ਸੱਚਖੰਡ ਦੇ ਰਾਗੀ ਸਿੰਘਾਂ ਨੇ ਮੁੱਖ ਗ੍ਰੰਥੀ ਦੇ ਬਾਅਦ ਪਟਨਾ ਸਾਹਿਬ ਦੇ ਜਥੇਦਾਰ ਖਿਲਾਫ਼ ਖੋਲ੍ਹਿਆ ਮੋਰਚਾ

09/02/2020 2:04:28 PM

ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼੍ਰੋਮਣੀ ਰਾਗੀ ਸਭਾ, ਗੁਰਮਤਿ ਰਾਗੀ ਸਭਾ ਅਤੇ ਯੂ. ਐੱਸ. ਏ. ਦੇ ਰਾਗੀ ਸਿੰਘਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੋਂ ਬਾਅਦ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਖਿਲਾਫ਼ ਮੋਰਚਾ ਖੋਲ ਦਿੱਤਾ ਹੈ। ਅੰਮ੍ਰਿਤਸਰ ਦੇ ਅਜੀਤ ਨਗਰ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਹੋਈ ਇਕੱਤਰਤਾ ਉਪਰੰਤ ਰਾਗੀ ਸਿੰਘਾਂ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਲੋਂ ਕੀਰਤਨ ਕਰਦਿਆਂ ਵਿਚੇ ਰੁਕਵਾ ਦੇਣਾ ਅਤੇ ਰਾਗੀ ਸਿੰਘਾਂ ਨੂੰ ਬੋਲ-ਕੁਬੋਲ ਬੋਲਣ ਦਾ ਮਾਮਲਾ ਲਟਕਿਆ ਪਿਆ ਹੈ, ਜਿਸ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਰਨ 'ਤੇ ਕੋਈ ਇਨਸਾਫ਼ ਨਹੀਂ ਮਿਲਿਆ ਅਤੇ ਹੁਣ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਪਟਨਾ ਸਾਹਿਬ ਵਿਖੇ ਕਥਾ ਕਰਦਿਆਂ ਕਿਹਾ ਹੈ ਕਿ ਰਾਗੀ ਸਿੰਘ ਗਿੱਟਿਆਂ 'ਤੇ ਮੋਬਾਇਲ ਰੱਖ ਕੇ ਕੀਰਤਨ ਕਰਦੇ ਹਨ।

ਇਹ ਵੀ ਪੜ੍ਹੋ : ਪਿੱਠ 'ਚ ਖੁੱਭਾ ਚਾਕੂ ਲੈ ਕੇ ਨੌਜਵਾਨ ਪੁੱਜਾ ਹਸਪਤਾਲ, ਵੇਖ ਡਾਕਟਰਾਂ ਦੇ ਉੱਡੇ ਹੋਸ਼

ਉਨ੍ਹਾਂ ਕਿਹਾ ਕਿ ਗੌਹਰ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਹੀ ਨਹੀਂ ਪਤਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿਸੇ ਵੀ ਰਾਗੀ ਸਿੰਘ ਨੂੰ ਦੇਖ ਕੇ ਕੀਰਤਨ ਕਰਨ ਦੀ ਇਜਾਜ਼ਤ ਨਹੀਂ। ਸਾਰੇ ਰਾਗੀ ਜਥੇ ਜ਼ੁਬਾਨੀ ਗੁਰਬਾਣੀ ਕੀਰਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸੱਚਖੰਡ ਦੇ ਮੁੱਖ ਗ੍ਰੰਥੀ ਦੀ ਮਾਨਸਿਕਤਾ ਅਤੇ ਹੁਣ ਗਿਆਨੀ ਗੌਹਰ ਦੀ ਮਾਨਸਿਕਤਾ 'ਤੇ ਅਫ਼ਸੋਸ ਹੋ ਰਿਹਾ ਹੈ, ਜਿਨ੍ਹਾਂ ਇਹ ਕਿਹਾ ਕਿ ਰਾਗੀ ਸਿੰਘਾਂ ਨੂੰ ਰਿਕਸ਼ਾ ਚਲਾਉਣਾ ਚਾਹੀਦਾ ਹੈ। ਇਸ 'ਤੇ ਜਿਹੜੇ ਬੱਚੇ ਕੀਰਤਨ ਸਿੱਖ ਕੇ ਗੁਰੂ ਸਾਹਿਬ ਅਤੇ ਸੰਗਤ ਦੀ ਸੇਵਾ ਕਰਨਾ ਚਾਹੁੰਦੇ ਹਨ ਉਨ੍ਹਾਂ 'ਤੇ ਕੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਅਸਥਾਨ ਗੁਰੂ ਦੀ ਗੱਲ ਕਰਨ ਲਈ ਬਣੇ ਹਨ ਜਾਂ ਰਾਗੀ ਸਿੰਘਾਂ ਲਈ ਬੋਲ-ਕੁਬੋਲ ਬੋਲਣ ਲਈ । ਜਦੋਂ ਗਿਆਨੀ ਰਣਜੀਤ ਸਿੰਘ ਗੌਹਰ ਅੰਮ੍ਰਿਤਸਰ ਆਉਣਗੇ ਤਾਂ ਉਨ੍ਹਾਂ ਨੂੰ ਇਹ ਪੁੱਛਿਆ ਜਾਵੇਗਾ।

ਇਹ ਵੀ ਪੜ੍ਹੋ : ਪਰਿਵਾਰ ਕਰ ਰਿਹਾ ਸੀ ਵਿਆਹ ਦੀਆਂ ਤਿਆਰੀਆਂ, ਵਾਪਰਿਆ ਅਜਿਹਾ ਭਾਣਾ ਕੇ ਪਲਾਂ 'ਚ ਉੱਜੜ ਗਈਆਂ ਖ਼ੁਸ਼ੀਆਂ

Baljeet Kaur

This news is Content Editor Baljeet Kaur