ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ

10/07/2019 9:22:47 PM

ਅੰਮ੍ਰਿਤਸਰ,(ਛੀਨਾ): 19 ਅਕਤੂਬਰ 2018 ਨੂੰ ਦੁਸਹਿਰੇ ਮੌਕੇ ਜੋੜਾ ਫਾਟਕ 'ਤੇ ਵਾਪਰੇ ਭਿਆਨਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਅਕਾਲੀ ਦਲ ਬਾਦਲ ਦੇ ਅਹੁਦੇਦਾਰਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਵਰਕਰਾਂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਕੈਂਡਲ ਮਾਰਚ ਕੱਢਿਆ। ਇਸ 'ਚ ਵੱਡੀ ਗਿਣਤੀ 'ਚ ਪੀੜਤ ਪਰਿਵਾਰ ਵੀ ਸ਼ਾਮਲ ਹੋਏ।

ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਪਿਛਲੇ ਸਾਲ ਦੁਸਹਿਰੇ ਦੇ ਤਿਓਹਾਰ ਮੌਕੇ ਜੋੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਹਰੇਕ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਤੇ ਹਲਕੇ ਦੇ ਵਿਧਾਇਕ ਨਵਜੋਤ ਸਿੱਧੂ ਜੋ ਕਿ ਉਦੋਂ ਸਰਕਾਰ 'ਚ ਅਹਿਮ ਮੰਤਰੀ ਸਨ, ਨੇ ਸਾਰੇ ਪੀੜਤ ਪਰਿਵਾਰਾਂ ਨੂੰ ਅਡਾਪਟ ਕਰ ਕੇ ਉਨ੍ਹਾਂ ਦੀ ਹਰ ਲੋੜ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਚੁੱਕੀ ਸੀ। ਕਿੰਨੀ ਹੈਰਾਨਗੀ ਵਾਲੀ ਗੱਲ ਹੈ ਕਿ ਇਹ ਘਟਨਾ ਵਾਪਰੀ ਨੂੰ 1 ਸਾਲ ਬੀਤ ਗਿਆ ਹੈ ਪਰ ਪੀੜਤ ਪਰਿਵਾਰਾਂ ਦੀ ਨਾ ਪੰਜਾਬ ਸਰਕਾਰ ਨੇ ਬਾਂਹ ਫੜੀ ਤੇ ਨਾ ਹੀ ਹਲਕਾ ਵਿਧਾਇਕ ਨੇ। ਸ. ਮਜੀਠੀਆ ਨੇ ਕਿਹਾ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪੀੜਤਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਹੈ।

ਰੋ ਪਏ ਪੀੜਤ ਪਰਿਵਾਰ
ਪੱਤਰਕਾਰਾਂ ਨੂੰ ਆਪਣੇ ਦੁੱਖੜੇ ਸੁਣਾਉਂਦਿਆਂ ਕੁਝ ਪੀੜਤ ਪਰਿਵਾਰ ਰੋ ਪਏ। ਉਨ੍ਹਾਂ ਭਰੇ ਮਨ ਨਾਲ ਆਖਿਆ ਕਿ ਅਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਕਿਤੇ ਜ਼ਿਆਦਾ ਬਿਹਤਰ ਹੈ। ਅਸੀਂ ਦੁਸਹਿਰੇ ਵਾਲੇ ਦਿਨ ਜੋੜਾ ਫਾਟਕ ਨੇੜੇ ਰੇਲਵੇ ਲਾਈਨਾਂ 'ਤੇ ਬੈਠ ਕੇ ਰੋਸ ਪ੍ਰਗਟਾਉਣਾ ਹੈ। ਚੰਗਾ ਹੋਵੇਗਾ ਕਿ ਸਰਕਾਰ ਇਸ ਵਾਰ ਸਾਡੇ 'ਤੇ ਰੇਲ ਚੜ੍ਹਾ ਕੇ ਸਾਰਾ ਕਿੱਸਾ ਹੀ ਖਤਮ ਕਰ ਦੇਵੇ, ਨਾ ਕੋਈ ਪੀੜਤ ਪਰਿਵਾਰ ਬਚੇਗਾ ਤੇ ਨਾ ਹੀ ਉਹ ਸਰਕਾਰ ਤੋਂ ਨੌਕਰੀਆਂ ਤੇ ਸਹੂਲਤਾਂ ਦੀ ਮੰਗ ਕਰਨਗੇ।