ਉੱਡਦਾ ਪੰਜਾਬ : 6 ਮਹੀਨਿਆਂ 'ਚ ਕਸ਼ਮੀਰ ਤੋਂ ਪੰਜਾਬ ਰੂਟ 'ਤੇ ਫੜੀ ਗਈ 2000 ਕਰੋੜ ਦੀ ਹੈਰੋਇਨ

05/13/2019 4:12:03 PM

ਅੰਮ੍ਰਿਤਸਰ (ਨੀਰਜ) : ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੋਂ ਉੱਡਦਾ ਪੰਜਾਬ ਦਾ ਟੈਗ ਹਟਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਖ਼ਤ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੂਰਾ ਪੰਜਾਬ ਬਾਰਡਰ ਸੀਲ ਕੀਤਾ ਜਾ ਚੁੱਕਾ ਹੈ ਪਰ ਪੰਜਾਬ ਪੁਲਸ ਸਮੇਤ ਹੋਰ ਏਜੰਸੀਆਂ ਪੰਜਾਬ 'ਚ ਨਸ਼ੇ ਦੀ ਡਿਮਾਂਡ ਅਤੇ ਉਸ ਦੀ ਸਪਲਾਈ ਨੂੰ ਰੋਕ ਸਕਣ 'ਚ ਅਸਫ਼ਲ ਸਾਬਤ ਹੋ ਰਹੀਆਂ ਹਨ। ਇਸ ਦਾ ਸਬੂਤ ਇਹੀ ਹੈ ਕਿ ਪੰਜਾਬ ਵਿਚ ਸਰਗਰਮ ਸਮੱਗਲਰਾਂ ਨੇ ਹੁਣ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪੰਜਾਬ ਬਾਰਡਰ ਦੀ ਬਜਾਏ ਜੰਮੂ-ਕਸ਼ਮੀਰ ਬਾਰਡਰ ਦਾ ਰੂਟ ਅਪਣਾ ਲਿਆ ਹੈ। ਇਸ ਰੂਟ 'ਤੇ ਪਿਛਲੇ 6 ਮਹੀਨਿਆਂ ਦੌਰਾਨ ਕਸ਼ਮੀਰ ਤੋਂ ਪੰਜਾਬ ਜਾ ਰਹੀ 400 ਕਿਲੋ ਹੈਰੋਇਨ ਜਿਸ ਦੀ ਅੰਤਰਰਾਸ਼ਟਰੀ ਕੀਮਤ 2000 ਕਰੋੜ ਰੁਪਏ ਬਣਦੀ ਹੈ, ਜੰਮੂ ਪੁਲਸ, ਐੱਨ. ਸੀ. ਬੀ. ਅਤੇ ਡੀ. ਆਰ. ਆਈ. ਵੱਲੋਂ ਫੜੀ ਜਾ ਚੁੱਕੀ ਹੈ, ਜਦੋਂ ਕਿ ਸੂਤਰਾਂ ਦੀ ਮੰਨੀਏ ਤਾਂ ਇਸ ਰੂਟ ਵੱਲੋਂ 200 ਕਿਲੋ ਤੋਂ ਵੱਧ ਹੈਰੋਇਨ ਪੰਜਾਬ 'ਚ ਪਹੁੰਚ ਚੁੱਕੀ ਹੈ।

ਜੰਮੂ-ਕਸ਼ਮੀਰ ਪੁਲਸ, ਡੀ. ਆਰ. ਆਈ. ਅਤੇ ਐੱਨ. ਸੀ. ਬੀ. ਵੱਲੋਂ ਹੈਰੋਇਨ ਫੜੇ ਜਾਣ ਦੇ ਵੱਖ-ਵੱਖ ਮਾਮਲਿਆਂ 'ਚ ਹੁਣ ਤੱਕ 9 ਕਸ਼ਮੀਰੀ ਅਤੇ 3 ਅੰਮ੍ਰਿਤਸਰ ਦੇ ਸਮੱਗਲਰਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜੋ ਜਲੰਧਰ ਅਤੇ ਅੰਮ੍ਰਿਤਸਰ 'ਚ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਇਲਾਵਾ ਕਸਟਮ ਵਿਭਾਗ ਵੱਲੋਂ ਭਾਰਤੀ ਅਧਿਕਾਰ ਵਾਲੇ ਕਸ਼ਮੀਰ ਅਤੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ 'ਚ ਚੱਲਣ ਵਾਲੇ ਬਾਰਟਰ ਟ੍ਰੇਡ ਰੂਟ ਸਲਾਮਾਬਾਦ 'ਚ 66 ਕਿਲੋ ਹੈਰੋਇਨ ਵੱਖਰੀ ਫੜੀ ਜਾ ਚੁੱਕੀ ਹੈ, ਜਿਸ 'ਤੇ ਕਸ਼ਮੀਰ ਪੁਲਸ ਵੱਲੋਂ ਕੋਈ ਅਗਲੀ ਕਾਰਵਾਈ ਨਹੀਂ ਹੋਣ ਦਿੱਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਕੇਸ ਵਿਚ ਵੀ ਪੰਜਾਬ ਦੇ ਕੁਝ ਵਪਾਰੀਆਂ ਦਾ ਨਾਂ ਸਾਹਮਣੇ ਆ ਰਿਹਾ ਹੈ ਪਰ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਣਕ ਸੀਜ਼ਨ ਦੇ ਬਾਵਜੂਦ ਅੰਮ੍ਰਿਤਸਰ ਸੈਕਟਰ 'ਚ ਹੈਰੋਇਨ ਸੀਜ਼ਰ ਦਾ ਇਕ ਵੀ ਕੇਸ ਨਹੀਂ
ਪਾਕਿਸਤਾਨ ਨਾਲ ਲੱਗਦੇ ਪੰਜਾਬ ਬਾਰਡਰ ਜਿਸ ਵਿਚ ਅੰਮ੍ਰਿਤਸਰ ਸੈਕਟਰ ਦੀ ਗੱਲ ਕਰੀਏ ਤਾਂ ਕਣਕ ਦਾ ਸੀਜ਼ਨ ਹੋਣ ਦੇ ਬਾਵਜੂਦ ਹੁਣ ਤੱਕ ਸਰਹੱਦ 'ਤੇ ਬੀ. ਐੱਸ. ਐੱਫ. ਇਕ ਵੀ ਹੈਰੋਇਨ ਸੀਜ਼ਰ ਨਹੀਂ ਬਣਾ ਸਕੀ, ਜਦੋਂ ਕਿ ਇਸ ਸੀਜ਼ਨ ਵਿਚ ਆਮ ਤੌਰ 'ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਹੈਰੋਇਨ ਦੀ ਵੱਡੀ ਖੇਪ ਭੇਜੀ ਜਾਂਦੀ ਹੈ ਅਤੇ ਬੀ. ਐੱਸ. ਐੱਫ. ਇਸ ਖੇਪ ਨੂੰ ਫੜਦੀ ਵੀ ਹੈ ਪਰ ਇਸ ਵਾਰ ਕਣਕ ਦੀ ਫਸਲ ਵੀ ਲਗਭਗ ਕੱਟੀ ਜਾ ਚੁੱਕੀ ਹੈ ਪਰ ਬਾਰਡਰ 'ਤੇ ਸਮੱਗਲਰਾਂ ਦੀਆਂ ਗਤੀਵਿਧੀਆਂ ਘੱਟ ਹਨ। ਇਸ ਦਾ ਮੁੱਖ ਕਾਰਨ ਚੋਣ ਸੀਜ਼ਨ ਵਿਚ ਪੁਲਸ, ਅਰਧ-ਸੈਨਿਕ ਬਲਾਂ ਦੀ ਨਾਕਾਬੰਦੀ ਅਤੇ ਸਰਜੀਕਲ ਸਟ੍ਰਾਈਕ ਕਾਰਨ ਪਾਕਿਸਤਾਨ ਬਾਰਡਰ ਦੇ ਆਸ-ਪਾਸ ਪਾਕਿ ਫੌਜ ਦੀ ਨਿਯੁਕਤੀ ਕੀਤੀ ਜਾਣੀ ਮੰਨੀ ਜਾ ਰਹੀ ਹੈ।

ਕਸ਼ਮੀਰ 'ਚ ਟੈਰਰ ਫੰਡਿੰਗ ਦੇ ਨਾਲ ਸ਼ੁਰੂ ਹੋਈ ਡਰੱਗਸ ਦੀ ਸਪਲਾਈ
ਪਾਕਿਸਤਾਨ ਦੇ ਅੱਤਵਾਦੀ ਸੰਗਠਨ ਭਾਰਤੀ ਅਧਿਕਾਰ ਵਾਲੇ ਕਸ਼ਮੀਰ 'ਚ ਟੈਰਰ ਫੰਡਿੰਗ ਦੇ ਨਾਲ ਡਰੱਗਸ ਦੀ ਸਪਲਾਈ ਵੀ ਸ਼ੁਰੂ ਕਰ ਚੁੱਕੇ ਹਨ, ਇਹ ਸਾਬਤ ਹੋ ਚੁੱਕਾ ਹੈ। ਕਸ਼ਮੀਰ ਦੇ ਪੱਥਰਬਾਜ਼ਾਂ ਨੂੰ ਵੀ ਫੰਡਿੰਗ ਕੀਤੀ ਜਾ ਰਹੀ ਹੈ। ਭਾਰੀ-ਭਰਕਮ ਹਥਿਆਰਾਂ ਦੇ ਨਾਲ ਕਸ਼ਮੀਰ ਬਾਰਡਰ ਕਰਾਸ ਕਰਨ ਵਾਲੇ ਅੱਤਵਾਦੀ ਆਪਣੇ ਨਾਲ ਸਮੱਗਲਰਾਂ ਨੂੰ ਵੀ ਹੈਰੋਇਨ ਦੀ ਖੇਪ ਭਾਰਤੀ ਸਰਹੱਦ 'ਚ ਲਿਆਉਣ ਵਿਚ ਮਦਦ ਕਰ ਰਹੇ ਹਨ ਜਾਂ ਕੋਈ ਦੂਜਾ ਰਸਤਾ ਅਪਣਾ ਰਹੇ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਭਾਰਤੀ ਅਧਿਕਾਰ ਵਾਲੇ ਕਸ਼ਮੀਰ 'ਚ ਕਿਹੜੀ ਚੀਜ਼ ਆ ਰਹੀ ਹੈ, ਨੂੰ ਚੈੱਕ ਕਰਨਾ ਕਸਟਮ ਵਿਭਾਗ ਦੇ ਵੱਸ ਦੀ ਗੱਲ ਨਹੀਂ ਹੈ।

ਬਾਰਟਰ ਟ੍ਰੇਡ ਰੂਟ 'ਤੇ ਟਰੱਕ ਸਕੈਨਰ ਵੀ ਨਹੀਂ
ਬਾਰਟਰ ਟ੍ਰੇਡ ਰੂਟ ਚਕਾਨ ਦਾ ਬਾਗ ਅਤੇ ਸਲਾਮਾਬਾਦ 'ਚ ਕੇਂਦਰ ਸਰਕਾਰ ਵੱਲੋਂ 2 ਵੱਡੇ ਟਰੱਕ ਸਕੈਨਰ ਲਾਉਣ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਪਰ ਅਜੇ ਤੱਕ ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਸਹਿਯੋਗ ਨਾ ਮਿਲਣ ਕਾਰਨ ਸਕੈਨਰ ਲਾਉਣ ਦਾ ਕੰਮ ਹੀ ਸ਼ੁਰੂ ਨਹੀਂ ਹੋ ਸਕਿਆ, ਜਦੋਂ ਕਿ ਇਸ ਪ੍ਰਾਜੈਕਟ ਵਿਚ ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਆਈ. ਸੀ. ਪੀ. 'ਤੇ ਟਰੱਕ ਸਕੈਨਰ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

cherry

This news is Content Editor cherry