ਸੁਖਦੇਵ ਸਿੰਘ ਢੀਂਡਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਤਲਬ ਕਰਨ ਦੀ ਮੰਗ

08/06/2020 2:34:18 PM

ਅੰਮ੍ਰਿਤਸਰ (ਅਨਜਾਣ) : 2009 ਤੋਂ ਚੱਲਿਆ ਆ ਰਿਹਾ ਮਾਮਲਾ ਨਾ ਸੁਲਝਣ ਕਰਕੇ ਪ੍ਰਸ਼ੋਤਮ ਸਿੰਘ ਫੱਗੂਵਾਲਾ ਵਲੋਂ ਮਸਤੂਆਣਾ ਵਿਖੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰਜ 'ਤੇ ਬਣ ਰਹੇ ਗੁਰਦੁਆਰਾ ਸਾਹਿਬ ਜਿਸ ਦੇ ਟਰੱਸਟ ਦੇ ਮੁੱਖ ਪ੍ਰਬੰਧਕ ਸੁਖਦੇਵ ਸਿੰਘ ਢੀਂਡਸਾ ਨੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਨੂੰ ਬੇਨਤੀ ਪੱਤਰ ਸੌਂਪਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਜੂਨ 2009 ਨੂੰ ਵੀ ਮੈਂ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਇਆ ਸੀ। ਇਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਸਿੱਖ ਬੁੱਧੀ ਜੀਵੀਆਂ ਤੇ ਜਥੇਬੰਦੀਆਂ ਨੂੰ ਬੁਲਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਤੀ 20-6-2009 ਨੂੰ ਮਸਤੂਆਣਾ ਸਾਹਿਬ ਵਿਖੇ ਸਰੋਵਰ ਵਿੱਚ ਬਣੀ ਬਿਲਡਿੰਗ ਨੂੰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਭੁਲੇਖਾ ਪਾਉਂਦੀ ਹੈ ਉਸ ਦਾ ਸਰੋਵਰ ਪੂਰਨ, ਬਿਲਡਿੰਗ ਨੂੰ ਜਾਂਦਾ ਪੁਲ ਢਾਹੁਣ, ਸ੍ਰੀ ਹਰਿਮੰਦਰ ਸਾਹਿਬ ਦੀ ਹਰਿ ਕੀ ਪਉੜੀ ਵਰਗੀ ਦਿੱਖ ਦਿੰਦੀ ਬਿਲਡਿੰਗ ਦਾ ਹਿੱਸਾ ਗਿਰਾ ਦੇਣ ਤੇ ਬਿਲਡਿੰਗ ਦੇ ਆਲੇ-ਦੁਆਲੇ ਬਰਾਂਡਾ ਬਨਾਉਣ, ਬਿਲਡਿੰਗ ਉੱਪਰਲੀਆਂ ਗੁੰਬਦੀਆਂ ਢਾਹ ਕੇ ਕੇਵਲ ਇਕ ਹੀ ਗੁੰਬਦ ਬਨਾਉਣ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਸੀ। ਇਹ ਵੀ ਫੈਸਲਾ ਹੋਇਆ ਸੀ ਕਿ ਇਸ ਬਿਲਡਿੰਗ ਦੇ ਪ੍ਰਬੰਧਕ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਪਸ਼ਚਾਤਾਪ ਕਰਨ ਤੇ ਬਾਬਾ ਬਲਵੰਤ ਸਿੰਘ ਮਹੋੜੇਵਾਲਾ ਨੂੰ ਪੱਤਰਕਾਰ ਭੇਜ ਕੇ ਸਪੱਸ਼ਟੀਕਰਨ ਲੈਣ ਲਈ ਵੀ ਲਿਖਿਆ ਗਿਆ।

ਇਹ ਵੀ ਪੜ੍ਹੋਂ : ਸਿੱਖ ਨੌਜਵਾਨ 'ਤੇ ਪੁਲਸ ਨੇ ਢਾਹਿਆ ਅਣਮਨੁੱਖੀ ਤਸ਼ੱਦਦ, ਕੱਪੜੇ ਲਾਹ ਕੇ ਸਾਰੀ ਰਾਤ ਕੀਤੀ ਕੁੱਟਮਾਰ

ਇਸ ਦੇ ਰੋਸ 'ਚ 2016 'ਚ ਮੈਂ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ, ਜਿਸ 'ਤੇ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਾਰਜਕਾਰਣੀ 'ਚ ਮਤਾ ਪਾਸ ਕਰਕੇ ਜਲਦੀ ਹੀ ਗੁਰਦੁਆਰਾ ਸਾਹਿਬ ਦੀ ਦਿੱਖ ਬਦਲਵਾਉਣ ਲਈ ਕਿਹਾ। ਜਨਵਰੀ 2018 'ਚ ਮੈਂ ਫੇਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਧਰਨੇ 'ਤੇ ਬੈਠਿਆ। 1 ਨਵੰਬਰ 2019 ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਪਰ ਕੋਈ ਸੁਣਵਾਈ ਨਾ ਹੋਈ ਤੇ ਇਲਾਕੇ ਦੇ ਪੰਜ ਗ੍ਰੰਥੀ ਸਿੰਘਾਂ ਨੇ ਅਰਦਾਸ ਕਰਕੇ ਭੁੱਖ ਹੜਤਾਲ ਛੱਡਣ ਦਾ ਹੁਕਮ ਕਰ ਦਿੱਤਾ। 26 ਨਵੰਬਰ 2019 ਨੂੰ ਸਾਥੀਆਂ ਸਮੇਤ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪ੍ਰਧਾਨ ਦੀ ਚੋਣ ਵੇਲੇ ਧਰਨਾ ਦਿੱਤਾ ਤੇ 26 ਜਨਵਰੀ 2020 ਨੂੰ ਗੁਰਦੁਆਰਾ ਕੈਬੋਵਾਲ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੰਗ ਪੱਤਰ ਦਿੱਤਾ। 1 ਅਗਸਤ 2020 ਨੂੰ ਆਪਣੇ ਗ੍ਰਹਿ ਵਿਖੇ ਭੁੱਖ ਹੜਤਾਲ ਕੀਤੀ ਤੇ ਸੁਖਦੇਵ ਸਿੰਘ ਢੀਂਡਸਾ ਤੋਂ ਗੁਰਦੁਆਰਾ ਮਸਤੂਆਣਾ ਦਾ ਪ੍ਰਬੰਧ ਲੈ ਕੇ ਸ਼੍ਰੋਮਣੀ ਕਮੇਟੀ ਦੇ ਹੱਥਾਂ 'ਚ ਦੇਣ ਲਈ ਕਿਹਾ ਕਿਉਂਕਿ ਢੀਂਡਸਾ ਸਾਹਿਬ ਗੁਰਦੁਆਰਾ ਟ੍ਰਿਬਿਊਨਲ 'ਚੋਂ ਕੇਸ ਹਾਰ ਚੁੱਕੇ ਸਨ। ਫੇਰ ਵੀ ਢੀਂਡਸਾ ਸਾਹਿਬ ਇਸ ਗੁਰਦੁਆਰਾ ਸਾਹਿਬ ਦੀ 400 ਏਕੜ ਦੇ ਕਰੀਬ ਜਾਇਦਾਦ, ਵੱਡੇ ਵਿੱਦਿਅਕ ਅਦਾਰੇ ਜੋ ਸੰਤ ਅਤਰ ਸਿੰਘ ਜੀ ਦੇ ਸਮੇਂ ਤੋਂ ਚੱਲੇ ਆ ਰਹੇ ਨੇ 'ਤੇ ਕਬਜ਼ਾ ਕਰੀ ਬੈਠੇ ਨੇ ਤੇ ਆਪਣੇ ਰਾਜਸੀ ਹਿੱਤਾਂ ਲਈ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਗੁਰਦੁਆਰਾ ਸਾਹਿਬ ਦੀ ਸਾਰੀ ਜਾਇਦਾਦ ਸ਼੍ਰੋਮਣੀ ਕਮੇਟੀ ਹਵਾਲੇ ਕੀਤੀ ਜਾਵੇ।

ਇਹ ਵੀ ਪੜ੍ਹੋਂ : ਨਸ਼ੇ ’ਚ ਟੱਲੀ ਸਕੇ ਪਿਓ ਦੀ ਹੈਵਾਨੀਅਤ: 7 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ

Baljeet Kaur

This news is Content Editor Baljeet Kaur