ਅੰਮ੍ਰਿਤਸਰ 'ਚ ਵੀ ਸਵਾਇਨ ਫਲੂ ਦਾ ਕਹਿਰ, 2 ਮਹੀਨਿਆਂ 'ਚ 7 ਮੌਤਾਂ

02/12/2019 1:08:24 PM

ਅੰਮ੍ਰਿਤਸਰ (ਦਲਜੀਤ) - ਸਵਾਇਨ ਫਲੂ ਨੇ ਅੰਮ੍ਰਿਤਸਰ ਜ਼ਿਲੇ 'ਚ ਆਪਣੇ ਪੈਰ ਪੂਰੀ ਤਰ੍ਹਾਂ ਨਾਲ ਪਸਾਰ ਲਏ ਹਨ। ਇਸ ਜ਼ਹਿਰੀਲੇ ਵਾਇਰਸ ਨੇ ਸਾਲ 2016 ਨੂੰ ਰਿਕਾਰਡ ਤੋੜਦੇ ਹੋਏ ਪਿਛਲੇ ਦੋ ਮਹੀਨੇ ਤੋਂ 7 ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਹੈ। ਉਕਤ ਰੋਗ ਕਾਰਨ ਜਿਥੇ ਲੋਕ ਦਹਿਸ਼ਤ 'ਚ ਹਨ, ਉਥੇ ਹੀ ਜ਼ਿਲੇ ਦੇ ਕੁਝ ਪ੍ਰਾਈਵੇਟ ਹਸਪਤਾਲ ਲੋਕਾਂ ਦੀ ਦਹਿਸ਼ਤ ਦਾ ਨਾਜਾਇਜ਼ ਫਾਇਦਾ ਉਠਾ ਕੇ ਆਪਣੀ ਜੇਬ ਭਰ ਰਹੇ ਹਨ। ਜਾਣਕਾਰੀ ਅਨੁਸਾਰ ਸਰਦੀਆਂ 'ਚ ਸਵਾਇਨ ਫਲੂ ਦਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸਵਾਇਨ ਫਲੂ ਕਾਰਨ ਅੰਮ੍ਰਿਤਸਰ ਦੀ ਰਹਿਣ ਵਾਲੀ ਕੁਲਜੀਤ ਕੌਰ ਤੇ ਗੀਤਾ ਦੀ ਗੁਰੂ ਨਾਨਕ ਦੇਵ ਹਸਪਤਾਲ 'ਚ ਮੌਤ ਹੋ ਗਈ ਸੀ। ਜਨਵਰੀ ਮਹੀਨੇ 'ਚ 5 ਲੋਕ ਸਵਾਈਨ ਫਲੂ ਨਾਲ ਮੌਤ ਦੇ ਮੂੰਹ 'ਚ ਚਲੇ ਗਏ ਸਨ ਜਦਕਿ ਦੋ ਮਰੀਜ਼ਾਂ ਮੌਤ ਫਰਵਰੀ 'ਚ ਹੋ ਗਈ। 

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਇਕ ਭਾਜਪਾ ਨੇਤਾ ਦੀ ਪਤਨੀ ਦੀ ਵੀ ਸਵਾਇਨ ਫਲੂ ਕਾਰਨ ਮੌਤ ਹੋ ਗਈ ਸੀ। ਇਸ ਤਰ੍ਹਾਂ ਅੰਮ੍ਰਿਤਸਰ ਜ਼ਿਲੇ 'ਚ ਸਵਾਇਨ ਫਲੂ ਕਾਰਨ 7 ਮੌਤਾਂ ਹੋਣ 'ਤੇ ਲੋਕ ਦਹਿਸ਼ਤ 'ਚ ਹਨ ਅਤੇ ਉਹ ਹੁਣ ਛੋਟੇ-ਮੋਟੇ ਰੋਗ ਨੂੰ ਵੀ ਸਵਾਇਨ ਫਲੂ ਨਾਲ ਜੋੜ ਕੇ ਵੇਖ ਰਹੇ ਹਨ।ਇਸ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਜ਼ਿਲੇ ਦੇ ਕੁੱਝ ਪ੍ਰਾਈਵੇਟ ਹਸਪਤਾਲ ਪੈਸਾ ਬਣਾਉਣ ਦੀ ਖਾਤਰ ਸਵਾਈਨ ਫਲੂ ਦਾ ਪ੍ਰਾਈਵੇਟ ਪੱਧਰ 'ਤੇ 8500 ਰੁਪਏ ਦਾ ਐੱਚ-1 ਟੈਸਟ ਪਾਜ਼ੀਟਿਵ ਆਉਣ 'ਤੇ ਮਰੀਜ਼ ਤੋਂ ਹੜੱਪ ਰਹੇ ਹਨ ਅਤੇ ਬਿਨਾਂ ਐੱਨ-1 ਟੈਸਟ ਕਰਵਾਏ ਹੀ ਰੋਗ ਦੀ ਪੁਸ਼ਟੀ ਕਰ ਰਹੇ ਹਨ। ਸਿਹਤ ਵਿਭਾਗ ਵਲੋਂ ਐੱਚ-1 ਅਤੇ ਐੱਨ-1 ਟੈਸਟ ਸਰਕਾਰੀ ਮੈਡੀਕਲ ਕਾਲਜ ਦੀ ਲੈਬਾਰਟਰੀ 'ਚ ਮੁਫਤ ਕੀਤਾ ਜਾ ਰਿਹਾ ਹੈ ਪਰ ਲੋਕਾਂ 'ਚ ਜਾਗ੍ਰਿਤੀ ਅਤੇ ਪ੍ਰਾਈਵੇਟ ਹਸਪਤਾਲਾਂ ਦੀਆਂ ਮਨਮਰਜ਼ੀਆਂ ਕਾਰਨ ਮੁਫਤ ਸਹੂਲਤ ਦਾ ਲਾਭ ਆਮ ਮਰੀਜ਼ਾਂ ਤੱਕ ਨਹੀਂ ਪਹੁੰਚ ਰਿਹਾ। ਸਵਾਈਨ ਫਲੂ ਨਾਲ ਸਾਲ 2016 'ਚ 6 ਮੌਤਾਂ ਹੋਈਆਂ ਸਨ ਜਦਕਿ 2018 'ਚ 1 ਮਰੀਜ਼ ਜ਼ਿਲੇ 'ਚ ਪਾਇਆ ਗਿਆ ਸੀ।  

ਲੋਕਾਂ 'ਚ ਭਾਰੀ ਦਹਿਸ਼ਤ
ਜੈ ਗੋਪਾਲ ਲਾਲੀ ਅਤੇ ਰਾਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ ਸਵਾਇਨ ਫਲੂ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।ਗਲੀ ਮੁਹੱਲਿਆਂ 'ਚ ਮੈਡੀਕਲ ਕਲੀਨਿਕ ਖੋਲ੍ਹ ਕੇ ਬੈਠੇ ਡਾਕਟਰ ਪੈਸੇ ਬਣਾਉਣ ਦੀ ਖਾਤਰ ਲੋਕਾਂ 'ਚ ਗਲਤ ਪ੍ਰਚਾਰ ਕਰ ਰਹੇ ਹਨ ਅਤੇ ਸਿਹਤ ਦਾ ਧਿਆਨ ਨਾ ਹੋਣ ਕਾਰਨ ਲੋਕ ਉਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਵਿਭਾਗ ਨੂੰ ਤੁਰੰਤ ਅਜਿਹੇ ਲੋਕਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ, ਜੋ ਲੋਕਾਂ ਦੀ ਮਜਬੂਰੀ ਦਾ ਲਾਭ ਲੈ ਰਹੇ ਹਨ।

rajwinder kaur

This news is Content Editor rajwinder kaur