ਗੁਰਦੁਆਰਾ ਜੋਤੀ ਸਰੂਪ ਦੇ ਕਥਾਵਾਚਕ ’ਤੇ ਹਮਲੇ ਦੀ ਭਾਈ ਲੌਂਗੋਵਾਲ ਵਲੋਂ ਨਿੰਦਾ

09/02/2019 10:29:07 AM

ਅੰਮ੍ਰਿਤਸਰ (ਦੀਪਕ) - ਗੁਰਦੁਆਰਾ ਜੋਤੀ ਸਰੂਪ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਥਾਵਾਚਕ ਭਾਈ ਅਤਰ ਸਿੰਘ ਦੀ ਬੀਤੀ ਰਾਤ ਪਿੰਡ ਝੰਜੇਡ਼ੀ ਵਿਖੇ ਕੁਝ ਲੋਕਾਂ ਵਲੋਂ ਕੀਤੀ ਗਈ ਕੁੱਟ-ਮਾਰ ਅਤੇ ਕੱਕਾਰਾਂ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ’ਚ ਵਿਗਡ਼ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ।

ਦੱਸਣਯੋਗ ਹੈ ਕਿ ਬੀਤੀ ਰਾਤ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਕਥਾ ਕਰ ਕੇ ਪਰਤ ਰਹੇ ਭਾਈ ਅਤਰ ਸਿੰਘ ਦੀ ਪਿੰਡ ਝੰਜੇੜੀ ਵਿਖੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਕੁੱਟ-ਮਾਰ ਕਰਦਿਆਂ ਉਸ ਦੀ ਗੱਡੀ ਦਾ ਨੁਕਸਾਨ ਕੀਤਾ ਗਿਆ ਤੇ ਉਸ ਦੇ ਕੱਕਾਰਾਂ ਦੀ ਵੀ ਤੌਹੀਨ ਕੀਤੀ ਗਈ। ਭਾਈ ਲੌਂਗੋਵਾਲ ਨੇ ਇਸ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਜਧਾਨੀ ਚੰਡੀਗਡ਼੍ਹ ਨੇੜੇ ਅਜਿਹਾ ਮਾਹੌਲ ਹੈ ਤਾਂ ਬਾਕੀ ਪੰਜਾਬ ’ਚ ਕੀ ਹਾਲ ਹੋਵੇਗਾ। ਕਥਾਵਾਚਕ ’ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਅਨੁਸਾਰ ਕਥਾਵਾਚਕ ਭਾਈ ਅਤਰ ਸਿੰਘ ਨੇ ਮੋਹਾਲੀ ਤੋਂ ਸ੍ਰੀ ਫਤਿਹਗਡ਼੍ਹ ਸਾਹਿਬ ਨੂੰ ਵਾਪਸ ਆਉਂਦਿਆਂ ਪਿੰਡ ਝੰਜੇਡ਼ੀ ਵਿਖੇ ਗੁਰਦੁਆਰਾ ਸਾਹਿਬ ਅੰਦਰ ਡੀ. ਜੇ. ’ਤੇ ਅਸ਼ਲੀਲ ਗਾਣਿਆਂ ’ਤੇ ਨਾਚ ਹੁੰਦਾ ਦੇਖ ਕੇ ਆਪਣਾ ਫਰਜ਼ ਸਮਝਦਿਆਂ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਰਮਦਾਸ ਨੇ ਕਿਹਾ ਕਿ ਇਸ ਮਾਮਲੇ ਦਾ ਭਾਈ ਲੌਂਗੋਵਾਲ ਨੇ ਸਖ਼ਤ ਨੋਟਿਸ ਲੈਂਦਿਆਂ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਸੋਹਾਣਾ ਥਾਣੇ ਅੰਦਰ ਆਉਂਦੀ ਚੌਕੀ ਮਜਾਤ ਵਿਖੇ ਪਰਚਾ ਦਰਜ ਕਰਵਾਇਆ ਗਿਆ ਹੈ।

Baljeet Kaur

This news is Content Editor Baljeet Kaur