।


ਭਾਰਤ ਦੌਰੇ 'ਤੇ ਆਉਣ ਦੇ ਦੂਜੇ ਹੀ ਦਿਨ ਭਾਵ ਮੰਗਲਵਾਰ ਨੂੰ ਐਂਡਰਿਊ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਬੁੱਧਵਾਰ ਨੂੰ ਐਂਡਰਿਊ ਆਪਣੀ ਪਤਨੀ ਜਿਲ ਸ਼ੀਅਰ ਅਤੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਬੌਬ ਸਰੋਆ ਤੋਂ ਇਲਾਵਾ ਰਮੋਨਾ ਸਿੰਘ, ਬੌਬ ਦੋਸਾਂਝ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਐਂਡਰਿਊ ਨੇ ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ।

ਆਓ ਜਾਣਦੇ ਹਾਂ ਟਰੂਡੋ ਦੇ ਭਾਰਤ ਦੌਰੇ ਬਾਰੇ—
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਵਿਵਾਦਾਂ ਵਿਚ ਫਸ ਗਿਆ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਦੋਹਾਂ ਨੇ ਮੁਲਾਕਾਤ ਕਰ ਵੀ ਲਈ ਸੀ। ਇਸ ਦਾ ਕਾਰਨ ਟਰੂਡੋ ਦਾ ਕੈਨੇਡਾ ਵਿਚ ਕਟੜਪੰਥੀ ਸਿੱਖ ਆਗੂਆਂ ਨਾਲ ਨੇੜਤਾ ਅਤੇ ਸਹਿਯੋਗ ਕਰਨਾ ਸੀ। ਸ਼ਾਇਦ ਇਸ ਲਈ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੂੰ ਭਾਰਤ 'ਚ ਜ਼ਿਆਦਾ ਤਵੱਜੋਂ ਦਿੱਤੀ ਜਾ ਰਹੀ ਹੈ। 

ਓਧਰ ਐਂਡਰਿਊ ਸ਼ੀਅਰ ਨੇ ਪੀ. ਐੱਮ. ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਕੰਜ਼ਰਵੇਟਿਵ ਪਾਰਟੀ ਦਾ ਸਿਆਸੀ ਏਜੰਡਾ ਹਿੰਸਾ ਦੀ ਚੋਣ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵਿਅਕਤੀ ਜਾਂ ਸਮੂਹ ਨਾਲ ਨਹੀਂ ਜੁੜੇ ਹਾਂ, ਜੋ ਕਿਸੇ ਹੋਰ ਦੇਸ਼ ਦੀ ਏਕਤਾ ਨੂੰ ਤੋੜਦਾ ਹੋਵੇ। ਸ਼ੀਅਰ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੇ ਵੈਸਟ ਕੋਸਟ 'ਤੇ ਪਾਈਪ ਲਾਈਨ ਬਣਾਉਣ ਦੀ ਆਪਣੀ ਪਾਰਟੀ ਦੀ ਯੋਜਨਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ, ਜੋ ਕਿ ਭਾਰਤ ਨੂੰ ਤੇਲ ਅਤੇ ਗੈਸ ਦੀ ਸਪਲਾਈ ਕਰਨ ਵਿਚ ਮਦਦ ਕਰੇਗੀ। ਇੱਥੇ ਦੱਸ ਦੇਈਏ ਕਿ ਕੈਨੇਡਾ 'ਚ 2019 'ਚ ਫੈਡਰਲ ਚੋਣਾਂ ਹੋਣੀਆਂ ਹਨ, ਜਿਸ ਵਿਚ ਐਂਡਰਿਊ, ਪ੍ਰਧਾਨ ਮੰਤਰੀ ਟਰੂਡੋ ਨੂੰ ਟੱਕਰ ਦੇਣਗੇ। ਸ਼ੀਅਰ ਦਾ ਭਾਰਤ ਦੌਰੇ ਦਾ ਮਕਸਦ ਵੀ ਸ਼ਾਇਦ ਇਹ ਹੀ ਹੈ ਕਿ ਉਹ ਭਾਰਤੀ-ਪੰਜਾਬੀਆਂ ਦਾ ਦਿਲ ਜਿੱਤ ਸਕਣ।