ICP ’ਤੇ ਪਿਆਜ਼ ਨਾ ਚੁੱਕੇ ਜਾਣ ਕਾਰਨ ਵਾਪਸ ਪਰਤੇ ਅਫਗਾਨੀ ਡਰਾਈ ਫਰੂਟ ਦੇ 10 ਟਰੱਕ

12/24/2019 9:53:42 AM

ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਦਿੱਲੀ ਦੇ ਵਪਾਰੀਆਂ ਵਲੋਂ ਅਫਗਾਨਿਸਤਾਨ ਤੋਂ ਦਰਾਮਦ ਕੀਤਾ ਗਿਆ ਪਿਆਜ਼ ਨਾ ਚੁੱਕੇ ਜਾਣ ਕਾਰਣ ਡਰਾਈ ਫਰੂਟ ਦੇ ਵਪਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਆਈ. ਸੀ. ਪੀ. ਦੇ ਅੰਦਰ ਰੱਖੇ ਲਗਭਗ 10 ਟਰੱਕ ਅਫਗਾਨੀ ਪਿਆਜ਼ ਨੂੰ ਦਿੱਲੀ ਦੇ ਇਕ ਵਪਾਰੀ ਨੇ ਨਹੀਂ ਚੁੱਕਿਆ ਹੈ ਅਤੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਅਜੇ ਅੱਗੇ ਉਨ੍ਹਾਂ ਨੂੰ ਗਾਹਕ ਨਹੀਂ ਮਿਲ ਰਿਹਾ ਹੈ। ਆਈ. ਸੀ. ਪੀ ’ਤੇ ਖਾਲੀ ਸਥਾਨ ਨਾ ਹੋਣ ਕਾਰਣ ਡਰਾਈ ਫਰੂਟ ਨਾਲ ਲੱਦੇ 10 ਟਰੱਕਾਂ ਨੂੰ ਬਿਨਾਂ ਅਨਲੋਡਿੰਗ ਕੀਤੇ ਹੀ ਵਾਪਸ ਪਾਕਿ ਜਾਣਾ ਪਿਆ, ਜਿਸ ਨਾਲ ਅਫਗਾਨਿਸਤਾਨ ਦੇ ਡਰਾਈ ਫਰੂਟ ਵਪਾਰੀਆਂ ਨੂੰ ਪਾਕਿਸਤਾਨ ’ਚ ਖਡ਼੍ਹੇ ਟਰੱਕਾਂ ਕਾਰਣ ਨੁਕਸਾਨ ਝੱਲਣਾ ਪੈ ਰਿਹਾ ਹੈ। ਅਫਗਾਨਿਸਤਾਨ ਦੇ ਡਰਾਈ ਫਰੂਟ ਵਪਾਰੀ ਇਸ ਮਾਮਲੇ ਨੂੰ ਲੈ ਕੇ ਭਾਰਤੀ ਡਰਾਈ ਫਰੂਟ ਵਪਾਰੀਆਂ ਨਾਲ ਵੀ ਨਰਾਜ਼ਗੀ ਪ੍ਰਗਟ ਕਰ ਰਹੇ ਹਨ।

ਆਈ. ਸੀ. ਪੀ. ’ਤੇ ਬਣੇ ਇਸ ਹਾਲਾਤ ਨੂੰ ਵੇਖ ਕੇ ਡਰਾਈ ਫਰੂਟ ਵਪਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇੰਡੋ-ਫੋਰਨ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਤੇ ਡਰਾਈ ਫਰੂਟ ਦਰਾਮਦਕਾਰ ਬੀ. ਕੇ. ਬਜਾਜ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਡਰਾਈ ਫਰੂਟ ਦੀ ਦਰਾਮਦ ਪਿਛਲੇ 70 ਸਾਲਾਂ ਤੋਂ ਹੋ ਰਹੀ ਹੈ ਪਰ ਆਈ. ਸੀ. ਪੀ. ’ਤੇ ਅਫਗਾਨੀ ਪਿਆਜ਼ ਦੇ ਟਰੱਕਾਂ ਨੂੰ ਡਰਾਈ ਫਰੂਟ ਦੀ ਤੁਲਨਾ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ। ਡਰਾਈ ਫਰੂਟ ਦੀ ਦਰਾਮਦ ਸਾਰਾ ਸਾਲ ਚੱਲਦੀ ਰਹਿੰਦੀ ਹੈ ਪਰ ਪਿਆਜ਼ ਦੀ ਦਰਾਮਦ ਅਸਥਾਈ ਹੈ। ਉਨ੍ਹਾਂ ਕਿਹਾ ਕਿ ਡਰਾਈ ਫਰੂਟ ਦਾ ਇਕ ਟਰੱਕ 50 ਲੱਖ ਤੋਂ ਇਕ ਕਰੋਡ਼ ਰੁਪਏ ਦੀ ਕੀਮਤ ਤੱਕ ਹੁੰਦਾ ਹੈ ਜਦੋਂ ਕਿ ਪਿਆਜ਼ ਦਾ ਟਰੱਕ ਕੁਝ ਲੱਖ ਰੁਪਏ ਦਾ ਹੀ ਹੁੰਦਾ ਹੈ। ਬਜਾਜ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਨਾਲ ਡਰਾਈ ਫਰੂਟ ਦੇ ਟਰੱਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਕਸਟਮ ਵਿਭਾਗ ਦੇ ਉੱਚਾਧਿਕਾਰੀਆਂ ਦੇ ਸਾਹਮਣੇ ਮਾਮਲਾ ਚੁੱਕਿਆ ਜਾਵੇਗਾ।

ਤੁਰਖਮ ਸਰਹੱਦ ਤੋਂ ਆਈ. ਸੀ. ਪੀ. ’ਤੇ ਆਏ 47 ਟਰੱਕ ਅਫਗਾਨੀ ਪਿਆਜ਼
ਅਫਗਾਨਿਸਤਾਨ ਦੇ ਤੁਰਖਮ ਬਾਰਡਰ ਤੋਂ ਪਾਕਿਸਤਾਨ ਦੇ ਰਸਤੇ ਅਫਗਾਨੀ ਪਿਆਜ਼ ਦੇ 47 ਟਰੱਕ ਆਈ. ਸੀ. ਪੀ. ਅਟਾਰੀ ’ਤੇ ਆਏ ਹਨ, ਜਦੋਂ ਕਿ 150 ਦੇ ਕਰੀਬ ਪਿਆਜ਼ ਦੇ ਟਰੱਕ ਅਜੇ ਵੀ ਪਾਕਿਸਤਾਨ ’ਚ ਲਾਈਨ ’ਚ ਖਡ਼੍ਹੇ ਹਨ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਪਿਆਜ਼ ਦਰਾਮਦਕਾਰਾਂ ਦੇ ਅਨੁਸਾਰ ਭਾਰਤੀ ਮੰਡੀਆਂ ’ਚ ਪਿਆਜ਼ ਦੀ ਕਿੱਲਤ ਨੂੰ ਵੇਖਦੇ ਹੋਏ ਅਜੇ ਵੀ ਅਫਗਾਨਿਸਤਾਨ ਦੇ ਵਪਾਰੀਆਂ ਨੂੰ ਭਾਰੀ ਮਾਤਰਾ ’ਚ ਅਫਗਾਨੀ ਪਿਆਜ਼ ਦੇ ਆਰਡਰ ਦਿੱਤੇ ਜਾ ਰਹੇ ਹਨ।

ਆਮ ਜਨਤਾ ਨੂੰ ਅਜੇ ਵੀ ਰੁਆ ਰਿਹਾ ਹੈ ਪਿਆਜ਼
ਇਕ ਪਾਸੇ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨੀ ਪਿਆਜ਼ ਦੀ ਭਾਰੀ ਦਰਾਮਦ ਹੋ ਰਹੀ ਹੈ ਤਾਂ ਉਥੇ ਹੀ ਦੂਜੇ ਪਾਸੇ ਆਮ ਜਨਤਾ ਨੂੰ ਪਿਆਜ਼ ਅਜੇ ਵੀ ਰੁਆ ਰਿਹਾ ਹੈ। ਅਫਗਾਨੀ ਪਿਆਜ਼ ਦੇ ਦਰਾਮਦ ਹੋਣ ਦੇ ਬਾਵਜੂਦ ਸਬਜ਼ੀ ਮੰਡੀਆਂ ’ਚ ਪਿਆਜ਼ ਦੇ ਰਿਟੇਲ ਮੁੱਲ 100 ਤੋਂ 120 ਰੁਪਏ ਜਾਂ ਫਿਰ ਕੁਝ ਸਥਾਨਾਂ ’ਤੇ ਇਸ ਤੋਂ ਵੀ ਜ਼ਿਆਦਾ ਚੱਲ ਰਹੇ ਹਨ। ਲੋਕਲ ਮੰਡੀਆਂ ’ਚ ਨਾਸਿਕ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਪਿਆਜ਼ ਦੀ ਆਮਦ ਅਜੇ ਤੱਕ ਨਹੀਂ ਹੋਈ ਹੈ। ਕੁਝ ਪਿਆਜ਼ ਵਪਾਰੀ ਆਮ ਜਨਤਾ ਦਾ ਭਾਰੀ ਸ਼ੋਸ਼ਣ ਕਰ ਰਹੇ ਹਨ ਅਤੇ ਪਿਆਜ਼ ਬਲੈਕ ਹੋ ਰਿਹਾ ਹੈ, ਜਿਸ ’ਤੇ ਸਰਕਾਰ ਵਲੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਹੈ।

rajwinder kaur

This news is Content Editor rajwinder kaur