ਅੰਮ੍ਰਿਤਸਰ ਟਰੇਨ ਹਾਦਸੇ ''ਚ ਬੁੱਝੇ ਕਈ ਘਰਾਂ ਦੇ ਚਿਰਾਗ, ਮਾਰੇ ਗਏ ਜ਼ਿਆਦਾਤਰ ਲੋਕ ਸਨ ਪ੍ਰਵਾਸੀ ਮਜ਼ਦੂਰ

10/20/2018 6:48:51 PM

ਅੰਮ੍ਰਿਤਸਰ (ਭਾਸ਼ਾ)— ਅੰਮ੍ਰਿਤਸਰ ਵਿਚ ਸ਼ੁੱਕਰਵਾਰ ਦੀ ਸ਼ਾਮ ਨੂੰ ਦੁਸਹਿਰਾ ਪ੍ਰੋਗਰਾਮ ਦੌਰਾਨ ਵਾਪਰੇ ਦਰਦਨਾਕ ਟਰੇਨ ਹਾਦਸੇ ਕਾਰਨ ਕਈ ਘਰਾਂ ਦੇ ਚਿਰਾਗ ਬੁੱਝ ਗਏ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਟਰੇਨ ਦੀ ਲਪੇਟ ਵਿਚ ਆਏ ਜ਼ਿਆਦਾਤਰ ਲੋਕ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਸਨ। ਇਸ ਹਾਦਸੇ ਵਿਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ ਅਧਿਕਾਰੀ 39 ਲਾਸ਼ਾਂ ਦੀ ਪਛਾਣ ਕਰ ਚੁੱਕੇ ਹਨ। ਜ਼ਿਲਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਘਟਨਾ ਵਾਲੀ ਥਾਂ ਤੋਂ ਕੁਝ ਹੀ ਦੂਰੀ 'ਤੇ ਰੋਜ਼ੀ-ਰੋਟੀ ਕਮਾਉਣ ਲਈ ਇਕ ਉਦਯੋਗਿਕ ਖੇਤਰ ਵਿਚ ਕੰਮ ਕਰਦੇ ਸਨ ਅਤੇ ਨੇੜਲੇ ਖੇਤਰ ਵਿਚ ਰਹਿੰਦੇ ਸਨ। 

 

ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਦੁਸਹਿਰਾ ਪ੍ਰੋਗਰਾਮ ਵਿਚ ਇਨ੍ਹਾਂ ਦੋ ਸੂਬਿਆਂ ਤੋਂ ਸਬੰਧ ਰੱਖਣ ਵਾਲੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਨ। ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਬਾਰੇ ਵਿਸਥਾਰਪੂਰਵਕ ਵੇਰਵਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਬਾਕੀ ਲਾਸ਼ਾਂ ਦੀ ਪਛਾਣ ਕੀਤੀ ਜਾਣੀ ਅਜੇ ਬਾਕੀ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾ ਰਿਹਾ ਹੈ। ਸਵੇਰ ਤੋਂ ਵੱਡੀ ਗਿਣਤੀ ਵਿਚ ਲੋਕ ਉਸ ਰੇਲ ਪਟੜੀ 'ਤੇ ਬੈਠੇ ਰਹੇ, ਜਿੱਥੇ ਇਹ ਹਾਦਸਾ ਵਾਪਰਿਆ। ਇਸ ਵਜ੍ਹਾ ਕਰ ਕੇ ਇਸ ਰੇਲ ਲਾਈਨ 'ਤੇ ਟਰੇਨ ਸੇਵਾਵਾਂ ਪ੍ਰਭਾਵਿਤ ਹੋਈਆਂ। ਹਾਦਸੇ ਤੋਂ ਨਾਰਾਜ਼ ਲੋਕਾਂ ਨੇ ਸੂਬਾ ਸਰਕਾਰ ਵਿਰੁੱਧ ਨਾਅਰੇ ਲਾਉਂਦੇ ਹੋਏ ਦੋਸ਼ ਲਾਇਆ ਕਿ ਦੁਸਹਿਰਾ ਪ੍ਰੋਗਰਾਮ ਲਈ ਸੁਰੱਖਿਆ ਦੇ ਉੱਚਿਤ ਪ੍ਰਬੰਧ ਨਹੀਂ ਕੀਤੇ ਗਏ ਸਨ। ਓਧਰ ਪੰਜਾਬ ਸਰਕਾਰ ਨੇ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।