ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਫਰੀਦਕੋਟ ''ਚ ਰੇਲਵੇ ਦੀ ਲਾਪਰਵਾਹੀ ਕਾਰਨ ਗਈ ਇਕ ਹੋਰ ਜਾਨ

10/20/2018 3:05:41 PM

ਫਰੀਦਕੋਟ (ਜਗਤਾਰ) : ਅੰਮ੍ਰਿਤਸਰ 'ਚ ਵਾਪਰ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਫਿਰ ਰੇਲਵੇ ਵਿਭਾਗ ਦੀ ਅਣਗਹਿਲੀ ਕਾਰਨ ਇਕ ਹੋਰ ਵਿਅਕਤੀ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪਿਆ। 

ਜਾਣਕਾਰੀ ਮੁਤਾਬਕ ਰੇਲਵੇ ਵਿਭਾਗ ਦੀ ਲਾਪਰਵਾਹੀ ਕਾਰਨ ਲਾਪਤਾ ਹੋਏ 45 ਸਾਲਾ ਅਮਰਜੀਤ ਸਿੰਘ ਉਰਫ ਘੱਕਾ ਵਾਸੀ ਸੁਰਗਾਪੁਰੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਰੇਲਵੇ ਵਿਭਾਗ ਵਲੋਂ ਕੰਡਮ ਕਰਾਰ ਦਿੱਤੀ ਗਈ ਡਿੱਗੀ 'ਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰੇਲਵੇ ਪੁਲਸ ਦੀ ਮਦਦ ਨਾਲ ਅੱਜ ਉਕਤ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਲਛਮਨ ਨੇ ਦੱਸਿਆ ਕਿ ਉਸ ਦਾ ਭਰਾ ਬਜ਼ਾਰ 'ਚੋਂ ਕੁਝ ਸਾਮਾਨ ਲੈਣ ਗਿਆ ਸੀ ਤੇ ਜਦੋਂ ਉਹ ਪਾਣੀ ਦੀ ਡਿੱਗੀ ਕੋਲ ਪੁੱਜਾ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਡਿੱਗੀ 'ਚ ਡਿੱਗ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਰਾਕੇਸ਼ ਮੰਗਲ ਨੇ ਕਿਹਾ ਕਿ ਅਮਰਜੀਤ ਦੀ ਮੌਤ ਲਈ ਰੇਲਵੇ ਵਿਭਾਗ ਜ਼ਿੰਮੇਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।