ਕਰਤਾਰਪੁਰ ਲਾਂਘੇ ਦਾ ਮਾਮਲਾ ਚੁੱਕਣ ਲਈ ਸਿੱਧੂ ਦੀ ਸਿੱਖ ਜਥੇਬੰਦੀ ਨੇ ਕੀਤੀ ਸ਼ਲਾਘਾ

08/21/2018 11:24:08 AM

ਅੰਮ੍ਰਿਤਸਰ : ਸਿੱਖ ਜਥੇਬੰਦੀਆਂ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਦਾ ਮਾਮਲਾ ਉਠਾਇਆ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿੱਧੂ ਦੇ ਪਾਕਿਸਤਾਨ ਜਾਣ ਦਾ ਵਿਰੋਧ ਕਰਨ ਵਾਲਿਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਆਪਣੇ ਦੋਸਤ ਦੀ ਤਾਜਪੋਸ਼ੀ 'ਚ ਨਿੱਜੀ ਤੌਰ 'ਤੇ ਹਿੱਸਾ ਲੈਣ ਗਏ ਸਨ, ਜਿਥੇ ਪਾਕਿਸਤਾਨੀ ਫੌਜ ਮੁਖੀ ਨੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਭਰੋਸਾ ਦਿੱਤਾ, ਜੋ ਸਿੱਖ ਪੰਥ ਲਈ ਸਕੂਨ ਵਾਲੀ ਗੱਲ ਹੈ। 
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਦਾ ਲਾਂਘਾ ਦੇਣ ਦਾ ਬਿਆਨ ਸਿਰਫ ਇਕ ਬਿਆਨ ਜਾਪਦਾ ਹੈ। ਜਦੋਂ ਇਹ ਅਮਲ 'ਚ ਆਵੇਗਾ, ਉਦੋਂ ਹੀ ਸਿੱਧੂ 'ਤੇ ਵਿਸ਼ਵਾਸ ਕੀਤਾ ਜਾ ਸਕੇਗਾ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਫੌਜ ਦੇ ਮੁਖੀ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਦੇਣ ਲਈ ਦਿੱਤੇ ਗਏ ਭਰੋਸੇ ਨੂੰ ਅਮਲ 'ਚ ਲਿਆਉਣ ਲਈ ਭਾਰਤ ਨੂੰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।