ਸੁਰੱਖਿਆ ਏਜੰਸੀਆਂ ਦੇ ਫੇਲੀਅਰ ਕਾਰਨ ਹੋਇਆ ਅੰਮ੍ਰਿਤਸਰ ਧਮਾਕਾ : ਵੇਰਕਾ (ਵੀਡੀਓ)

11/18/2018 5:48:35 PM

ਅੰਮ੍ਰਿਤਸਰ (ਵੈੱਬ ਡੈਸਕ) : ਰਾਜਾਸਾਂਸੀ 'ਚ ਐਤਵਾਰ ਨੂੰ ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ 'ਤੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਇਸ ਨੂੰ ਸੁਰੱਖਿਆ ਏਜੰਸੀਆਂ ਦਾ ਫੇਲੀਅਰ ਕਰਾਰ ਦਿੱਤਾ ਹੈ। ਵੇਰਕਾ ਨੇ ਕਿਹਾ ਕਿ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਵੇਰਕਾ ਨੇ ਕਿਹਾ ਕਿ ਕੁਝ ਨੌਜਵਾਨ ਪਹਿਲਾਂ ਪਿਸਤੌਲ ਦੀ ਨੋਕ 'ਤੇ ਸਤਿਸੰਗ ਘਰ ਵਿਚ ਦਾਖਲ ਹੋਏ ਅਤੇ ਫਿਰ ਗ੍ਰੇਨੇਡ ਸੁੱਟ ਕੇ ਫਰਾਰ ਹੋ ਗਏ। 

ਅੱਗੇ ਬੋਲਦੇ ਹੋਏ ਵੇਰਕਾ ਨੇ ਕਿਹਾ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ ਅਤੇ ਲਗਾਤਾਰ ਪੁਲਸ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਵੇਰਕਾ ਨੇ ਕਿਹਾ ਕਿ ਇਸ ਘਟਨਾ ਦੀ ਤਹਿ ਤਕ ਜਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਦੱਸਣਯੋਗ ਹੈ ਕਿ ਐਤਵਾਰ ਨੂੰ ਰਾਜਾਸਾਂਸੀ ਦੇ ਪਿੰਡ ਅਦਲੀਵਾਲਾ 'ਚ ਸਥਿਤ ਨਿਰੰਕਾਰੀ ਭਵਨ ਵਿਚ ਅਣਪਛਾਤੇ ਵਿਅਕਤੀਆਂ ਨੇ ਬੰਬ ਧਮਾਕਾ ਕਰ ਦਿੱਤਾ। ਇਸ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 12-15 ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਪਿਸਤੌਲ ਦੀ ਨੌਕ 'ਤੇ ਪਹਿਲਾਂ ਨਿਰੰਕਾਰੀ ਭਵਨ 'ਚ ਦਾਖਲ ਹੋਏ ਅਤੇ ਫਿਰ ਗ੍ਰੇਨੇਡ ਸੁੱਟ ਕੇ ਫਰਾਰ ਹੋ ਗਏ।