ਹੁਣ ਟਕਸਾਲੀ ਖੋਲ੍ਹਣਗੇ ਸੁਖਬੀਰ-ਮਜੀਠੀਆਂ ਦੀਆਂ ਗਲਤੀਆਂ ਦਾ ਪੁਲੰਦਾ

11/12/2018 1:09:12 PM

ਅੰਮ੍ਰਿਤਸਰ (ਮਮਤਾ/ ਛੀਨਾ) - ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਸਮੇਤ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢਣ ਦੇ ਐਲਾਨ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਨਵਾਂ ਅਕਾਲੀ ਦਲ ਤਿਆਰ ਕਰਨ ਦੇ ਸੰਕੇਤ ਦਿੱਤੇ ਹਨ।

ਸੁਖਬੀਰ ਤੇ ਮਜੀਠੀਆ ਦੇ ਸਮੇਂ ਪਾਰਟੀ 'ਚ ਹੋਏ ਧੱਕੇ ਤੇ ਬੇਅਦਬੀਆਂ ਨੂੰ ਕਰਾਂਗੇ ਉਜਾਗਰ : ਰਵਿੰਦਰ 
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਬੇਟੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਵੱਲੋਂ ਚੁੱਕੇ ਗਏ ਕਦਮ ਨੂੰ ਮੰਦਭਾਗਾ ਅਤੇ ਆਪਣੇ ਪਿਤਾ ਦੀ ਪਾਰਟੀ ਪ੍ਰਤੀ ਕੁਰਬਾਨੀ ਨਾਲ ਧੱਕਾ ਕਰਾਰ ਦਿੰਦਿਆਂ ਕਿਹਾ ਕਿ ਜਿਸ ਟਕਸਾਲੀ ਆਗੂ ਨੇ ਆਪਣੇ ਜੀਵਨ ਦੇ ਕੀਮਤੀ 60 ਸਾਲ ਪਾਰਟੀ ਦੀ ਸੇਵਾ ਲਈ ਗੁਜ਼ਾਰ ਦਿੱਤੇ, ਉਸ ਨਾਲ ਇਸ ਤਰ੍ਹਾਂ ਦਾ ਵਤੀਰਾ ਉਸ ਦਾ ਨਿਰਾਦਰ ਹੈ। ਰਵਿੰਦਰ  ਨੇ ਕਿਹਾ ਕਿ ਹੁਣ ਉਹ ਚੁੱਪ ਨਹੀਂ ਬੈਠਣਗੇ ਤੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਸਮੇਂ ਪਾਰਟੀ ਵਿਚ ਹੋਏ ਧੱਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਨਗੇ। 

ਨਵਾਂ ਸਿਧਾਂਤਕ ਅਕਾਲੀ ਦਲ ਹੋਵੇਗਾ ਤਿਆਰ : ਸੇਖਵਾਂ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ 2 ਸੀਨੀਅਰ ਆਗੂਆਂ, ਜਿਨ੍ਹਾਂ ਪਾਰਟੀ ਦੀ ਨੀਂਹ ਰੱਖਣ ਵਿਚ ਯੋਗਦਾਨ ਦਿੱਤਾ, ਨੂੰ ਪਾਰਟੀ 'ਚੋਂ ਬਾਹਰ ਕਰਨ ਲਈ ਮੰਦਭਾਗਾ ਕਰਾਰ ਦਿੱਤਾ ਅਤੇ ਕਿਹਾ ਕਿ ਅੱਜ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਲਈ ਕੁਰਬਾਨੀਆਂ ਕੀਤੀਆਂ, ਅੱਜ ਉਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੱਸੇ ਕਿ ਪਾਰਟੀ ਵਿਚ ਸੁਖਬੀਰ  ਸਿੰਘ ਬਾਦਲ ਦੀ ਕੀ ਕੁਰਬਾਨੀ ਹੈ, ਬਿਕਰਮ  ਸਿੰਘ ਮਜੀਠੀਆ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕੀ ਜਗ੍ਹਾ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਉਨ੍ਹਾਂ ਦੇ ਪਿਤਾ ਉਜਾਗਰ ਸਿੰਘ ਸੇਖਵਾਂ ਦੀ ਕੁਰਬਾਨੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਹੈ। ਇਸ ਸਬੰਧੀ ਉਹ ਲੇਖਾ-ਜੋਖਾ ਕਰਨ ਨੂੰ ਤਿਆਰ ਹਨ ਤੇ ਜੇਕਰ ਉਨ੍ਹਾਂ ਦੇ ਪਿਤਾ ਦੀ ਪਾਰਟੀ ਪ੍ਰਤੀ ਜੇਲ ਯਾਤਰਾ ਬਾਦਲ ਨਾਲੋਂ ਘੱਟ ਹੋਵੇ ਤਾਂ ਉਹ ਰਾਜਨੀਤੀ ਛੱਡਣ ਨੂੰ ਤਿਆਰ ਹਨ। ਸੇਖਵਾਂ ਨੇ ਕਿਹਾ ਕਿ ਉਹ ਪਾਰਟੀ 'ਚੋਂ ਬਾਹਰ ਨਹੀਂ ਜਾਣਗੇ ਤੇ ਅਕਾਲੀ ਦਲ ਨਾਲ ਹੀ ਜੁੜੇ ਰਹਿਣਗੇ ਤੇ ਪੁਰਾਣੀ ਟਕਸਾਲੀ ਅਕਾਲੀਆਂ ਤੇ ਇਸ ਵਿਚਾਰਧਾਰਾ ਦੇ ਲੋਕਾਂ ਨੂੰ ਨਾਲ ਲੈ ਕੇ ਸਿਧਾਂਤਕ ਅਕਾਲੀ ਦਲ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਨੂੰ ਰੋਲ ਕੇ ਰੱਖ ਦਿੱਤਾ ਹੈ, ਜਿਸ ਕਾਰਨ ਹੁਣ ਲੋਕਾਂ ਦਾ ਵਿਸ਼ਵਾਸ ਇਸ ਤੋਂ ਉੱਠ ਗਿਆ ਹੈ।

Baljeet Kaur

This news is Content Editor Baljeet Kaur