100 ਸਾਲ ਬਾਅਦ-ਜਲ੍ਹਿਆਂਵਾਲੇ ਬਾਗ ਤੋਂ ਲੈ ਕੇ ਇਸ ਦੌਰ ਦੇ ਡਾਇਰ

04/11/2019 9:44:49 AM

ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਵਰ੍ਹੇਗੰਢ 13 ਅਪ੍ਰੈਲ ਨੂੰ ਆ ਰਹੀ ਹੈ। ਸਾਮਰਾਜ ਵਿਰੋਧੀ ਜਥੇਬੰਦੀਆਂ ਇਸ ਨੂੰ ਆਪਣੇ-ਆਪਣੇ ਢੰਗ ਨਾਲ ਮਨਾ ਰਹੀਆਂ ਹਨ। ਅੱਜ ਇਹ ਸਵਾਲ ਉਠਾਉਣ ਦੀ ਲੋੜ ਹੈ ਕਿ ਕੀ ਅੱਜ ਦਾ ਸਾਮਰਾਜ 1919 ਵਾਲਾ ਹੀ ਹੈ ਜਾਂ ਕੁਝ ਵੱਖਰਾ ਹੈ। ਸਾਮਰਾਜਵਾਦ ਦਾ ਰੂਪ ਸਮੇਂ-ਸਮੇਂ ਬਦਲਦਾ ਰਿਹਾ ਹੈ। ਬਸਤੀਵਾਦ ਦੇ ਯੁੱਗ ਵਿਚ ਬਰਤਾਨਵੀ ਸਾਮਰਾਜ, ਸਰਦਾਰੀ ਦੇ ਸਥਾਨ 'ਤੇ ਸੀ|ਬਸਤੀਵਾਦ ਦੇ ਡਿੱਗ ਜਾਣ ਨਾਲ ਸਾਮਰਾਜਵਾਦ ਨੇ ਇਕ ਨਵਾਂ ਰੂਪ ਅਖਤਿਆਰ ਕਰ ਲਿਆ, ਜਿਸ ਨੂੰ ਨਵ-ਬਸਤੀਵਾਦ ਕਿਹਾ ਗਿਆ। ਅਮਰੀਕੀ ਸਾਮਰਾਜਵਾਦ ਇਸ ਦੀ ਸਰਦਾਰੀ ਦੇ ਸਥਾਨ 'ਤੇ ਆ ਗਿਆ। ਹੁਣ ਭਾਰਤ ਵਰਗੇ ਦੇਸ਼ਾਂ ਦੀਆਂ ਕੰਪਨੀਆਂ ਵੀ ਇਸ ਵਿਚ ਸ਼ਾਮਲ ਹੋ ਗਈਆਂ ਹਨ, ਜਿਸ ਨਾਲ ਇਸ ਦਾ ਰੂਪ ਹੋਰ ਵੀ ਬਦਲ ਗਿਆ ਹੈ। ਉਹ ਦੁਨੀਆ ਦੇ ਕੁੱਲ ਸਰਮਾਏ ਦੇ ਵੱਡੇ ਹਿੱਸੇ ਉੱਤੇ ਕਾਬਜ਼ ਹਨ, ਜਿਸ ਕਾਰਨ ਮਨੁੱਖਤਾ ਦਾ ਵੱਡਾ ਹਿੱਸਾ ਮੰਦਹਾਲੀ ਦੀ ਹਾਲਤ ਵਿਚ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੈ।

ਸਦੀਆਂ ਤੇ ਦਹਾਕਿਆਂ ਦੀ ਲੁੱਟ-ਖਸੁੱਟ ਨਾਲ ਉਨ੍ਹਾਂ ਕੋਲ ਅੰਨ੍ਹਾ ਪੈਸਾ ਇਕੱਠਾ ਹੋ ਗਿਆ ਹੈ। ਪੈਸੇ ਦੇ ਬਲਬੂਤੇ 'ਤੇ ਉਹ ਸਭ ਦੇਸ਼ਾਂ ਦੀ ਆਰਥਿਕਤਾ ਹੀ ਨਹੀਂ, ਸਮੂਹ ਕੁਦਰਤੀ ਸਾਧਨਾਂ (ਮਨੁੱਖਤਾ ਸਮੇਤ) ਉਪਰ ਪੂਰਨ ਕਬਜ਼ਾ ਕਰਨਾ ਚਾਹੁੰਦੇ ਹਨ ਪੂਰੀ ਕੁਦਰਤ ਤੇ ਕੁਦਰਤੀ ਸਾਧਨਾਂ ਉੱਪਰ ਪੂਰਨ ਕਬਜ਼ਾ ਜਮਾਉਣਾ ਇਸ ਦੇ ਇਕ ਨੰਬਰ ਏਜੰਡੇ 'ਤੇ ਹੈ। ਇਸ ਪ੍ਰਕਿਰਿਆ ਦੌਰਾਨ ਕੁਦਰਤ ਦੀ ਤਬਾਹੀ ਦੀ ਉਨ੍ਹਾਂ ਨੂੰ ਭੋਰਾ ਵੀ ਚਿੰਤਾ ਨਹੀਂ। ਇਸ ਵਿਸ਼ਵ-ਵਿਆਪੀ ਸਾਮਰਾਜਵਾਦ ਨੇ ਪੂਰੀ ਮਨੁੱਖਤਾ ਨੂੰ ਇਕ ਖਾਸ ਕਿਸਮ ਦੀ ਗੁਲਾਮੀ ਵਿਚ ਜਕੜ ਰੱਖਿਆ ਹੈ। ਸਾਮਰਾਜਵਾਦ ਦੀਆਂ ਨਵੀਆਂ ਅਲਾਮਤਾਂ ਅਤੇ ਨਵੇਂ ਢੰਗਾਂ ਬਾਰੇ ਕੁਝ ਨੁਕਤੇ ਸਾਂਝੇ ਕਰ ਰਿਹਾ ਹਾਂ।

1. ਨਸਲਵਾਦ, ਜਾਤੀਵਾਦ ਅਤੇ ਫਿਰਕਾਪ੍ਰਸਤੀ 
ਨਸਲਵਾਦ, ਜਾਤੀਵਾਦ ਅਤੇ ਫਿਰਕਾਪ੍ਰਸਤੀ ਸਾਮਰਾਜਵਾਦ ਦਾ ਬਹੁਤ ਪੁਰਾਣਾ ਹਥਿਆਰ ਹੈ | ਸਮੇਂ, ਸਥਾਨ ਅਤੇ ਸਥਿਤੀ ਮੁਤਾਬਕ ਇਹ ਅੱਜ ਵੀ ਵਰਤਿਆ ਜਾ ਰਿਹਾ ਹੈ। ਇਸ ਦਾ ਮੌਜੂਦਾ ਵੱਡਾ ਰੂਪ ਹੈ ਇਸਲਾਮੋ-ਫੋਬੀਆ, ਜਿਸ ਦਾ ਸ਼ਿਕਾਰ ਭਾਰਤ ਸਮੇਤ ਬਹੁਤ ਦੇਸ਼ ਬਣ ਰਹੇ ਹਨ| ਅਮਰੀਕੀ ਸਾਮਰਾਜਵਾਦ ਨੇ ਪਹਿਲਾਂ ਮੁਸਲਿਮ ਅੱਤਵਾਦ ਨੂੰ ਪੈਦਾ ਕੀਤਾ, ਪਾਲਿਆ ਤੇ ਆਪਣੇ ਹਿੱਤਾਂ ਲਈ ਵਰਤਿਆ | ਅੱਜ ਉਸੇ ਅੱਤਵਾਦ ਨੂੰ ਹਊਆ ਬਣਾ ਕੇ ਪੂਰੇ ਇਸਲਾਮ ਨੂੰ ਦੁਨੀਆ ਦਾ ਦੁਸ਼ਮਣ ਦੱਸਿਆ ਜਾ ਰਿਹਾ ਹੈ | ਇਸ ਹਊਏ ਦਾ ਜਨਮਦਾਤਾ ਇਸਰਾਈਲ-ਅਮਰੀਕਨ ਗਠਜੋੜ ਹੈ। ਅਰਬ ਦੇਸ਼ਾਂ ਦਾ ਇਸਰਾਈਲ ਨਾਲ ਵਿਰੋਧ ਜਦ ਇਸਰਾਈਲ ਵਿਰੁੱਧ ਜਾਣ ਲੱਗਾ ਤਾਂ ਬੜੇ ਹੀ ਸ਼ਾਤਿਰ ਤਰੀਕੇ ਨਾਲ ਪਹਿਲਾਂ ਇਸ ਨੂੰ ਅਮਰੀਕਾ ਦੀ ਅਤੇ ਫਿਰ ਪੂਰੇ ਵਿਸ਼ਵ ਦੀ ਸਮੱਸਿਆ ਬਣਾ ਦਿੱਤਾ ਗਿਆ ਹੈ।

2. ਵਾਤਾਵਰਣ ਅਤੇ ਜਲਵਾਯੂ ਪਰਿਵਰਤਨ 
ਆਪਣੇ ਨਿੱਜੀ ਮੁਨਾਫਿਆਂ 'ਤੇ ਕੇਂਦਰਿਤ ਅਤੇ ਕਾਰਪੋਰੇਸ਼ਨਾਂ ਦੇ ਕਬਜ਼ੇ ਵਿਚ ਰਹਿਣ ਵਾਲਾ; ਖੇਤੀ, ਸਨਅਤਾਂ ਅਤੇ ਵਿਕਾਸ ਦਾ ਇਕ ਅਜਿਹਾ ਮਾਡਲ ਵਿਕਸਤ ਕੀਤਾ ਗਿਆ, ਜੋ ਮਨੁੱਖਤਾ, ਵਾਤਾਵਰਣ ਅਤੇ ਕੁਦਰਤ ਦਾ ਵੈਰੀ ਹੈ। ਫਿਰ ਇਸ ਪ੍ਰਦੂਸ਼ਣ ਕਾਰਨ ਹੋ ਰਹੇ ਜਲਵਾਯੂ ਪਰਿਵਰਤਨ ਦਾ ਹਊਆ ਦਿਖਾ ਕੇ ਮਨੁੱਖਤਾ ਨੂੰ ਜਤਾਇਆ ਇਹ ਜਾ ਰਿਹਾ ਹੈ ਕਿ ਮਨੁੱਖਾਂ ਦੀ ਵਧ ਰਹੀ ਗਿਣਤੀ ਇਸ ਲਈ ਜ਼ਿੰਮੇਵਾਰ ਹੈ| ਇਹ ਥੀਸਸ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਧਰਤੀ ਉੱਪਰ ਵੱਧ ਰਹੇ ਕਾਰਬਨ ਡਾਇਆਕਸਾਈਡ ਕਾਰਨ ਜਲਵਾਯੂ ਪਰਿਵਰਤਨ ਹੋ ਰਿਹਾ ਹੈ। ਜਲਵਾਯੂ ਪਰਿਵਰਤਨ ਧਰਤੀ 'ਤੇ ਵਸਦੇ ਜੀਵਨ ਲਈ ਖਤਰਨਾਕ ਹੈ | ਇਸ ਕਰਕੇ ਧਰਤੀ ਦੀ ਆਬਾਦੀ ਘਟਾਈ ਜਾਵੇ |

ਅਨੇਕਾਂ ਵਿਗਿਆਨੀ ਕਹਿ ਰਹੇ ਹਨ ਕਿ ਕਾਰਬਨ ਡਾਇਆਕਸਾਈਡ ਨਾ ਤਾਂ ਜ਼ਹਿਰੀਲੀ ਗੈਸ ਹੈ ਅਤੇ ਨਾ ਹੀ ਇਹ ਕੋਈ ਸਮੱਸਿਆ ਹੈ ਕਿਉਂਕਿ ਪੌਦੇ ਇਸ ਨੂੰ ਵਰਤ ਲੈਂਦੇ ਹਨ-ਉਹ ਕਹਿ ਰਹੇ ਹਨ ਕਿ ਕਾਰਬਨ ਡਾਇਆਕਸਾਈਡ ਵਧਣ ਨਾਲ ਹਰਿਆਲੀ ਹੋਰ ਵਧ ਜਾਵੇਗੀ ਜੋ ਕਿ ਇਸ ਗੈਸ ਨੂੰ ਵਰਦਾਨ ਵਿਚ ਬਦਲ ਦੇਵੇਗੀ। ਇਸ ਗੱਲ ਦੇ ਸਬੂਤ ਵੀ ਮਿਲ ਰਹੇ ਹਨ ਕਿ ਧਰਤੀ 'ਤੇ ਹਰਿਆਲੀ ਵਧ ਰਹੀ ਹੈ| ਖੇਤੀ, ਸਨਅਤਾਂ ਅਤੇ ਵਿਕਾਸ ਦੇ ਉਸ ਮਾਡਲ ਦਾ ਕੋਈ ਜ਼ਿਕਰ ਤੱਕ ਨਹੀਂ, ਜੋ ਹਵਾ-ਪਾਣੀ-ਮਿੱਟੀ ਅਤੇ ਭੋਜਨ-ਲੜੀ ਨੂੰ ਅੱਤ ਦਾ ਜ਼ਹਿਰੀਲਾ ਕਰ ਰਿਹਾ ਹੈ ਅਤੇ ਮਨੁੱਖੀ ਸਿਹਤ ਦਾ ਸਤਿਆਨਾਸ ਕਰ ਰਿਹਾ ਹੈ | ਇਹ ਵੀ ਜ਼ਿਕਰ ਨਹੀਂ ਕਿ ਇਸ ਮਾਡਲ ਦਾ ਅਜਿਹਾ ਬਦਲ ਉਪਲਬਧ ਹੈ ਜੋ ਇਨ੍ਹਾਂ ਨੁਕਸਾਂ ਤੋਂ ਰਹਿਤ ਹੈ ਅਤੇ ਕਈ ਦੇਸ਼ ਤੇਜ਼ੀ ਨਾਲ ਇਹ ਮਾਡਲ ਅਪਣਾ ਰਹੇ ਹਨ | ਜ਼ਿਕਰ ਨਾਂ ਕਰਨ ਦਾ ਕਾਰਨ ਬਹੁਤ ਸਪੱਸ਼ਟ ਹੈ-ਮੌਜੂਦਾ ਮਾਡਲ ਦੇ ਡਿਗਣ ਨਾਲ ਕਾਰਪੋਰੇਟ ਹਿੱਤਾਂ 'ਤੇ ਵੱਡੀ ਸੱਟ ਵੱਜਦੀ ਹੈ |

3. ਲੋਕਾਂ ਦੀ ਚੇਤਨਾ ਨੂੰ ਖੁੰਡਾ ਕਰਨਾ ਅਤੇ ਉਨ੍ਹਾਂ ਦੀ ਜਥੇਬੰਦਕ ਤਾਕਤ ਤਬਾਹ ਕਰਨੀ 
ਤਿੰਨ ਚੀਜ਼ਾਂ ਉਨ੍ਹਾਂ ਦੇ ਏਜੰਡੇ 'ਤੇ ਸਭ ਤੋਂ ਉੱਪਰ ਹਨ-ਲੋਕਾਂ ਦੀ ਆਪਣੇ ਹੱਕਾਂ ਲਈ ਲੜਨ ਦੀ ਸ਼ਕਤੀ ਘਟਾਉਣਾ, ਲੋਕਾਂ ਨੂੰ ਮਾਨਸਿਕ ਤੌਰ 'ਤੇ ਪੰਗੂ ਕਰਨਾ ਅਤੇ ਬੱਚੇ ਪੈਦਾ ਕਰਨ ਦੀ ਸਮਰੱਥਾ ਖਤਮ ਕਰਨਾ। ਅਜਿਹੇ ਢੰਗ-ਤਰੀਕੇ ਲੱਭੇ ਅਤੇ ਵਰਤੇ ਜਾ ਰਹੇ ਹਨ ਜਿਸ ਨਾਲ ਆਮ ਲੋਕਾਂ ਖਾਸ ਕਰ ਕੇ ਤੀਜੀ ਦੁਨੀਆ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਪ੍ਰਜਨਣ ਕਿਰਿਆ ਨੂੰ ਤਬਾਹ ਕੀਤਾ ਜਾਵੇ|

ਡੀ-ਪਾਪੂਲੇਸ਼ਨ ਦਾ ਥੀਸਸ 
ਅਮਰੀਕਨ ਸਾਮਰਾਜ ਦਾ ਵੱਡਾ ਬੁਲਾਰਾ-ਬਿਲ ਗੇਟਸ ਕਈ ਸਾਲਾਂ ਤੋਂ ਕਹਿ ਰਿਹਾ ਹੈ ਕਿ ਧਰਤੀ ਨੂੰ ਬਚਾਉਣ ਲਈ ਦੁਨੀਆ ਦੀ ਆਬਾਦੀ ਘਟਾਉਣੀ ਬੇਹੱਦ ਜ਼ਰੂਰੀ ਹੈ। ਹੁਣ ਤਾਂ ਅਮਰੀਕਾ ਦੇ ਮੁੱਖ ਅਖਬਾਰ ਨਿਊਯਾਰਕ ਟਾਈਮਜ਼ ਨੇ ਆਪਣੇ ਐਡੀਟੋਰੀਅਲ ਵਿਚ ਇਸ ਨੂੰ ਜਗ੍ਹਾ ਦੇ ਕੇ ਇਸ ਸੋਚ ਨੂੰ ਵੱਡੇ ਪੱਧਰ 'ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਉਸ ਦਾ ਲੇਖਕ ਤਾਂ ਇਥੋਂ ਤੱਕ ਚਲਾ ਗਿਆ ਕਿ ਧਰਤੀ ਨੂੰ ਬਚਾਉਣ ਲਈ ਮਨੁੱਖਤਾ ਦਾ ਵੱਡਾ ਹਿੱਸਾ ਵੀ ਖਤਮ ਹੋ ਜਾਵੇ ਤਾਂ ਇਹ ਲਾਭਕਾਰੀ ਹੋਵੇਗਾ | ਆਬਾਦੀ ਕਿਵੇਂ ਘਟਾਈ ਜਾਵੇ? ਭਾਰਤ ਸਮੇਤ ਕੁਝ ਦੇਸ਼ਾਂ ਵਿਚ ਜਬਰੀ ਨਸਬੰਦੀ ਕਰਨ ਦੀ ਮੁਹਿੰਮ ਚਲਾਈ ਗਈ ਪਰ ਲੋਕ-ਰੋਹ ਕਾਰਨ ਬੰਦ ਕਰਨੀ ਪਈ| ਟੀਕਾਕਰਨ ਨਾਲ ਕੀਨੀਆ ਦੀਆਂ 5 ਲੱਖ ਔਰਤਾਂ ਨੂੰ ਬਾਂਝ ਬਣਾਉਣ ਦਾ ਤਜਰਬਾ ਕਾਮਯਾਬੀ ਨਾਲ ਕੀਤਾ ਜਾ ਚੁੱਕਾ ਹੈ। ਤਕਨੀਕ ਵਿਕਸਤ ਕਰ ਲਈ ਗਈ ਹੈ-ਜੋ ਰਸਾਇਣ ਬਾਂਝ ਕਰ ਸਕਦਾ ਹੈ, ਉਸ ਨੂੰ ਟੀਕਾਕਰਨ ਰਾਹੀਂ ਔਰਤਾਂ ਨੂੰ ਦਿੱਤਾ ਜਾ ਸਕਦਾ ਹੈ | ਇਸੇ ਤਰ੍ਹਾਂ ਇਕ ਜੀ. ਐੱਮ. ਮੱਕੀ ਵਿਕਸਤ ਕਰ ਦਿੱਤੀ ਗਈ ਹੈ, ਜੋ ਬਾਂਝਪਨ ਕਰਦੀ ਹੈ। ਹਵਾ-ਪਾਣੀ-ਮਿੱਟੀ ਅਤੇ ਭੋਜਨ ਵਿਚ ਮੌਜੂਦ ਅਨੇਕਾਂ ਜ਼ਹਿਰ ਸਾਡੀ ਪ੍ਰਜਨਣ ਕਿਰਿਆ ਨੂੰ ਤਹਿਸ-ਨਹਿਸ ਕਰ ਰਹੇ ਹਨ, ਜਿਸ ਢੰਗ ਨਾਲ ਟੀਕਾਕਰਨ ਨੂੰ ਪੂਰੀ ਮਨੁੱਖਤਾ ਉੱਪਰ ਜ਼ੋਰ-ਜ਼ਬਰਦਸਤੀ ਠੋਸਿਆ ਜਾ ਰਿਹਾ ਹੈ, ਉਹ ਕਾਫੀ ਸ਼ੱਕੀ ਹੈ| ਇਕ ਸਾਮਰਾਜੀ ਕਾਰਪੋਰੇਸ਼ਨ ਦੇ ਬਣਾਏ ਟੀਕੇ (ਜਿਸ ਦਾ ਤਕਨੀਕ ਉਸ ਦੀ ਇਜਾਰੇਦਾਰੀ ਹੈ), ਪੂਰੇ ਦੇਸ਼ ਨੂੰ ਲਾਉਣੇ ਕਿੰਨੇ ਖ਼ਤਰਨਾਕ ਹੋ ਸਕਦੇ ਹਨ।

ਮਾਨਸਿਕ ਤੌਰ 'ਤੇ ਪੰਗੂ ਕਰਨਾ 
ਤਣਾਅ, ਮਾਨਸਿਕ ਬੀਮਾਰੀਆਂ, ਨਸ਼ੇ, ਸਿੱਖਣ-ਸਮੱਸਿਆਵਾਂ, ਮੰਦਬੁੱਧੀ ਅਤੇ ਆਟਿਜ਼ਮ ਵਰਗੀਆਂ ਅਲਾਮਤਾਂ ਆਮ ਵਰਤਾਰਾ ਬਣ ਗਈਆਂ ਹਨ। ਵਾਤਾਵਰਣ ਵਿਚ ਭਾਰੀ ਧਾਤਾਂ ਅਤੇ ਖੇਤੀ ਰਸਾਇਣ ਸਾਨੂੰ ਮਾਨਸਿਕ ਤੌਰ 'ਤੇ ਵੀ ਪੰਗੂ ਬਣਾ ਰਹੇ ਹਨ। ਅਜਿਹੇ ਰਸਾਇਣ ਲੱਭ ਲਏ ਗਏ ਹਨ, ਜਿਸ ਨਾਲ ਮਨੁੱਖ ਆਮ ਕੰਮ ਤਾਂ ਠੀਕ-ਠਾਕ ਕਰ ਲੈਂਦਾ ਹੈ ਪਰ ਉਹ ਬੌਧਿਕ ਤੌਰ 'ਤੇ ਪੰਗੂ ਹੋ ਜਾਂਦਾ ਹੈ। ਇਨ੍ਹਾਂ ਰਸਾਇਣਾਂ ਨੂੰ ਕਿਸੇ ਵੀ ਉਸ ਵਸਤੂ ਵਿਚ ਮਿਲਾਇਆ ਜਾ ਸਕਦਾ ਹੈ, ਜਿਸ ਉੱਪਰ ਵੱਡੀਆਂ ਕਾਰਪੋਰੇਸ਼ਨਾਂ ਦਾ ਕਬਜ਼ਾ ਹੈ। ਅੱਜ ਅਸੀਂ ਸਾਮਰਾਜੀ ਕਾਰਪੋਰੇਸ਼ਨਾਂ ਦੀਆਂ ਬਣਾਈਆਂ ਅਨੇਕਾਂ ਵਸਤਾਂ ਵਰਤ ਰਹੇ ਹਾਂ। ਟੀਕਾਕਰਨ ਵੀ ਇਕ ਬਹੁਤ ਹੀ ਖ਼ਤਰਨਾਕ ਸਾਮਰਾਜੀ ਹਥਿਆਰ ਹੈ, ਜਿਸ ਨੂੰ ਪੰਗੂ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਟੀਕਾਕਰਨ ਨੂੰ ਬਹੁਤ ਹੀ ਸੂਖਸ਼ਮ ਵਿਗਿਆਨਕ ਸ਼ਬਦਾਵਲੀ ਵਿਚ ਸਜਾ-ਸੰਵਾਰ ਕੇ ਪਰੋਸਿਆ ਜਾ ਰਿਹਾ ਹੈ | ਇਹ ਇਕ ਅਜਿਹਾ ਝੂਠ ਹੈ, ਜਿਸ ਨੂੰ ਸਰਸਰੀ ਦੇਖਿਆਂ ਇਹ ਪਕੜ ਵਿਚ ਨਹੀਂ ਆਉਂਦਾ |

ਜਥੇਬੰਦਕ ਤਾਕਤ ਨੂੰ ਕਮਜ਼ੋਰ ਕਰਨਾ 
ਜਥੇਬੰਦਕ ਤਾਕਤ ਨੂੰ ਕਮਜ਼ੋਰ ਕਰਨ ਲਈ ਵਰਤੇ ਜਾ ਰਹੇ ਢੰਗ-ਤਰੀਕਿਆਂ ਨੂੰ ਅਸੀਂ ਰੋਜ਼ ਹੰਢਾ ਰਹੇ ਹਾਂ। ਕਿਵੇਂ ਅੱਡ-ਅੱਡ ਹਰਬੇ ਵਰਤ ਕੇ ਹਰ ਤਰ੍ਹਾਂ ਦੀਆਂ ਲੋਕਪੱਖੀ ਜਥੇਬੰਦੀਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਜਮਹੂਰੀ ਹੱਕਾਂ ਦੀ ਆਵਾਜ਼ ਕੁਚਲੀ ਜਾ ਰਹੀ ਹੈ। ਜਮਹੂਰੀ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਕਾਰਕੁੰਨਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦੇ ਕਤਲ ਹੋ ਰਹੇ ਹਨ, ਧਾਰਮਿਕ ਜਨੂੰਨ 'ਤੇ ਅਧਾਰਿਤ ਹਿੰਸਾ ਅਤੇ ਕਤਲ ਹੋ ਰਹੇ ਹਨ। 100 ਸਾਲ ਬਾਅਦ ਵੀ ਰੋਲਟ ਐਕਟ ਵਰਗੇ ਕਾਨੂੰਨ ਜਮਹੂਰੀ ਹੱਕਾਂ ਨੂੰ ਦਬਾਉਣ ਲਈ ਵਰਤੇ ਜਾ ਰਹੇ ਹਨ।

ਅੱਜ ਜਦ ਅਸੀਂ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਮਨਾ ਰਹੇ ਹਾਂ ਤਾਂ ਸਾਨੂੰ ਇਸ ਮੌਕੇ ਨੂੰ ਸਾਮਰਾਜਵਾਦ ਦੀ ਸਮਝ ਹੋਰ ਡੂੰਘੀ ਕਰਨ ਦੀ ਲੋੜ ਹੈ ਤਾਂ ਕਿ ਇਸ ਵਿਰੁੱਧ ਲੜਾਈ ਅਸਰਦਾਇਕ ਢੰਗ ਨਾਲ ਲੜੀ ਜਾ ਸਕੇ।

Baljeet Kaur

This news is Content Editor Baljeet Kaur