ਪਾਕਿ ਲਈ ਜਾਸੂਸੀ ਕਰਨ ਵਾਲੇ ਭਾਰਤੀ ਫੌਜੀ ਦੀ ਪਤਨੀ ਦਾ ਵੱਡਾ ਖੁਲਾਸਾ

05/21/2019 2:43:13 PM

ਅੰਮ੍ਰਿਤਸਰ (ਸਫਰ) - ਬੀਤੀ 9 ਮਈ ਨੂੰ ਸ੍ਰੀ ਨਗਰ 'ਚ ਤਾਇਨਾਤ ਅੰਮ੍ਰਿਤਸਰ ਦੇ ਘਰਿੰਡਾ ਥਾਣੇ ਅਧੀਨ ਆਉਂਦੇ ਪਿੰਡ ਮੁਹਾਵਾ ਨਿਵਾਸੀ ਮਲਕੀਤ ਸਿੰਘ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕਰ ਲਿਆ ਸੀ। ਗ੍ਰਿਫਤਾਰੀ ਮਗਰੋਂ ਹੁਣ ਤੱਕ ਦਾ ਵੱਡਾ ਖੁਲਾਸਾ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਮਲਕੀਤ ਸਿੰਘ ਦੀ ਪਤਨੀ ਹਰਿੰਦਰ ਕੌਰ ਨੇ ਕਿਹਾ ਕਿ ਮਲਕੀਤ ਸਿੰਘ ਦੀ ਇਕ 'ਮੈਡਮ' ਨਾਲ ਦੋਸਤੀ ਹੈ, ਜਿਸ ਦਾ 'ਜਲਵਾ' ਆਲੇ-ਦੁਆਲੇ ਦੇ ਪਿੰਡਾਂ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ। ਪਾਕਿਸਤਾਨ ਲਈ ਮਲਕੀਤ ਸਿੰਘ ਨੂੰ ਜਾਸੂਸੀ ਕਰਨ ਲਈ ਹੋ ਸਕਦਾ ਹੈ ਕਿ ਉਸ ਮੈਡਮ ਨੇ ਆਪਣੇ ਪਤੀ ਨਾਲ ਤਾਰ ਜੋੜੇ ਹੋਣ। ਮਲਕੀਤ ਸਿੰਘ ਭਾਵੇਂ ਮੇਰਾ ਪਤੀ ਹੈ ਪਰ ਜੇਕਰ ਉਸ ਨੇ ਗੁਨਾਹ ਕੀਤਾ ਹੈ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਦੀ ਸੱਚਾਈ ਵੀ ਸਾਹਮਣੇ ਆਉਣੀ ਚਾਹੀਦੀ ਹੈ।ਉੱਧਰ, ਸੋਮਵਾਰ ਨੂੰ ਅਦਾਲਤ ਵਿਚ ਮਲਕੀਤ ਸਿੰਘ ਪੁੱਜਣ ਤੋਂ ਪਹਿਲਾਂ ਆਪਣੇ ਡੇਢ ਸਾਲ ਦੇ ਬੇਟੇ ਨਵਤਾਜ ਸਿੰਘ ਦੇ ਗਲੇ ਲੱਗ ਕੇ ਖੂਬ ਰੋਇਆ। ਪਛਤਾਵਾ ਜਿਥੇ ਚਿਹਰੇ 'ਤੇ ਸਾਫ਼ ਵਿਖ ਰਿਹਾ ਸੀ ਉਥੇ ਹੀ ਪਤਨੀ ਨੇ ਕਿਹਾ ਕਿ ਹੁਣ ਰੋਣ ਦਾ ਕੀ ਫਾਇਦਾ, ਜੇਕਰ ਗਲਤੀ ਕੀਤੀ ਹੈ ਤਾਂ ਉਸ ਦੀ ਸਜ਼ਾ ਮਿਲ ਕੇ ਰਹੇਗੀ।

ਹਰ ਪਹਿਲੂ 'ਤੇ ਜਾਂਚ ਹੋਵੇਗੀ : ਡੀ.ਐੱਸ.ਪੀ.
ਡੀ. ਐੱਸ. ਪੀ. ਅਟਾਰੀ ਅਰੁਣ ਸ਼ਰਮਾ ਕਹਿੰਦੇ ਹਨ ਕਿ ਜਾਂਚ ਚੱਲ ਰਹੀ ਹੈ, ਜਿਸ ਦੇ ਹਰ ਪਹਿਲੂ ਦੀ ਜਾਂਚ ਹੋਵੇਗੀ। 'ਮੈਡਮ' ਦਾ ਜੋ ਜ਼ਿਕਰ ਸਾਹਮਣੇ ਆਇਆ ਹੈ, ਉਸ 'ਤੇ ਵੀ ਜਾਂਚ ਹੋਵੇਗੀ। ਦੇਸ਼ ਲਈ ਗ਼ਦਾਰੀ ਅਤੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਹਾਲਾਂਕਿ ਦੋਸ਼ੀ ਫੌਜ ਵਿਚ ਸੀ ਅਤੇ ਪਾਕਿਸਤਾਨ ਦੀ ਸਰਹੱਦ ਦੇ ਲੱਗਦਾ ਉਸ ਦਾ ਪਿੰਡ ਹੈ।  

ਮੁਹਾਵਾ ਪਿੰਡ 'ਚ ਮਲਕੀਤ ਜਦੋਂ 'ਫੌਜੀ' ਬਣਿਆ ਤਾਂ ਵੱਜੇ ਸਨ ਢੋਲ
ਮਲਕੀਤ ਸਿੰਘ ਜਦੋਂ 'ਫੌਜੀ' ਬਣਿਆ ਤੱਦ ਪਿੰਡ 'ਚ ਭਾਈ ਮੰਗਲ ਸਿੰਘ ਨੇ ਲੱਡੂ ਵੰਡੇ ਸਨ ਅਤੇ ਭਰਜਾਈ ਸੁਖਬੀਰ ਕੌਰ ਨੇ ਖੁਸ਼ੀਆਂ ਮਨਾਈਆਂ ਸਨ। ਮਾਂ ਮਨਜੀਤ ਕੌਰ ਬੇਟੇ ਦੇ ਫੌਜੀ ਬਣਨ 'ਤੇ ਕਈ ਦਿਨ ਪਿੰਡ ਦੇ ਗੁਰਦੁਆਰੇ 'ਚ ਦਿਨ-ਰਾਤ ਸੇਵਾ ਕਰਦੀ ਰਹੀ। ਇਹ ਗੱਲ 7 ਸਾਲ ਪਹਿਲਾਂ ਦੀ ਹੈ। 4 ਸਾਲ ਪਹਿਲਾਂ ਜਦੋਂ ਹਰਿੰਦਰ ਕੌਰ ਨਾਲ ਉਸ ਦਾ ਵਿਆਹ ਹੋਇਆ ਸੀ ਤਾਂ ਉਸ ਵਿਆਹ ਦੇ ਕੁੱਝ ਦਿਨ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਉਸ ਦੇ ਪਤੀ ਦੀ ਜ਼ਿੰਦਗੀ 'ਚ ਕੋਈ 'ਮੈਡਮ' ਹੈ। ਬੇਟੇ ਦੇ ਜਨਮ ਦੇ ਬਾਅਦ ਮੈਨੂੰ ਪੱਕਾ ਭਰੋਸਾ ਹੋ ਗਿਆ। ਹੁਣ ਜਦੋਂ ਪਤੀ ਪਾਕਿਸਤਾਨ ਲਈ ਜਾਸੂਸੀ ਦੇ ਇਲਜ਼ਾਮ 'ਚ ਫੜਿਆ ਗਿਆ ਤਾਂ ਉਹ 'ਮੈਡਮ' ਅਤੇ ਉਸ ਦੇ ਵਿਦੇਸ਼ ਰਹਿ ਰਹੇ ਪਤੀ ਤੋਂ ਵੀ ਜਾਂਚ ਕਰਨੀ ਚਾਹੀਦੀ ਹੈ।

ਮੇਰੇ ਲਈ ਦੇਸ਼ ਪਹਿਲਾਂ, ਪਤੀ ਬਾਅਦ 'ਚ : ਹਰਿੰਦਰ ਕੌਰ
ਮਲਕੀਤ ਸਿੰਘ ਦੀ ਪਤਨੀ ਹਰਿੰਦਰ ਕੌਰ ਕਹਿੰਦੀ ਹੈ ਕਿ ਉਹ ਹੈਲਥ ਲੈਬਾਰਟਰੀ 'ਚ ਡੀ.ਐੱਮ.ਐੱਲ.ਟੀ. ਹੈ। ਵਿਆਹ ਨੂੰ ਕਰੀਬ 4 ਸਾਲ ਹੋਏ ਹਨ। ਪਹਿਲਾਂ ਨੌਕਰੀ ਕਰਦੀ ਸੀ। ਡੇਢ ਸਾਲ ਦਾ ਪੁੱਤਰ ਨਵਤਾਜ ਸਿੰਘ ਹੈ। ਪਿਛਲੇ ਕਰੀਬ 1 ਮਹੀਨੇ ਤੋਂ ਮੈਨੂੰ ਪਤੀ ਨੇ ਘਰੋਂ ਕੱਢ ਦਿੱਤਾ ਸੀ। ਪਿੰਡ ਦੇ ਕੋਲ ਰਹਿਣ ਵਾਲੀ 'ਮੈਡਮ' ਦਾ ਸਾਰਾ ਚੱਕਰ ਹੈ। ਉਸ ਮੈਡਮ ਦੀ ਵਜ੍ਹਾ ਨਾਲ ਮੇਰੇ ਘਰ ਵਿਚ 'ਖੁਸ਼ੀ' ਖੁੰਝ ਚੁੱਕੀ ਹੈ। ਮੇਰਾ ਵਿਆਹ ਗੁਰਦੁਆਰੇ ਵਿਚ ਹੋਇਆ ਸੀ, ਮੈਨੂੰ ਖੁਸ਼ੀ ਸੀ ਕਿ ਪਤੀ ਫੌਜੀ ਹੈ ਜੋ ਦੇਸ਼ ਦੀ ਸੇਵਾ ਕਰਦਾ ਹੈ ਪਰ ਹੁਣ ਮੈਂ ਬਹੁਤ ਦੁਖੀ ਹਾਂ। ਮੈਨੂੰ ਅਜਿਹਾ ਪਤੀ ਨਹੀਂ ਚਾਹੀਦਾ ਜੋ ਦੇਸ਼ ਲਈ ਗ਼ਦਾਰੀ ਕਰੇ। ਮੇਰੇ ਲਈ ਦੇਸ਼ ਪਹਿਲਾਂ, ਪਤੀ ਬਾਅਦ 'ਚ ।

ਜਾਸੂਸ ਫੌਜੀ ਦਾ 1 ਦਿਨ ਦਾ ਹੋਰ ਮਿਲਿਆ ਪੁਲਸ ਰਿਮਾਂਡ
ਸੋਮਵਾਰ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਬਲਜਿੰਦਰ ਸਿੰਘ ਦੀ ਅਦਾਲਤ ਨੇ ਮਲਕੀਤ ਸਿੰਘ ਨੂੰ 1 ਦਿਨ ਦੇ ਹੋਰ ਰਿਮਾਂਡ 'ਤੇ ਭੇਜ ਦਿੱਤਾ ਗਿਆ। ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰਨ ਵਾਲੀ ਪੁਲਸ ਵਲੋਂ ਉਸ ਤੋਂ ਬਰਾਮਦ ਫੋਨ ਨੰਬਰਾਂ ਰਾਹੀਂ ਕਈ ਚਿਹਰਿਆਂ ਤੱਕ ਹੁਣ ਤੱਕ ਪਹੁੰਚੀ ਹੈ। ਪੁਲਸ ਦੀ ਦਲੀਲ ਹੈ ਕਿ ਅਜੇ ਮਲਕੀਤ ਸਿੰਘ ਤੋਂ ਹੋਰ ਪੁੱਛਗਿੱਛ ਕਰਨੀ ਹੈ ਕਿ ਪੰਜਾਬ ਵਿਚ ਹੋਰ ਕਿੰਨੇ ਵਿਅਕਤੀ ਉਸ ਦੇ ਨੈੱਟਵਰਕ ਵਿਚ ਹਨ।

rajwinder kaur

This news is Content Editor rajwinder kaur