ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਦੇ ਮਾਣਹਾਨੀ ਬਿਆਨ ''ਤੇ ਮੰਨਾ ਦਾ ਪਲਟਵਾਰ

11/24/2019 9:09:16 AM

ਅੰਮ੍ਰਿਤਸਰ (ਸੰਜੀਵ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਵਲੋਂ ਸ੍ਰੀ ਹਰਿਮੰਦਰ ਸਾਹਿਬ 'ਚ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਸਪਲਾਈ ਹੋਣ ਵਾਲੇ ਦੇਸੀ ਘਿਉ ਦੇ ਟੀਨਾਂ 'ਚ ਹੋਏ ਲੱਖਾਂ ਦੇ ਘਪਲੇ ਦਾ ਖੁਲਾਸਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਮੰਨਾ 'ਤੇ ਮਾਣਹਾਨੀ ਦਾ ਕੇਸ ਕਰਨ ਦਾ ਬਿਆਨ ਦਿੱਤਾ ਗਿਆ ਸੀ। ਇਸ 'ਤੇ ਮੰਨਾ ਨੇ ਆਪਣੇ ਪਲਟਵਾਰ 'ਚ ਕਿਹਾ ਕਿ ਉਹ ਇਨ੍ਹਾਂ ਦੀਆਂ ਗਿੱਦੜ ਭੱਬਕੀਆ ਤੋਂ ਡਰਨ ਵਾਲਾ ਨਹੀਂ ਹੈ।

ਮੰਨਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕੀਤਾ, ਜਿਸ 'ਚ ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ 3 ਮਹੀਨੇ ਤੱਕ ਚੱਲਣ ਵਾਲੇ ਨਗਰ ਕੀਰਤਨ ਦੌਰਾਨ ਲੋਕਾਂ ਵਲੋਂ ਦਿੱਤੇ ਗਏ ਦਾਨ ਤੋਂ ਇਕੱਠੇ ਹੋਏ 12 ਕਰੋੜ ਰੁਪਏ ਬਾਦਲਾਂ ਨੂੰ ਖੁਸ਼ ਕਰਨ ਲਈ ਪੰਡਾਲ 'ਤੇ ਖਰਚ ਕਰ ਦਿੱਤੇ ਗਏ, ਜਦਕਿ ਇਸ 12 ਕਰੋੜ ਰੁਪਏ ਸਬੰਧੀ ਨਗਰ ਕੀਰਤਨ ਦੀ ਸਬ-ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਇਸ ਨਾਲ ਕੋਈ ਹਸਪਤਾਲ ਜਾਂ ਸਕੂਲ ਖੋਲ੍ਹਿਆ ਜਾ ਸਕਦਾ ਹੈ। ਜੇਕਰ 10 ਕਰੋੜ ਨੂੰ 20 ਡਾਲਰ ਨਾਲ ਤਕਸੀਮ ਕੀਤਾ ਜਾਵੇ ਤਾਂ 1 ਲੱਖ ਸ਼ਰਧਾਲੂ ਦਰਸ਼ਨਾਂ ਲਈ ਗੁਰੂ ਘਰ ਜਾ ਸਕਦੇ ਸਨ ਪਰ ਅਜਿਹਾ ਨਾ ਕਰ ਕੇ ਉਸ ਚੜ੍ਹਾਵੇ ਦੇ 12 ਕਰੋੜ ਰੁਪਏ ਨੂੰ 3 ਦਿਨਾਂ 'ਚ ਖਰਚ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਘਿਉ ਦੀ ਚੋਰੀ 'ਤੇ ਬੋਲੇ, ਲੰਗਰ ਹਾਲ ਦੀ ਇਮਾਰਤ 'ਚ ਹੋਈ ਗੜਬੜੀ 'ਤੇ ਬੋਲੇ, ਟੈਂਡਰ 'ਤੇ ਟਕਸਾਲੀ ਬੋਲੇ, ਸਰਕਾਰ ਦੇ ਮੰਤਰੀ ਬੋਲੇ, ਭਾਈ ਰਣਜੀਤ ਸਿੰਘ ਬੋਲੇ ਕਿ 2 ਕਰੋੜ ਦੀਆਂ ਲਾਈਟਾਂ ਨੂੰ 12 ਕਰੋੜ 'ਚ ਲਵਾਇਆ ਗਿਆ ਹੈ, ਫਿਰ ਕੇਸ ਕਿਉਂ ਨਹੀਂ ਕੀਤਾ ਗਿਆ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਮੰਨਾ ਹੀ ਕਿਉਂ ਦਿਖਾਈ ਦੇ ਰਿਹਾ ਹੈ, ਉਸ ਦਾ ਡਰ ਹੀ ਕਿਉਂ ਸਤਾ ਰਿਹਾ ਹੈ।

ਮੰਨਾ ਨੇ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਬੋਲੇ ਤਾਂ ਫਿਰ ਕੇਸ ਕਿਉਂ ਨਹੀਂ ਕੀਤਾ। ਅੱਜ ਮੈਂ ਗੁਰੂ ਘਰ ਅਤੇ ਪੰਜਾਬ ਦੇ ਲਈ ਹਰ ਕੇਸ ਲੜਾਂਗਾ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਬਾਦਲ ਪਰਿਵਾਰ ਅੱਗੇ ਚੁੱਕਣਗੇ ਤੇ ਨਾ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਅੱਗੇ। ਉਹ ਲੋਕਾਂ ਦੇ ਹੱਕਾਂ ਲਈ ਲੜਦਾ ਹੈ, ਨਾ ਕਿ ਤੁਹਾਡੇ ਤਰ੍ਹਾਂ ਬਾਦਲਾਂ ਦੀ ਚਾਪਲੂਸੀ ਕਰ ਕੇ ਕਿਸੇ ਨਿੱਜੀ ਹਿੱਤ ਲਈ। ਭਾਈ ਲੌਂਗੋਵਾਲ ਨੂੰ 27 ਤਰੀਕ ਨੂੰ ਦੁਬਾਰਾ ਪ੍ਰਧਾਨ ਬਣਨ ਦਾ ਲਾਲਚ ਹੋਵੇਗਾ ਪਰ ਉਸ ਨੂੰ ਕਦੇ ਵੀ ਝੂਠੀ ਸ਼ੋਹਰਤ ਦਾ ਲਾਲਚ ਨਹੀਂ ਰਿਹਾ। ਮੰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ 'ਤੇ ਗਲਤ ਸ਼ਬਦ ਬੋਲਣ ਦਾ ਦੰਡ ਲੱਗਾ ਸੀ ਅਤੇ ਕਹਿੰਦੇ ਹਨ ਕਿ ਮਾਣਹਾਨੀ ਮੰਨਾ ਕਰ ਰਿਹਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਸਜ਼ਾ ਲੱਗੀ ਹੋਵੇ, ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ 'ਤੇ ਦੋਸ਼ ਲੱਗੇ ਹੋਣ, ਉਹ ਮਾਣਹਾਨੀ ਨਹੀਂ ਸੀ। ਅਖੀਰ 'ਚ ਮੰਨਾ ਨੇ ਕਿਹਾ ਕਿ ਉਹ ਤੱਥਾਂ ਦੇ ਆਧਾਰ 'ਤੇ ਹਰ ਕੇਸ ਲੜਨਗੇ।

Baljeet Kaur

This news is Content Editor Baljeet Kaur