ਮਨਦੀਪ ਸਿੰਘ ਮੰਨਾ ਵਲੋਂ ਦੋਸ਼ਾਂ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਦੀ ਮੰਗ

11/25/2019 10:20:07 AM

ਅੰਮ੍ਰਿਤਸਰ (ਮਮਤਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਮਾਣਹਾਨੀ ਦੇ ਕੇਸ ਦੀ ਚਿਤਾਵਨੀ ਤੋਂ ਬਾਅਦ ਸਪੱਸ਼ਟ ਕੀਤਾ ਹੈ ਕਿ ਉਹ ਭਾਈ ਲੌਂਗੋਵਾਲ ਦੇ ਕਾਰਜਕਾਲ 'ਚ ਹੋਏ ਕੰਮਾਂ ਦਾ ਖੁਲਾਸਾ ਹੁਣ ਕਾਨੂੰਨ ਦੀ ਮਦਦ ਨਾਲ ਅਦਾਲਤ 'ਚ ਕਰ ਕੇ ਸੱਚਾਈ ਦੁਨੀਆ ਦੇ ਸਾਹਮਣੇ ਲਿਆਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੇਸੀ ਘਿਉ ਦੀ ਖਰੀਦ 'ਚ ਵੱਡੇ ਘਪਲੇ ਨੂੰ ਖੁਦ ਹੀ ਸਵੀਕਾਰ ਕਰ ਲਿਆ ਹੈ ਕਿ ਘਿਉ ਟੀਨਾਂ 'ਚੋਂ ਘੱਟ ਨਿਕਲਿਆ ਹੈ, ਜੇਕਰ ਘਿਉ ਟੀਨਾਂ 'ਚ ਘੱਟ ਆ ਰਿਹਾ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਘਪਲੇ ਨੂੰ ਮੰਨਣ ਲਈ ਤਿਆਰ ਕਿਉਂ ਨਹੀਂ ਹੈ। ਉਥੇ ਹੀ ਇਸ ਸਬੰਧੀ ਸ਼ਿਕਾਇਤ ਵਿਭਾਗ ਦੇ ਮੰਤਰੀ ਨੂੰ ਐੱਸ. ਜੀ. ਪੀ. ਸੀ. ਦੇਣ ਤੋਂ ਕਿਉਂ ਭੱਜ ਰਹੀ ਹੈ? ਮੈਂ ਜੋ ਵੀ ਦੋਸ਼ ਲਾਏ ਹਨ, ਉਨ੍ਹਾਂ ਦੀਆਂ ਫਾਈਲਾਂ ਸ਼੍ਰੋਮਣੀ ਕਮੇਟੀ ਮੈਨੂੰ ਦੇਵੇ, ਮੈਂ ਸਾਬਿਤ ਕਰ ਦਿਆਂਗਾ ਕਿ ਘਪਲਾ ਕਿਵੇਂ ਅਤੇ ਕਿਸ ਯੋਜਨਾ ਨਾਲ ਕੀਤਾ ਗਿਆ ਹੈ।

ਮੰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਉਨ੍ਹਾਂ 'ਤੇ ਮਾਣਹਾਨੀ ਦਾ ਕੇਸ ਕਰਨ ਤੋਂ ਪਹਿਲਾਂ ਸੁਖਬੀਰ ਦੇ ਭਰਾ ਮਨਪ੍ਰੀਤ ਸਿੰਘ ਬਾਦਲ 'ਤੇ ਵੀ ਕੇਸ ਦਾਇਰ ਕਰਨ, ਜਿਨ੍ਹਾਂ ਨੇ ਵਿਧਾਨ ਸਭਾ 'ਚ ਬੋਲਿਆ ਸੀ ਕਿ ਮੇਰੀ ਤਾਈ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਦੇ ਭੋਗ ਦੌਰਾਨ ਲਾਇਆ ਗਿਆ ਸਾਰਾ ਲੰਗਰ ਐੱਸ. ਜੀ. ਪੀ. ਸੀ. ਵਲੋਂ ਤਿਆਰ ਕੀਤਾ ਗਿਆ ਸੀ। ਜੂਨ 1984 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਈ ਸੈਨਾ ਦੀ ਕਾਰਵਾਈ ਦੇ ਲਈ ਮੁਆਵਜ਼ੇ ਦਾ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ 'ਤੇ 1 ਹਜ਼ਾਰ ਕਰੋੜ ਰੁਪਏ ਨੂੰ ਲੈ ਕੇ ਕੇਸ ਕੀਤਾ ਹੋਇਆ ਹੈ, ਜਿਸ ਨੂੰ ਐੱਸ. ਜੀ. ਪੀ. ਸੀ. ਜਾਣਬੁੱਝ ਕੇ ਜਿੱਤ ਨਹੀਂ ਰਹੀ।

ਮੰਨਾ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਵਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਕਮੇਟੀ ਕਹਿ ਰਹੀ ਹੈ ਕਿ 2009 'ਚ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ 10 ਸਾਲ ਬੀਤ ਜਾਣ ਦੇ ਬਾਵਜੂਦ ਕੰਮ ਪੂਰਾ ਕਿਉਂ ਨਹੀਂ ਹੋ ਸਕਿਆ। ਸਿਰਫ ਨਿੱਜੀ ਸਵਾਰਥਾਂ ਲਈ ਹੀ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਜੋ ਨਿਰਮਾਣ ਕਾਰਜ ਮੁਫਤ 'ਚ ਕਾਰ ਸੇਵਾ ਵਾਲੇ ਬਾਬੇ ਅਤੇ ਸੰਗਤ ਕਰ ਸਕਦੀ ਹੈ, ਉਸ ਨੂੰ ਪ੍ਰਾਈਵੇਟ ਕੰਸਟਰੱਕਸ਼ਨ ਕੰਪਨੀ ਨੂੰ ਕਰੋੜਾਂ ਰੁਪਏ 'ਚ ਕਿਉਂ ਦਿੱਤਾ ਗਿਆ।

Baljeet Kaur

This news is Content Editor Baljeet Kaur