ਬੂੰਦਾ-ਬਾਂਦੀ ''ਚ ਵੀ ਸੰਗਤ ਨੇ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ (ਤਸਵੀਰਾਂ)

06/26/2020 11:52:50 AM

ਅੰਮ੍ਰਿਤਸਰ (ਅਨਜਾਣ) : ਬੂੰਦਾ ਬਾਂਦੀ 'ਚ ਵੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ। ਭਾਵੇਂ ਹਲਕੀ-ਹਲਕੀ ਬਾਰਿਸ਼ 'ਚ ਕਾਫ਼ੀ ਸੰਗਤਾਂ ਨੇ ਹਾਜ਼ਰੀ ਭਰੀ ਪਰ ਥੋੜ੍ਹਾ ਬਹੁਤ ਫ਼ਰਕ ਜ਼ਰੁਰ ਪਿਆ ਜਾਪਿਆ। ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਦਿਆਂ ਸੰਗਤਾਂ ਨੇ ਬਾਰਿਸ਼ ਦਾ ਮੌਸਮ ਹੋਣ ਕਾਰਣ 'ਦਰਸ਼ਨ ਦੀਜੈ ਖੋਲ੍ਹ ਕਿਵਾੜ' ਤੇ 'ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ' ਦੇ ਬੇਨਤੀ ਰੂਪੀ ਸ਼ਬਦ ਪੜ੍ਹਦਿਆਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਕੀਤੇ। ਇਸ ਉਪਰੰਤ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ ਤੇ ਰਾਗੀ ਸਿੰਘਾਂ ਵਲੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਕੀਤੇ ਗਏ। ਗ੍ਰੰਥੀ ਸਿੰਘ ਨੇ ਪਹਿਲਾਂ ਮੁਖ ਵਾਕ ਲਿਆ ਜਿਸਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਹਾਜ਼ਰੀ ਭਰਨ ਆਈਆਂ ਸੰਗਤਾਂ ਨੇ ਠੰਢੇ-ਮਿੱਠੇ ਜਲ ਦੀ ਛਬੀਲ, ਜੋੜੇ ਘਰ, ਪਰਿਕਰਮਾ ਦੇ ਇਸ਼ਨਾਨ, ਸਰੋਵਰ ਦੀ ਸਫ਼ਾਈ ਤੇ ਗੁਰੂ ਕੇ ਲੰਗਰ ਵਿਖੇ ਸੇਵਾ ਕੀਤੀ ਤੇ ਲੰਗਰ ਛੱਕ ਕੇ ਤ੍ਰਿਪਤ ਹੋਈਆਂ।

ਇਹ ਵੀ ਪੜ੍ਹੋਂ : ਪ੍ਰਸਾਸ਼ਨ ਦਾ ਦਾਅਵਾ : 24 ਘੰਟਿਆਂ 'ਚ ਮਿਲੇਗੀ ਕੋਵਿਡ-19 ਦੀ ਰਿਪੋਰਟ

ਸੰਗਤਾਂ ਨੂੰ ਤਿੰਨ ਲਾਈਨਾਂ ਦੀ ਬਜਾਏ ਦੋ ਲਾਈਨਾਂ 'ਚ ਹੀ ਕਰਵਾਏ ਦਰਸ਼ਨ-ਦੀਦਾਰੇ
ਪਹਿਲਾਂ ਹਮੇਸ਼ਾਂ ਸੰਗਤਾਂ ਨੂੰ ਤਿੰਨ ਲਾਈਨਾਂ 'ਚ ਹੀ ਦਰਸ਼ਨ-ਦੀਦਾਰੇ ਕਰਵਾਏ ਜਾਂਦੇ ਸਨ। ਦੋ ਲਾਈਨਾਂ ਜੰਗਲੇ ਤੋਂ ਬਾਹਰ ਤੇ ਇਕ ਲਾਈਨ ਪਿੱਤਲ ਦੇ ਜੰਗਲਿਆਂ ਵਿਚਕਾਰੋਂ ਨਿਕਲਦੀ ਸੀ ਪਰ ਅੱਜ ਤੀਸਰੀ ਲਾਈਨ ਬੰਦ ਕਰ ਦਿੱਤੀ ਗਈ। ਕੁਝ ਸੰਗਤਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਭੀੜ ਵੀ ਵਧ ਜਾਂਦੀ ਹੈ ਤੇ ਸਮਾਂ ਵੀ ਜ਼ਿਆਦਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਦਰਸ਼ਨਾਂ ਲਈ ਤੀਸਰੀ ਲਾਈਨ ਵੀ ਖੁੱਲ੍ਹਣੀ ਚਾਹੀਦੀ ਹੈ। ਇਸ ਸਬੰਧੀ ਜਦ ਸ੍ਰੀ ਹਰਿਮੰਦਰ ਸਾਹਿਬ ਦੇ ਇਕ ਮੀਤ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਨਹੀਂ ਪਤਾ ਤੁਸੀਂ ਡਿਊਟੀ ਮੈਨੇਜਰ ਨੂੰ ਪੁੱਛੋ। ਪਰ ਡਿਊਟੀ ਮੈਨੇਜਰ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ

ਬਾਬਾ ਅਟੱਲ ਰਾਇ ਸਾਹਿਬ ਵਿਖੇ ਹੋਈ ਸਰਬੱਤ ਦੇ ਭਲੇ ਦੀ ਅਰਦਾਸ 
ਕੋਰੋਨਾ ਲਾਗ ਤੋਂ ਨਿਜਾਤ ਦਿਵਾਉਣ ਲਈ ਗੁਰੂ ਕੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਬੇਨਤੀ ਰੂਪੀ ਸ਼ਬਦ ਗਾਇਣ ਕੀਤੇ। ਇਸ ਉਪਰੰਤ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ। ਅਰਦਾਸੀਏ ਸਿੰਘ ਨੇ ਅਰਦਾਸ 'ਚ ਗੁਰੂ ਸਾਹਿਬ ਅੱਗੇ ਬੇਨਤੀ ਕਰਦਿਆਂ ਪੂਰੇ ਵਿਸ਼ਵ ਨੂੰ ਕੋਰੋਨਾ ਲਾਗ ਤੋਂ ਨਿਜਾਤ ਦਿਵਾਉਣ ਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।

ਇਹ ਵੀ ਪੜ੍ਹੋਂ : ਵਹਿਸ਼ੀ ਪਿਓ ਨਾਬਾਲਗ ਧੀ ਨੂੰ ਕਈ ਸਾਲਾਂ ਤੋਂ ਬਣਾ ਰਿਹਾ ਸੀ ਹਵਸ ਦਾ ਸ਼ਿਕਾਰ, ਮਾਂ ਨੇ ਕੀਤਾ ਖੁਲਾਸਾ

Baljeet Kaur

This news is Content Editor Baljeet Kaur