ਰਸੂਲਪੁਰ ਕੱਲਰ ''ਚ ਫੈਲਿਆ ਕੈਮੀਕਲ ਮਿਕਸਡ ਪਾਣੀ

12/01/2019 9:58:55 AM

ਅੰਮ੍ਰਿਤਸਰ (ਵੜੈਚ) : ਵਾਰਡ-25 ਦੇ ਇਲਾਕੇ ਰਸੂਲਪੁਰ ਕੱਲਰ ਦੇ ਇਲਾਕਾ ਨਿਵਾਸੀ ਨਗਰ ਨਿਗਮ ਪ੍ਰਸ਼ਾਸਨ ਦੀ ਅਣਦੇਖੀ ਕਰ ਕੇ ਨਰਕ ਵਰਗਾ ਜੀਵਨ ਜਿਊਣ ਲਈ ਮਜਬੂਰ ਹਨ। ਕੈਮੀਕਲ ਮਿਲਿਆ ਪਾਣੀ ਫੈਲਣ ਨਾਲ ਇਲਾਕੇ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਇਲਾਕਾ ਵਾਸੀਆਂ ਅਨੁਸਾਰ ਕਾਲਾ ਪੀਲੀਆ, ਬੁਖਾਰ, ਚਮੜੀ ਰੋਗ, ਡੇਂਗੂ ਦੀ ਲਪੇਟ 'ਚ ਆਉਣ ਉਪਰੰਤ ਇਕ ਦਰਜਨ ਤੋਂ ਵੱਧ ਲੋਕ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਕਾਫੀ ਲੋਕ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ। ਪਿਛਲੇ 25 ਦਿਨਾਂ ਤੋਂ ਵਾਟਰ ਤੇ ਸੀਵਰੇਜ ਵਿਭਾਗ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਮੁਸ਼ਕਿਲਾਂ ਦਾ ਹੱਲ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਲੋਕ ਅਫਸਰਸ਼ਾਹੀ ਦੇ ਮਾੜੇ ਰਵੱਈਏ ਤੋਂ ਤੰਗ ਆ ਕੇ ਨਿਗਮ ਦਫਤਰ ਦਾ ਘਿਰਾਓ ਕਰਨ ਦੀ ਤਿਆਰੀ ਵਿਚ ਹਨ। ਲੋਕਾਂ ਦੇ ਨਾਲ ਕਾਂਗਰਸੀ ਕੌਂਸਲਰ ਰਾਜਿੰਦਰ ਸਿੰਘ ਸੈਣੀ ਆਪਣੀ ਹੀ ਸਰਕਾਰ ਦੇ ਰਾਜ 'ਚ ਅਫਸਰਸ਼ਾਹੀ ਦੇ ਮਾੜੇ ਵਤੀਰੇ ਕਰ ਕੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ।

ਜਾਣਕਾਰੀ ਦਿੰਦਿਆਂ ਇਲਾਕਾ ਵਾਸੀਆਂ ਜਸਬੀਰ ਸਿੰਘ, ਚੈਂਚਲ ਸਿੰਘ, ਪਲਵਿੰਦਰ ਸਿੰਘ, ਭੁਪਿੰਦਰ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਅਸ਼ੋਕ ਛੀਨਾ, ਗੁਰਨਾਮ ਸਿੰਘ, ਮੁਖਤਾਰ ਸਿੰਘ, ਜਸਬੀਰ ਕੌਰ ਆਦਿ ਨੇ ਦੱਸਿਆ ਕਿ ਇੰਡਸਟਰੀ ਏਰੀਏ ਦੇ ਸੀਵਰੇਜ ਦੀ ਹੌਦੀ ਟੁੱਟ ਜਾਣ ਤੋਂ ਬਾਅਦ 6 ਨਵੰਬਰ ਤੋਂ ਲਗਾਤਾਰ ਕੈਮੀਕਲ ਵਾਲਾ ਪਾਣੀ ਇਲਾਕੇ 'ਚ ਫੈਲ ਰਿਹਾ ਹੈ ਤੇ ਪੂਰਾ ਇਲਾਕਾ ਬਦਬੂ ਨਾਲ ਭਰ ਗਿਆ ਹੈ। ਕੈਮੀਕਲ ਦੀਆਂ ਪਰਤਾਂ ਨਾਲ ਬਦਬੂਦਾਰ ਪਾਣੀ ਨਾਲ ਇਲਾਕਾ ਵਾਸੀ ਕਈ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ, ਜਿਸ ਨਾਲ ਇਲਾਕੇ ਦੇ ਲੋਕ ਮੌਤ ਦਾ ਸ਼ਿਕਾਰ ਹੋ ਸਕਦੇ ਹਨ। ਨਿਗਮ ਅਧਿਕਾਰੀਆਂ ਨੂੰ ਮੁਸ਼ਕਿਲਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਕਿਸੇ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ, ਜਦਕਿ ਬਦਬੂ 'ਚ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ।

ਇਨਸਾਨ ਤੇ ਜਾਨਵਰ ਹੋ ਰਹੇ ਨੇ ਬੀਮਾਰ
ਇੰਡਸਟਰੀ ਦੇ ਦੂਸ਼ਿਤ ਪਾਣੀ ਨਾਲ ਜਿਥੇ ਲੋਕ ਬੀਮਾਰੀਆਂ ਦੀ ਲਪੇਟ 'ਚ ਆ ਰਹੇ ਹਨ, ਉਥੇ ਗੰਦੇ ਪਾਣੀ ਦੇ ਪੀਣ ਨਾਲ ਗਾਵਾਂ, ਮੱਝਾਂ ਤੇ ਹੋਰ ਜਾਨਵਰ ਵੀ ਬੀਮਾਰ ਹੋ ਰਹੇ ਹਨ। ਦਿਨੋ-ਦਿਨ ਪਾਣੀ ਇਲਾਕੇ 'ਚ ਵੱਧ ਰਿਹਾ ਹੈ। ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਨਹੀਂ ਹੋ ਰਿਹਾ। ਲੋਕਾ ਦਾ ਕਹਿਣਾ ਹੈ ਕਿ ਅਧਿਕਾਰੀ ਕੋਈ ਪੱਲਾ ਨਹੀਂ ਫੜਾ ਰਹੇ, ਉਲਟਾ ਜਵਾਬ ਮਿਲਦਾ ਹੈ ਕਿ ਇੰਡਸਟਰੀ ਦੇ ਪਾਣੀ ਦੀ ਸਪਲਾਈ ਵਾਲੇ ਨਾਲੇ ਦੀ ਸਫਾਈ ਹੋ ਰਹੀ ਹੈ, ਜਿਸ ਕਰ ਕੇ ਪਾਣੀ ਦੀ ਸਹੀ ਨਿਕਾਸੀ ਨਾਲੇ ਵਿਚ ਨਹੀਂ ਹੋ ਸਕਦੀ।

ਰੇਲਵੇ ਲਾਈਨਾਂ ਹੇਠ ਪੁਲੀ 'ਚ ਫੈਲਿਆ ਪਾਣੀ
ਰਸੂਲਪਰ ਕੱਲਰ ਦੇ ਲੋਕਾਂ ਨੂੰ ਵਾਧੂ ਦੇ ਚੱਕਰਾਂ ਤੋਂ ਬਚਾਉਣ ਲਈ ਰੇਲਵੇ ਲਾਈਨਾਂ ਹੇਠ ਵਾਹਨਾਂ 'ਤੇ ਲੋਕਾਂ ਦੇ ਆਉਣ-ਜਾਣ ਲਈ ਬਣਾਈ ਪੁਲੀ 'ਚ ਵੀ ਪਾਣੀ ਭਰਨ ਨਾਲ ਸੜਕ ਨੂੰ ਵੀ ਪਾਣੀ ਨੇ ਘੇਰ ਲਿਆ ਹੈ, ਜਿਸ ਕਰ ਕੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕੈਮੀਕਲ ਦੇ ਗੰਦੇ ਪਾਣੀ ਨਾਲ ਫਸਲਾਂ ਦੀ ਵੀ ਤਬਾਹੀ ਹੋ ਰਹੀ ਹੈ। ਮੁਸ਼ਕਿਲਾਂ ਤੋਂ ਦੁਖੀ ਲੋਕ ਗੁਹਾਰ ਲਾ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ।

ਲੋਕ ਧਰਨਾ ਦੇਣ ਲਈ ਹੋਣਗੇ ਮਜਬੂਰ
ਕੌਂਸਲਰ ਰਾਜਿੰਦਰ ਸਿੰਘ ਸੈਣੀ ਨੇ ਕਿਹਾ ਕਿ ਮੈਂ ਲੋਕਾਂ ਨਾਲ ਖੜ੍ਹਾ ਹਾਂ, ਵਾਰਡ ਵਾਸੀਆਂ ਦਾ ਸੁੱਖ-ਦੁੱਖ ਮੇਰਾ ਆਪਣਾ ਹੈ। ਨਿਗਮ ਦੀ ਅਫਸਰਸ਼ਾਹੀ ਕੌਂਸਲਰਾਂ 'ਤੇ ਹੈਵੀ ਹੈ। ਮੁਸ਼ਕਿਲਾਂ ਦੇ ਹੱਲ ਲਈ ਆਨਾਕਾਨੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਮੇਅਰ, ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਕਰਾਂਗੇ। ਅਧਿਕਾਰੀ ਸੁਣਨ ਨੂੰ ਤਿਆਰ ਨਹੀਂ ਹਨ। ਐੱਸ. ਡੀ. ਓ. ਨੂੰ ਫੋਨ ਕਰਨ ਦੇ ਬਾਵਜੂਦ ਉਹ ਇਲਾਕੇ 'ਚ ਆਉਣ ਨੂੰ ਤਿਆਰ ਨਹੀਂ। ਆਉਣ ਵਾਲੇ ਦਿਨਾਂ 'ਚ ਮੁਸ਼ਕਿਲਾਂ ਦਾ ਹੱਲ ਨਾ ਹੋਇਆ ਤਾਂ ਇਲਾਕਾ ਵਾਸੀਆਂ ਨਾਲ ਅਧਿਕਾਰੀਆਂ ਖਿਲਾਫ ਧਰਨਾ ਦੇਣ ਲਈ ਮਜਬੂਰ ਹੋਵਾਂਗੇ।

ਇਲਾਕੇ ਦੀਆਂ ਮੁਸ਼ਕਿਲਾਂ ਸਬੰਧੀ ਕੌਂਸਲਰ ਨਾਲ ਗੱਲ ਕੀਤੀ ਗਈ ਸੀ, ਇਸ ਸਬੰਧੀ ਐਕਸੀਅਨ ਨੂੰ ਸਮੱਸਿਆਵਾਂ ਦਾ ਹੱਲ ਕੱਢਣ ਲਈ ਤਾਇਨਾਤ ਕੀਤਾ ਗਿਆ ਹੈ। ਐਤਵਾਰ ਦੀ ਛੁੱਟੀ ਤੋਂ ਬਾਅਦ ਅਧਿਕਾਰੀਆਂ ਤੋਂ ਪੂਰੀ ਰਿਪੋਰਟ ਲਈ ਜਾਵੇਗੀ। ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।

Baljeet Kaur

This news is Content Editor Baljeet Kaur