ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਵਿਵਾਦ ਭਖਿਆ, ਚੁਫੇਰਿਓਂ ਵਿਰੋਧ

01/16/2020 1:47:09 PM

ਅੰਮ੍ਰਿਤਸਰ : ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵੇਂ ਡਿਜ਼ਾਈਨ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਸਿੱਖ ਜਥੇਬੰਦੀਆਂ ਸਮੇਤ ਹੋਰਾਂ ਨੇ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਕਾਇਮ ਰੱਖਣ 'ਤੇ ਜ਼ੋਰ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰੇਲਵੇ ਸਟੇਸ਼ਨ ਦੇ ਪ੍ਰਸਤਾਵਿਤ ਡਿਜ਼ਾਈਨ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਦੀ ਇਮਾਰਤ ਕਲਾ ਨੂੰ ਅਣਡਿੱਠ ਕਰਕੇ ਬਣਾਇਆ ਗਿਆ ਮੌਜੂਦਾ ਡਿਜ਼ਾਈਨ ਇੰਝ ਜਾਪਦਾ ਹੈ ਜਿਵੇਂ ਭਾਜਪਾ ਦੇ ਚੋਣ ਨਿਸ਼ਾਨ (ਕਮਲ ਦਾ ਫੁੱਲ) ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅੰਮ੍ਰਿਤਸਰ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਸਿੱਖ ਵਿਰਾਸਤ ਨੂੰ ਅਣਡਿੱਠ ਕਰਕੇ ਤਿਆਰ ਕੀਤਾ ਗਿਆ ਇਹ ਡਿਜ਼ਾਈਨ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ।

ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਨਵੀਂ ਨੁਹਾਰ ਦੇਣ ਸਮੇਂ ਇਸ ਦੇ ਪ੍ਰਵੇਸ਼ ਸਥਾਨ 'ਚੋਂ ਸਿੱਖ ਵਿਰਾਸਤ ਨੂੰ ਮਨਫੀ ਨਾ ਕਰੇ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੇ ਇਤਿਹਾਸਕ ਮਹੱਤਵ ਅਨੁਸਾਰ ਹੀ ਇਹ ਕਾਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਦੀ ਵਿਰਾਸਤ ਦਾ ਪੂਰੇ ਵਿਸ਼ਵ 'ਚ ਆਪਣਾ ਵਿਲੱਖਣ ਸਥਾਨ ਹੈ ਅਤੇ ਸ੍ਰੀ ਅੰਮ੍ਰਿਤਸਰ ਨਗਰੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਰੋਸਾਈ ਹੋਣ ਕਾਰਨ ਇਸ ਦੇ ਜਨਤਕ ਥਾਵਾਂ ਨੂੰ ਸਿੱਖ ਵਿਰਾਸਤ ਅਨੁਸਾਰ ਹੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੇ ਸ਼ਰਧਾਲੂਆਂ ਦੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਆਵਾਜਾਈ ਬਣੀ ਰਹਿੰਦੀ ਹੈ, ਇਸ ਲਈ ਇਸ ਦੀ ਨੁਹਾਰ ਗੁਰੂ ਨਗਰੀ ਦੀ ਵਿਰਾਸਤ ਅਨੁਸਾਰ ਬਣਾਉਣੀ ਜ਼ਰੂਰੀ ਹੈ। ਜਦੋਂ ਵੀ ਕੋਈ ਸ਼ਰਧਾਲੂ ਜਾਂ ਯਾਤਰੀ ਇਥੇ ਆਵੇ ਤਾਂ ਉਸ ਨੂੰ ਪਹਿਲੀ ਝਲਕ ਸ਼ਹਿਰ ਦੇ ਮਹੱਤਵ ਨੂੰ ਦਰਸਾਉਣ ਵਾਲੀ ਮਿਲੇ। ਹਵਾਈ ਅੱਡਾ, ਰੇਲਵੇ ਸਟੇਸ਼ਨ ਅਤੇ ਬੱਸ ਅੱਡਾ ਸਭ ਤੋਂ ਵੱਧ ਆਵਾਜਾਈ ਵਾਲੇ ਸਥਾਨ ਹੋਣ ਕਰਕੇ ਇਥੇ ਸਥਾਪਤ ਕੀਤੇ ਗਏ ਚਿੰਨ੍ਹ ਸ਼ਹਿਰ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਵਾਲੇ ਹੋਣੇ ਚਾਹੀਦੇ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਸਿੱਖ ਭਵਨ ਨਿਰਮਾਣ ਕਲਾ 'ਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ, ਕਿਉਂਕਿ ਇਥੇ ਪੂਰੇ ਵਿਸ਼ਵ ਦੇ ਲੋਕਾਂ ਲਈ ਅਧਿਆਤਮਿਕ ਅਗਵਾਈ ਦੇਣ ਵਾਲੇ ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਹਨ। ਇਸ ਤੋਂ ਇਲਾਵਾ ਕਈ ਸਿੱਖ ਵਿਰਾਸਤ ਨਾਲ ਸਬੰਧਤ ਹੋਰ ਨਿਸ਼ਾਨੀਆਂ ਵੀ ਅੰਮ੍ਰਿਤਸਰ ਦੀ ਸਿੱਖ ਭਵਨ ਨਿਰਮਾਣ ਕਲਾ ਨੂੰ ਪ੍ਰਗਟ ਕਰਦੀਆਂ ਹਨ। ਇਸ ਲਈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਕੋਈ ਅਜਿਹਾ ਚਿੰਨ੍ਹ ਹੀ ਲਗਾਇਆ ਜਾਵੇ, ਜੋ ਇਥੋਂ ਦੇ ਇਤਿਹਾਸ, ਰਵਾਇਤਾਂ ਅਤੇ ਪ੍ਰੰਪਰਾਵਾਂ ਅਨੁਕੂਲ ਹੋਵੇ। ਭਾਈ ਲੌਂਗੋਵਾਲ ਨੇ ਆਖਿਆ ਕਿ ਇਸ ਸਬੰਧ 'ਚ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਨਾਲ ਰਾਬਤਾ ਵੀ ਕੀਤਾ ਜਾਵੇਗਾ।

ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ 'ਚ ਜਨਤਕ ਇਮਾਰਤਾਂ ਇਥੋਂ ਦੀ ਵਿਰਾਸਤ ਦੀ ਦਿੱਖ ਦੇਣ ਵਾਲੀਆਂ ਹੀ ਹੋਣੀਆਂ ਚਾਹੀਦੀਆਂ ਹਨ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਵੀ ਸਿੱਖ ਇਤਿਹਾਸ ਜਾਂ ਵਿਰਾਸਤ ਨਾਲ ਸਬੰਧਤ ਦਿੱਖ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਮਲ ਦੇ ਫੁੱਲ ਵਰਗੀ ਦਿੱਖ ਕਿਸੇ ਹੋਰ ਅਜਿਹੇ ਸੂਬੇ 'ਚ ਤਿਆਰ ਕੀਤੀ ਜਾ ਸਕਦੀ ਹੈ, ਜਿਥੋਂ ਦੀ ਵਿਰਾਸਤ ਇਸ ਦੇ ਅਨੁਕੂਲ ਹੋਵੇ। ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ 'ਚ ਸਿੱਖ ਇਤਾਹਸ, ਵਿਰਾਸਤ ਅਤੇ ਸਭਿਆਚਾਰ ਨਾਲ ਸਬੰਧਤ ਦਿੱਖ ਵਾਲੀਆਂ ਹੀ ਜਨਤਕ ਇਮਾਰਤਾਂ ਹੋਣੀਆਂ ਚਾਹੀਦੀਆਂ ਹਨ। ਰੇਲਵੇ ਸਟੇਸ਼ਨ ਦੀ ਨੁਹਾਰ ਬਦਲਣ ਸਮੇਂ ਇਸ ਦੀ ਵਿਰਾਸਤੀ ਦਿੱਖ ਨੂੰ ਬਹਾਲ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵੀਨੀਕਰਣ ਸ਼ੁਰੂ ਕੀਤਾ ਜਾਵੇ ਪਰ ਵਿਰਾਸਤੀ ਦਿੱਖ ਨਾਲ ਕੋਈ ਛੇੜਛਾੜ ਨਾ ਹੋਵੇ।

ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਦਿੱਖ ਦਾ ਵਿਰੋਧ ਕੀਤਾ। ਵੇਰਕਾ ਨੇ ਕਿਹਾ ਕਿ ਅੰਮ੍ਰਿਤਸਰ ਦੀ ਵਿਰਾਸਤੀ ਦਿੱਖ ਕਾਇਮ ਰਹਿਣੀ ਚਾਹੀਦੀ ਹੈ। ਰੇਲਵੇ ਸਟੇਸ਼ਨ ਦੇ ਬਾਹਰ ਕਮਲ ਦੇ ਫੁੱਲ ਵਰਗੀ ਦਿੱਖ ਦੇਣ ਬਾਰੇ ਉਨ੍ਹਾਂ ਨੇ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਸਮੁੱਚੇ ਦੇਸ਼ 'ਚ ਭਗਵਾਕਰਨ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਫੈਸਲੇ ਦਾ ਲੋਕਾਂ ਦੇ ਸਹਿਯੋਗ ਨਾਲ ਵਿਰੋਧ ਕਰਨਗੀ। ਇਸ ਦੇ ਨਾਲ ਹੀ ਕੈਨੇਡਾ ਦੇ ਦੌਰੇ 'ਤੇ ਗਏ ਹੋਏ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ 26 ਜਨਵਰੀ ਨੂੰ ਉਨ੍ਹਾਂ ਦੀ ਪ੍ਰਧਾਨਗੀ ਵਾਲੀ ਦਿਸ਼ਾ ਕਮੇਟੀ ਦੀ ਬੈਠਕ ਸੱਦੀ ਹੈ। ਇਸ ਬੈਠਕ 'ਚ ਰੇਲਵੇ ਸਟੇਸ਼ਨ ਦੇ ਮਾਮਲੇ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਰੇਲਵੇ ਸਟੇਸ਼ਨ ਦੀ ਨਵੀਂ ਦਿੱਖ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ ਤਾਂ ਇਹ ਇਤਰਾਜ਼ ਬੈਠਕ 'ਚ ਦਰਜ ਕਰਨ ਮਗਰੋਂ ਰੇਲ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਭੇਜੇ ਜਾਣਗੇ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਬਦਲਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਨੂੰ ਨਾ ਬਦਲਿਆ ਜਾਵੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਅੰਮ੍ਰਿਤਸਰ |ਚ ਸਿੱਖ ਤੇ ਪੰਜਾਬੀ ਵਿਰਸੇ ਦੀ ਅਮੀਰ ਵਿਰਾਸਤ ਮੌਜੂਦ ਹੈ ਅਤੇ ਉਹ ਡਿਜ਼ਾਈਨ ਦੇ ਬਾਹਰੀ ਪੱਖ ਤੋਂ ਹੀ ਝਲਕਣੀ ਚਾਹੀਦੀ ਹੈ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਜਸਮੇਰ ਸਿੰਘ ਲਾਛਰੂ,  ਅੰਤ੍ਰਿਮ ਕਮੇਟੀ ਮੈਂਬਰ ਐੱਸ. ਜੀ. ਪੀ. ਸੀ. ਮੌਜੂਦ ਸਨ।

Baljeet Kaur

This news is Content Editor Baljeet Kaur