ਰੂਹਾਨੀਅਤ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਵਿਖੇ 2019 ''ਚ 6 ਕਰੋੜ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ

12/29/2019 6:16:37 PM

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੁੰਦੇ ਹਨ ਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਨੂੰ ਰੂਹਾਨੀਅਤ ਦਾ ਮੰਦਰ ਅਤੇ ਸਿਫਤੀ ਦਾ ਘਰ ਕਿਹਾ ਜਾਂਦਾ ਹੈ। ਬਾਬੇ ਨਾਨਕ ਵਲੋਂ ਸ਼ੁਰੂ ਕੀਤੀ ਗਈ ਪੰਗਤ 'ਚ ਸੰਗਤ ਦੀ ਪ੍ਰਥਾ ਅੱਜ ਵੀ ਸੁਚੱਜੇ ਢੰਗ ਨਾਲ ਚੱਲਦੀ ਹੈ। ਗੁਰੂ ਘਰ ਸੀਸ ਨਿਵਾਉਣ ਵਾਲਾ ਬਿਨ੍ਹਾਂ ਕਿਸੇ ਭੇਦਭਾਵ ਦੇ ਪੰਗਤ 'ਚ ਬੈਠ ਕੇ ਲੰਗਰ ਛਕਦਾ ਹੈ। ਸਾਲ 2019 'ਚ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਧਰਮ ਤੇ ਜਾਤ ਨਾਲ ਸਬੰਧਤ 6 ਕਰੋੜ ਤੋਂ ਵਧੇਰੇ ਸ਼ਰਧਾਲੂ ਅਤੇ ਸੈਲਾਨੀ ਸ਼ਰਧਾ ਸਹਿਤ ਨਤਮਸਤਕ ਹੋਣ ਪੁੱਜੇ। ਜਿਨ੍ਹਾਂ 'ਚ ਵੱਖ-ਵੱਖ ਦੇਸ਼ਾਂ ਦੇ ਪ੍ਰਮੁੱਖ ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵੀ ਆਗੂਆਂ ਤੇ ਫਿਲਮ ਜਗਤ ਨਾਲ ਸਬੰਧਤ ਸ਼ਖਸੀਅਤਾਂ ਸ਼ਾਮਲ ਹਨ।

ਇਸ ਵਾਰ ਦੇਸ਼ ਵਿਦੇਸ਼ ਤੋਂ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ 'ਚ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਵੀ ਸ਼ਾਮਲ ਸਨ, ਜੋ 17 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਇਥੇ ਦਰਸ਼ਨ ਕਰਨ ਪਹੁੰਚੇ। ਟੋਨੀ ਐਬਟ ਗੁਰੂ ਘਰ ਪੁੱਜਣ ਵਾਲੇ ਆਸਟਰੇਲੀਆ ਦੇ ਪਹਿਲੇ ਸਿਆਸੀ ਆਗੂ ਹਨ।

ਇਸ ਦੇ ਨਾਲ ਹੀ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਹੀ ਭਾਰਤ 'ਚ 84 ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਦੇ ਸਫੀਰ ਵੀ 22 ਅਕਤੂਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਸੂਨੀਨਾਮ ਮੁਲਕ ਦੇ ਉਪ ਰਾਸ਼ਟਰਪਤੀ ਮਾਈਕਲ ਅਸ਼ਵਿਨ ਇਥੇ 18 ਸਤੰਬਰ ਅਤੇ ਨਿਊਜ਼ੀਲੈਂਡ ਦੇ ਵਿਰੋਧੀ ਧਿਰ ਦੇ ਆਗੂ ਸਾਈਮਨ ਬ੍ਰਿਜ਼ਜ਼ 31 ਅਗਸਤ ਨੂੰ, ਅਮਰੀਕਾ ਦੇ ਨਿਊ ਜਰਸੀ ਤੋਂ ਸੈਨੇਟਰ ਮਿਸਟਰ ਰਾਬਰਟ ਮੈਨਡੈਨੇਜ਼ ਵੀ 5 ਅਕਤੂਬਰ ਨੂੰ ਆਪਣੇ ਪਰਿਵਾਰ ਅਤੇ 7 ਮੈਂਬਪ ਵਫਦ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ।

ਇਸੇ ਸਾਲ ਦੌਰਾਨ ਹੀ ਰੂਸ ਦੇ ਫੌਜੀ ਜਨਰਲ ਓਲੇਗ ਸੈਲਯੂਕੋਵ ਵੀ 13 ਮਾਰਚ ਨੂੰ ਦਰਸ਼ਨ ਕਰਨ ਆਏ। ਇਸੇ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਵੱਖ-ਵੱਖ ਸੂਬਿਆਂ ਦੇ ਕਈ ਮੁੱਖ ਮੰਤਰੀ ਵੀ ਇਥੇ ਨਤਮਸਤਕ ਹੋਣ ਪੁੱਜੇ। ਧਾਰਮਿਕ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਦੇ ਬਿਸ਼ਪ ਆਫ ਕੈਂਟਰਬਰੀ ਜਸਟਿਨ ਪੋਰਟਨ ਵੈਲਬੇ ਸਮੇਤ 10 ਸਤੰਬਰ ਨੂੰ ਇਸ ਅਸਥਾਨ 'ਤੇ ਪੁੱਜੇ। ਉਨ੍ਹਾਂ ਨੇ ਆਪਣੀ ਫੇਰੀ ਦੌਰਾਨ 100 ਸਾਲ ਪਹਿਲਾਂ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਵੀ ਸ਼ਰਮਸਾਰ ਕਰਾਰ ਦਿੱਤਾ। ਤਿੱਬਤ ਦੇ ਰਾਸ਼ਟਰ ਮੁਖੀ ਅਤੇ ਬੋਧੀਆਂ ਦੇ ਅਧਿਆਤਮਿਕ ਗੁਰੂ 14ਵੇਂ ਦਲਾਈਲਾਮਾ ਤੇਨਜਿਸ ਗਿਆਸਤੋ ਵੀ 9 ਨਵੰਬਰ ਨੂੰ ਦਰਸ਼ਨ ਕਰਨ ਆਏ।

ਇਸ ਸਾਲ 30 ਨਵੰਬਰ ਨੂੰ ਫਿਲਮ ਅਦਾਕਾਰ ਤੇ ਨਿਰਮਾਤਾ ਨਿਰਦੇਸ਼ਕ ਆਮਿਰ ਖਾਨ ਵੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ। ਉਨ੍ਹਾਂ ਨੇ ਕਰੀਬ ਇਕ ਘੰਟਾ ਕੀਰਤਨ ਸਰਵਨ ਕੀਤਾ। ਬਾਲੀਵੁੱਡ ਦੀ ਪ੍ਰਸਿੱਧ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਵੀ ਆਪਣੀ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ 15 ਨਵੰਬਰ ਨੂੰ ਪਰਿਵਾਰਕ ਮੈਂਬਰਾਂ ਸਮੇਤ ਇਸ ਪਾਵਨ ਅਸਥਾਨ ਵਿਖੇ ਦਰਸ਼ਨ ਤੇ ਇਸ਼ਨਾਨ ਕਰਨ ਪੁੱਜੇ।

ਹੋਰਨਾਂ ਤੋਂ ਇਲਾਵਾ ਬਾਲੀਵੁੱਡ ਅਦਾਕਰਾਂ 'ਚੋਂ ਅਕਸ਼ੈ ਕੁਮਾਰ, ਗੋਵਿੰਦਾ, ਰਵੀਨਾ ਟੰਡਨ, ਕਰੀਨਾ ਕਪੂਰ ਖਾਨ, ਕ੍ਰਿਸ਼ਮਾ ਕਪੂਰ, ਜਾਨਵੀ ਕਪੂਰ, ਦੀਆ ਮਿਰਜ਼ਾ, ਈਸ਼ਾ ਕੋਪੀਕਰ ਤੇ ਵਿੱਕੀ ਕੌਸ਼ਲ ਵੀ ਇਥੇ ਨਤਮਸਤਕ ਹੋਏ।

Baljeet Kaur

This news is Content Editor Baljeet Kaur