ਪੰਜਾਬ ਦੇ ਲੋਕਾਂ ਨੂੰ ਤੋਹਫਾ, ਅੰਮ੍ਰਿਤਸਰ ਤੋਂ ਅੱਜ ਸ਼ੁਰੂ ਹੋਵੇਗੀ ਇਹ ਫਲਾਈਟ

01/20/2019 8:46:13 AM

ਅੰਮ੍ਰਿਤਸਰ—  ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਹੈ। ਅੰਮ੍ਰਿਤਸਰ ਤੋਂ ਅੱਜ ਨਵੀਂ ਘਰੇਲੂ ਉਡਾਣ ਸ਼ੁਰੂ ਹੋ ਰਹੀ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਦਾ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਨਾਲ ਸਿੱਧਾ ਹਵਾਈ ਸੰਪਰਕ ਬਣ ਜਾਵੇਗਾ ਅਤੇ ਆਉਣਾ-ਜਾਣਾ ਹੋਰ ਵੀ ਸੁਖਾਲਾ ਹੋ ਜਾਵੇਗਾ।ਪ੍ਰਾਈਵੇਟ ਜਹਾਜ਼ ਕੰਪਨੀ ਸਪਾਈਸ ਜੈੱਟ ਇਹ ਸਿੱਧੀ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਇਸ ਨਾਲ ਹਰਿਦੁਆਰ, ਰਿਸ਼ੀਕੇਸ਼, ਚਾਰਧਾਮ, ਮਸੂਰੀ, ਹੇਮਕੁੰਟ ਸਾਹਿਬ, ਨੈਨੀਤਾਲ ਅਤੇ ਰਾਣੀਖੇਤ ਦਾ ਸਫਰ ਵੀ ਆਸਾਨ ਹੋ ਜਾਵੇਗਾ। ਇਸ ਤੋਂ ਪਹਿਲਾਂ ਦੋਹਾਂ ਸ਼ਹਿਰਾਂ ਵਿਚਕਾਰ ਸਿੱਧੀ ਫਲਾਈਟ ਨਹੀਂ ਸੀ।

20 ਜਨਵਰੀ ਨੂੰ ਇਹ ਉਡਾਣ 11.55 ਵਜੇ ਦੇਹਰਾਦੂਨ ਤੋਂ ਰਵਾਨਾ ਹੋਵੇਗੀ ਅਤੇ 12.35 'ਤੇ ਅੰਮ੍ਰਿਤਸਰ ਪਹੁੰਚੇਗੀ। ਇੱਥੇ 20 ਕੁ ਮਿੰਟ ਰੁਕਣ ਪਿੱਛੋਂ ਇਹ ਫਲਾਈਟ 12.55 'ਤੇ ਵਾਪਸ ਰਵਾਨਾ ਹੋ ਜਾਵੇਗੀ ਅਤੇ ਦੁਪਹਿਰ 1.35 'ਤੇ ਦੇਹਾਰਦੂਨ ਪਹੁੰਚ ਜਾਵੇਗੀ। ਇਹ ਫਲਾਈਟ ਤਕਰੀਬਨ 40 ਮਿੰਟ 'ਚ ਅੰਮ੍ਰਿਤਸਰ-ਦੇਹਰਾਦੂਨ ਵਿਚਕਾਰ ਦਾ ਸਫਰ ਪੂਰਾ ਕਰ ਲਵੇਗੀ। ਇਸ ਫਲਾਈਟ 'ਚ 78 ਯਾਤਰੀ ਸਫਰ ਕਰ ਸਕਦੇ ਹਨ।
ਟਿਕਟਾਂ ਦੀ ਕੀਮਤ ਸਮੇਂ ਨਾਲ ਬਦਲਦੀ ਰਹੇਗੀ। ਇਸ ਫਲਾਈਟ ਨੂੰ ਸ਼ਰਧਾਲੂਆਂ ਦੀ ਸਹੂਲਤ ਅਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਸਿੱਖ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇਹਰਾਦੂਨ ਦੇ ਨੇੜੇ ਹੈ। ਉੱਥੇ ਹੀ ਰਿਸ਼ੀਕੇਸ਼ ਜਾਣ ਵਾਲੇ ਲੋਕਾਂ ਦਾ ਸਮਾਂ ਵੀ ਕਾਫੀ ਬਚੇਗਾ ਕਿਉਂਕਿ ਦੇਹਰਾਦੂਨ ਦੇ ਹਵਾਈ ਅੱਡੇ ਤੋਂ ਇਸ ਦੀ ਦੂਰੀ ਤਕਰੀਬਨ 15 ਕਿਲੋਮੀਟਰ ਹੈ। ਇਸ ਦੇ ਇਲਾਵਾ ਦੇਹਰਾਦੂਨ ਦੇ ਹਵਾਈ ਅੱਡੇ ਤੋਂ ਹਰਿਦੁਆਰ ਦੀ ਦੂਰੀ ਲਗਭਗ 30 ਕਿਲੋਮੀਟਰ ਹੈ। ਹਵਾਈ ਅੱਡੇ ਦੇ ਡਾਇਰੈਕਟਰ ਨੇ ਕਿਹਾ ਕਿ ਅੰਮ੍ਰਿਤਸਰ-ਨਾਂਦੇੜ ਵਿਚਾਲੇ ਵੀ ਹਵਾਈ ਉਡਾਣਾਂ ਦੀ ਗਿਣਤੀ ਵਧਾਉਣ ਲਈ ਚਾਰਾਜੋਈ ਜਾਰੀ ਹੈ।ਉਨ੍ਹਾਂ ਕਿਹਾ ਕਿ ਮਾਰਚ ਮਹੀਨੇ 'ਚ ਕੋਲਕਾਤਾ ਵਾਸਤੇ ਵੀ ਘਰੇਲੂ ਉਡਾਣ ਸ਼ੁਰੂ ਹੋਣ ਦੀ ਸੰਭਾਵਨਾ ਹੈ।